5 Dariya News

ਸਕੂਨ ਦਾ ਸੰਦੇਸ਼ ਦਿੰਦੇ ਹੋਏ 76ਵਾਂ ਨਿਰੰਕਾਰੀ ਸੰਤ ਸਮਾਗਮ ਸਫਲਤਾਪੂਰਵਕ ਸੰਪੰਨ

ਪ੍ਰੇਮ ਦਾ ਭਾਵ ਅਪਨਾਉਣ ਨਾਲ ਹੀ ਸਕੂਨਮਈ ਹੋਵੇਗਾ ਕੁੱਲ ਸੰਸਾਰ

5 Dariya News

ਪੰਚਕੂਲਾ 31-Oct-2023

ਟ੍ਰਾਈਸਿਟੀ ਤੋਂ 76ਵੇਂ ਨਿਰੰਕਾਰੀ ਸੰਤ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਪਰਮਾਤਮਾ ਦੇ ਸਰੂਪ ਨੂੰ ਹਰ ਕਿਸੇ ਵਿੱਚ ਦੇਖ ਕੇ ਅਤੇ ਸਭ ਨਾਲ ਪ੍ਰੇਮ ਦਾ ਭਾਵ ਅਪਨਾਉਣ ਨਾਲ ਹੀ  ਕੁੱਲ ਸੰਸਾਰ ਸਕੂਨਮਈ  ਹੋਵੇਗਾ ਹੋ ਸਕਦਾ ਹੈ। ਇਹ ਪ੍ਰਵਚਨ  ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ 76ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੇ ਸਮਾਪਤੀ ਸਮਾਰੋਹ  ਦੌਰਾਨ ਹਾਜ਼ਰ ਵਿਸ਼ਾਲ ਮਾਨਵ ਪਰਿਵਾਰ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। 

ਇਹ ਰੂਹਾਨੀ ਸੰਤ ਸਮਾਗਮ ਨਿਰੰਕਾਰੀ ਅਧਿਆਤਮਿਕ ਸਥੱਲ  ਸਮਾਲਖਾ (ਹਰਿਆਣਾ) ਵਿਖੇ ਪਿਛਲੇ ਤਿੰਨ ਦਿਨਾਂ ਤੋਂ ਆਨੰਦਮਈ ਵਾਤਾਵਰਨ ਨਾਲ ਭਰਭੂਰ ਸਫਲਤਾਪੂਰਵਕ ਸਮਾਪਤ ਹੋਇਆ। ਹਰਿਆਣਾ ਦੇ ਮਾਨਯੋਗ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਸਮੂਹ ਨਿਰੰਕਾਰੀ ਸ਼ਰਧਾਲੂਆਂ ਨੂੰ ਸਮਾਗਮ ਦੀ ਮੁਬਾਰਕਬਾਦ ਦਿੱਤੀ | ਉਨ੍ਹਾਂ ਮਿਸ਼ਨ ਵੱਲੋਂ ਸਮੇਂ-ਸਮੇਂ 'ਤੇ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।

ਸਤਿਗੁਰੂ ਮਾਤਾ ਜੀ ਨੇ ਅੱਗੇ ਫਰਮਾਇਆ  ਕਿ ਸੰਸਾਰ ਵਿੱਚ ਦੇਖਣ ਵਾਲੀ ਬਹੁਪੱਖੀ ਕੁਦਰਤੀ ਅਤੇ ਸੱਭਿਆਚਾਰਕ ਵਿਭਿੰਨਤਾ ਇਸ ਦੀ ਸੁੰਦਰਤਾ ਦਾ ਪ੍ਰਤੀਕ ਹੈ। ਇਸ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਕੇਵਲ ਇੱਕ ਨਿਰੰਕਾਰ  ਪ੍ਰਮਾਤਮਾ ਹੈ ਅਤੇ ਉਸਦਾ ਪ੍ਰਤੀਬਿੰਬ ਤੇ ਉਸਦਾ ਪ੍ਰਕਾਸ਼ ਸਭ ਦੇ ਅੰਦਰ ਮੌਜੂਦ ਹੈ। ਜਦੋਂ ਅਸੀਂ ਇਸ ਪਰਮਾਤਮਾ ਨੂੰ ਹਰ ਕਿਸੇ ਦੇ ਅੰਦਰ ਮੌਜੂਦ ਦੇਖਦੇ ਹਾਂ, ਤਾਂ ਅਸੀਂ ਕੁਦਰਤੀ ਤੌਰ 'ਤੇ ਏਕਤਾ ਦੇ ਧਾਗੇ ਵਿਚ ਪਰੋਏ ਜਾਂਦੇ ਹਾਂ ਅਤੇ ਸਾਡੀ ਦ੍ਰਿਸ਼ਟੀ ਵਿਸ਼ਾਲ ਬਣ ਜਾਂਦੀ ਹੈ। ਫਿਰ ਅਸੀਂ ਸੱਭਿਆਚਾਰ, ਖਾਣ-ਪੀਣ ਜਾਂ ਹੋਰ ਵਖਰੇਵਿਆਂ ਕਾਰਨ ਪੈਦਾ ਹੋਈ ਊਚ-ਨੀਚ ਦੀ ਭਾਵਨਾ ਤੋਂ ਦੂਰ  ਚਲੇ ਜਾਂਦੇ ਹਾਂ ਤੇ ਹਰ ਕਿਸੇ ਵਿੱਚ ਇਸ ਨਿਰੰਕਾਰ ਪਰਮਾਤਮਾ ਦੀ ਜੋਤ ਦੇਖ ਕੇ ਸਭ ਨਾਲ  ਪਿਆਰ ਕਰਨਾ ਸ਼ੁਰੂ ਕਰ ਦਿੰਦੇ ਹਾਂ। 

ਸਤਿਗੁਰੂ ਮਾਤਾ ਜੀ ਨੇ ਅੱਗੇ ਫਰਮਾਇਆ ਕਿ ਇਸ ਸੰਤ ਸਮਾਗਮ ਤੋਂ ਜੋ ਸਕੂਨ ਅਤੇ ਅਲੌਕਿਕ ਆਨੰਦ ਸਭ ਨੂੰ ਪ੍ਰਾਪਤ ਹੋਇਆ ਹੈ, ਉਸ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ ਅਤੇ ਇਸ ਨੂੰ ਹਰ ਮਾਨਵ ਤੱਕ ਫੈਲਾਉਣਾ ਚਾਹੀਦਾ ਹੈ। ਸੰਤ ਸਮਾਗਮ ਦੇ ਤੀਸਰੇ  ਦਿਨ ਕਮੇਟੀ ਦੇ ਕੋਆਰਡੀਨੇਟਰ  ਸ਼੍ਰੀ ਜੋਗਿੰਦਰ ਸੁਖੀਜਾ ਜੀ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਜੀ ਦਾ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਤਹਿ ਦਿਲੋਂ ਧੰਨਵਾਦ ਕੀਤਾ ,ਕਿਉਂਕਿ ਉਨ੍ਹਾ ਦੇ ਅਸ਼ੀਰਵਾਦ ਸਦਕਾ ਹੀ ਇਹ ਸਮਾਗਮ ਸਫਲਤਾਪੂਰਵਕ ਸੰਪੰਨ ਹੋਇਆ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ  ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਦਿੱਤੇ ਵੱਡਮੁੱਲੇ ਸਹਿਯੋਗ ਲਈ ਵੀ ਧੰਨਵਾਦ ਕੀਤਾ।

ਬਹੁਭਾਸ਼ੀ ਕਵੀ ਦਰਬਾਰ :

ਸਮਾਗਮ ਦੇ ਤੀਸਰੇ  ਦਿਨ  ‘ਸਕੂਨ-ਅੰਤਰਮਨ ਦਾ ’ ਸਿਰਲੇਖ ਤਹਿਤ ਬਹੁ-ਭਾਸ਼ੀ ਕਵੀ ਦਰਬਾਰ ਸਮੂਹ ਸੰਗਤਾਂ ਲਈ ਖਿੱਚ ਦਾ ਕੇਂਦਰ ਰਿਹਾ। ਇਸ ਕਵੀ ਦਰਬਾਰ ਵਿੱਚ ਦੇਸ਼-ਵਿਦੇਸ਼ ਦੇ ਲਗਭਗ 25 ਕਵੀਆਂ ਨੇ ਹਿੰਦੀ, ਪੰਜਾਬੀ, ਉਰਦੂ, ਨੇਪਾਲੀ, ਮਰਾਠੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਆਪਣੀਆਂ ਕਵਿਤਾਵਾਂ ਰਾਹੀਂ  ਰੂਹਾਨੀਅਤ ਦੇ ਖ਼ੂਬਸੂਰਤ ਭਾਵ ਪੇਸ਼ ਕੀਤੇ। ਜਿਕਰਯੋਗ  ਹੈ ਕਿ ਇਸ ਸਾਲ ਸਮਾਗਮ ਦੇ ਪਹਿਲੇ ਦਿਨ ਬਾਲ ਕਵੀ ਦਰਬਾਰ ਅਤੇ ਦੂਜੇ ਦਿਨ ਮਹਿਲਾ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ਦਾ ਸਮੂਹ ਸੰਗਤਾਂ ਨੇ ਭਰਪੂਰ ਆਨੰਦ ਮਾਣਿਆ।