5 Dariya News

ਫਰੀਦਕੋਟ ਅਤੇ ਕੋਟਕਪੂਰਾ ਦੇ ਪੱਤਰਕਾਰਾਂ ਨੇ ਮਨਾਇਆ ਰਾਸ਼ਟਰੀ ਪ੍ਰੈਸ ਦਿਵਸ

ਡੀਪੀਆਰਓ ਫਰੀਦਕੋਟ ਨੇ ਖਬਰ ਨੂੰ ਪੁਸ਼ਟੀ ਕਰਕੇ ਜਾਰੀ ਕਰਨ ਤੇ ਦਿੱਤਾ ਜੋਰ

5 Dariya News

ਫਰੀਦਕੋਟ 16-Nov-2023

ਅੱਜ ਰਾਸ਼ਟਰੀ ਪ੍ਰੈਸ ਦਿਵਸ ਮੌਕੇ ਫਰੀਦਕੋਟ ਅਤੇ ਕੋਟਕਪੂਰਾ ਦੇ ਪੱਤਰਕਾਰ ਭਾਈਚਾਰੇ ਵਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਸੋਸ਼ਲ ਮੀਡੀਆ ਦੇ ਦੌਰ ਵਿਚ ਪੱਤਰਕਾਰੀ ਦੇ ਬਦਲ ਰਹੇ ਰੁਝਾਨ, ਸਵਰੂਪ ਅਤੇ ਨਵੀਆਂ ਤਕਨੀਕਾਂ ਦੇ ਚੱਲਣ ਬਾਰੇ ਵਿਚਾਰ-ਵਟਾਂਦਰਾ ਕੀਤਾ। ਕੋਟਕਪੂਰਾ ਵਿਖੇ ਪੱਤਰਕਾਰ ਭਾਈਚਾਰੇ ਨਾਲ ਗੱਲਬਾਤ ਕਰਦਿਆਂ ਡੀਪੀਆਰਓ ਸ. ਗੁਰਦੀਪ ਸਿੰਘ ਮਾਨ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਜਦੋਂ ਇੰਟਰਨੈਟ ਦੀ ਸਪੀਡ ਬਹੁਤ ਜਿਆਦਾ ਵਧ ਗਈ ਹੈ ਤਾਂ ਸਮੇਂ ਦੀ ਘਾਟ ਕਰਕੇ ਖਬਰ ਦੀ ਸਟੀਕਤਾ ਅਤੇ ਪ੍ਰਮਾਣਿਕਤਾ ਤੇ ਤਵੱਜੋ ਵੱਧ ਦਿੱਤੀ ਜਾਵੇ।

ਗੁਡਮਰਨਿੰਗ ਵੈਲਫੇਅਰ ਕਲੱਬ ਦੇ ਮੰਚ ਤੇ ਮਿਊਂਸੀਪਲ ਪਾਰਕ ਕੋਟਕਪੂਰਾ ਵਿਖੇ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਚਾਨਾ ਅਤੇ ਚੇਅਰਮੈਨ ਗੁਰਿੰਦਰ ਸਿੰਘ ਮਹਿੰਦੀਰੱਤਾ ਦੀ ਅਗਵਾਈ ਹੇਠ ਕਰਵਾਏ ਗਏ ਸਾਦੇ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਪੱਤਰਕਾਰਤਾ ਨਾਲ ਸਬੰਧ ਰੱਖਣ ਵਾਲੀਆਂ ਵੱਖ-ਵੱਖ ਸੰਸਥਾਵਾਂ, ਯੂਨੀਅਨਾਂ, ਐਸੋਸੀਏਸ਼ਨਾਂ ਅਤੇ ਕਲੱਬਾਂ ਨੁਮਾਇੰਦਿਆ ਨੇ ਪੱਤਰਕਾਰੀ ਦੇ ਜੁੰਮੇਵਾਰੀ ਵਾਲੇ ਅਹਿਮ ਨੁਕਤੇ ਸਾਂਝੇ ਕੀਤੇ।ਉਨ੍ਹਾਂ ਦੱਸਿਆ ਕਿ ਆਪਣੀ ਜਾਨ ਜੋਖਮ ਵਿਚ ਪਾ ਕੇ ਪੱਤਰਕਾਰੀ ਦੇ ਫਰਜ ਨਿਭਾਉਣ ਵਾਲੇ ਪੱਤਰਕਾਰ ਸਮੂਹ ਭਾਈਚਾਰੇ ਦਾ ਨਾਮ ਰੌਸ਼ਨ ਕਰ ਰਹੇ ਹਨ।

ਵੱਖ-ਵੱਖ ਬੁਲਾਰਿਆਂ ਨੇ ਪੁਰਾਤਨ ਅਤੇ ਵਰਤਮਾਨ ਪੱਤਰਕਾਰੀ ਦੇ ਖੇਤਰ ਚ ਆਈਆਂ ਤਬਦੀਲੀਆਂ ਬਾਰੇ ਵੀ ਵਿਸਥਾਰ ਚ ਵਿਚਾਰ-ਚਰਚਾ ਕੀਤੀ। ਇਸੇ ਤਰ੍ਹਾਂ ਇਲੈਕਟ੍ਰਾਨਿਕ ਮੀਡੀਆ ਵੈਲਫੇਅਰ ਐਸੋਸੀਏਸ਼ਨ ਫਰੀਦਕੋਟ ਦੀ ਅਹਿਮ ਇਕੱਤਰਤਾ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਰੋਮਾਣਾ ਦੀ ਅਗਵਾਈ ਹੇਠ ਫਰੀਦਕੋਟ ਵਿਖੇ ਹੋਈ ਜਿਸ ਵਿਚ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਤੋਂ ਇਲਾਵਾ ਸੀਨੀਅਰ ਪੱਤਰਕਾਰ ਜਸਵੰਤ ਪੁਰਬਾ ਵੀ ਸ਼ਾਮਲ ਹੋਏ।

ਇਸ ਮੌਕੇ ਇਲੈਕਟ੍ਰੋਨਿਕ ਮੀਡੀਆ ਵੇਲਫੇਅਰ ਐਸੋਸੀਏਸ਼ਨ ਫਰੀਦਕੋਟ ਵੱਲੋਂ ਵਿਸ਼ਵ ਪੱਤਰਕਾਰਤਾ ਦਿਵਸ ਦੀ ਸਮੂਹ ਪੱਤਰਕਾਰ ਭਾਈਚਾਰੇ ਨੂੰ ਵਧਾਈ ਦਿਤੀ ਗਈ। ਇਸ ਮੌਕੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਸੰਬੋਧਿਤ ਹੁੰਦਿਆ ਕਲੱਬ ਦੇ ਸਰਪ੍ਰਸਤ ਅਮਨਦੀਪ ਲੱਕੀ ਅਤੇ ਚੇਅਰਮੈਨ ਪ੍ਰੇਮ ਪਾਸੀ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਨਿਰਪੱਖ ਪੱਤਰਕਾਰਤਾ ਦੀ ਬਹੁਤ ਲੋੜ ਹੈ। ਉਨ੍ਹਾਂ ਦੱਸਿਆ ਕਿ ਪ੍ਰੈਸ ਦੀ ਅਹਮੀਅਦ ਅੱਜ ਵੀ ਉਨੀ ਹੀ ਵੱਡਮੁੱਲੀ ਹੈ ਜਿਨਾ ਕਿ ਕੁਝ ਸਮਾਂ ਪਹਿਲਾਂ ਹੁੰਦੀ ਸੀ।

ਉਨ੍ਹਾ ਨੇ ਮੀਡੀਆ ਵਿਚ ਆ ਰਹੀਆਂ ਤਬਦੀਲੀਆਂ ਬਾਰੇ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਕਿ ਮੀਡੀਆ ਦਾ ਰੋਲ ਹਰ ਦੌਰ ਵਿਚ ਹੀ ਅਹਿਮ ਰਿਹਾ ਹੈ ਅਤੇ ਰਹੇਗਾ। ਜਦੋਂ ਇੰਟਰਨੈਟ ਦੀ ਸਪੀਡ  ਘੱਟ ਸੀ, ਉਸ ਦੌਰ ਦੀ ਪੱਰਤਕਾਰਤਾ ਦੀ ਤੁਲਨਾ ਕਰਦਿਆਂ ਉਨ੍ਹਾਂ ਦੱਸਿਆ ਕਿ ਹੁਣ ਖਬਰਾਂ ਦੀ ਤੇਜ ਗਤੀ ਦੀ ਚਲਦਿਆਂ ਤੁਰੰਤ ਪ੍ਰਭਾਵ ਨਾਲ ਖਬਰਾਂ ਨੂੰ ਨਸ਼ਰ ਕਰਨ ਦਾ ਦੌਰ ਹੈ। ਇਸ ਤੇਜੀ ਦੇ ਚਲਦਿਆਂ ਕਈ ਵਾਰ ਕਾਹਲ ਵਿਚ ਗਲਤ ਖਬਰ ਵੀ ਪ੍ਰਕਾਸ਼ਿਤ ਹੋਣ ਦਾ ਡਰ ਬਣਿਆਂ ਰਹਿੰਦਾ ਹੈ।

ਇਸ ਲਈ ਪੁਰਾਣੇ ਅਤੇ ਤਜਰਬੇਕਾਰ ਪੱਤਰਕਾਰਾਂ ਦੇ ਇਸ ਸੰਦਰਭ ਵਿਚ ਨਵੇਂ ਪੱਤਰਕਾਰਾਂ ਨੂੰ ਦਿਸ਼ਾ-ਨਿਰਦੇਸ਼ ਦੇਣ ਦਿ ਜੁੰਮੇਵਾਰੀ ਅਹਿਮ ਹੋ ਜਾਂਦੀ ਹੈ। ਪੱਤਰਾਕਾਰਾਂ ਦੀ ਇਕੱਤਰਤਾ ਦੌਰਾਨ ਜਿਥੇ ਪ੍ਰੈਸ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਤੇ ਵਿਚਾਰ-ਚਰਚਾ ਕੀਤੀ ਗਈ, ਉਥੇ ਨਾਲ ਹੀ ਸਮਾਜ ਵਿਚ ਮੀਡੀਆ ਦੇ ਅਕਸ਼ ਨੂੰ ਸੁਧਾਰਨ ਤੇ ਵੀ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਪੱਤਰਕਾਰਿਤਾ ਇਕ ਧੰਦਾ ਨਹੀਂ ਹੈ ਬਲਕਿ ਲੋਕਾਂ ਲਈ ਜਾਣਕਾਰੀ ਅਤੇ ਰਾਹ-ਦਸੇਰਾ ਦਾ ਕੰਮ ਕਰਦਾ ਹੈ।

ਉਹਨਾਂ ਕਿਹਾ ਕਿ ਸਮੂਹ ਪੱਤਰਕਾਰ ਭਾਈਚਾਰੇ ਨੂੰ ਇਕਜੁੱਟ ਹੋ ਕੇ ਸਮਾਜ ਵਿਚ ਫੈਲੀਆ ਕੁਰੀਤੀਆਂ ਨੂੰ ਉਜਾਗਰ ਕਰਨਾਂ ਚਾਹੀਦਾ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਜੀਤ ਰੋਮਾਣਾਂ ਨੇ ਜਿੱਥੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਵਿਸ਼ਵ ਪੱਤਰਕਾਰਤਾ ਦਿਵਸ ਦੀ ਵਧਾਈ ਦਿੱਤੀ ਉਥੇ ਹੀ ਉਹਨਾਂ ਮੀਟਿੰਗ ਵਿਚ ਸ਼ਾਮਲ ਸਾਰੇ ਪੱਤਰਕਾਰ ਵੀਰਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਸੁਖਜਿੰਦਰ ਸਹੋਤਾ, ਸੂਰਜ ਪ੍ਰਕਾਸ਼, ਦੇਵਾ ਨੰਦ ਸ਼ਰਮਾਂ, ਗਗਨਦੀਪ ਸਿੰਘ ,ਮਨਪ੍ਰੀਤ ਮਨੀ, ਗੁਰਿੰਦਰ ਸਿੰਘ ਮਹਿੰਦੀਰੱਤਾ, ਮੋਹਰ ਸਿੰਘ ਗਿੱਲ, ਅਮਿਤ ਸ਼ਰਮਾ, ਗੁਰਪ੍ਰੀਤ ਸਿੰਘ ਔਲਖ, ਵਰਿੰਦਰਪਾਲ ਸਿੰਘ ਤਰਸੇਮ ਬਿੱਟਾ, ਗੁਰਮੀਤ ਸਿੰਘ ਮੀਤਾ, ਸੁਨੀਲ ਜਿੰਦਲ, ਕੇਸੀ ਸੰਝੇ, ਬਲਜਿੰਦਰ ਬੱਲੀ, ਮਲਕੀਤ ਸਿੰਘ, ਚੰਦਰਗਰਗ ਹਾਜਰ ਸਨ।