5 Dariya News

ਵਸੁਦੇਵ ਕਟੁੰਬਕਮ ਦਾ ਅਨੋਖਾ ਦ੍ਰਿਸ਼ - 76ਵਾਂ ਨਿਰੰਕਾਰੀ ਸੰਤ ਸਮਾਗਮ

ਸਕੂਨ ਨਾਲ ਭਰਪੂਰ ਜੀਵਨ ਜਿਉਣ ਲਈ ਪ੍ਰਮਾਤਮਾ ਦੇ ਸ਼ੁਕਰਗੁਜਾਰ ਰਹੋ - ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

5 Dariya News

ਸਮਾਲਖਾ 30-Oct-2023

"ਜੇਕਰ ਅਸੀਂ ਸ਼ਾਂਤੀਪੂਰਨ ਜੀਵਨ ਬਤੀਤ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਪ੍ਰਮਾਤਮਾ ਨੂੰ ਜਾਣਨਾ ਚਾਹੀਦਾ ਹੈ ਅਤੇ ਉਸ ਪ੍ਰਤੀ ਸ਼ੁਕਰਗੁਜਾਰੀ ਦੀ ਭਾਵਨਾ ਰੱਖਣੀ ਚਾਹੀਦੀ ਹੈ। ਇਹ ਪ੍ਰਵਚਨ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ 76ਵੇਂ ਸਲਾਨਾ ਨਿਰੰਕਾਰੀ ਸੰਤ ਸਮਾਗਮ ਦੇ ਦੂਜੇ ਦਿਨ ਸਮੂਹ ਸੰਗਤ ਨੂੰ ਫਰਮਾਉਂਦੇ ਹੋਏ ਕਹੇ ।

ਸੰਤ ਸਮਾਗਮ ਵਿੱਚ ਵੱਖ-ਵੱਖ ਸੱਭਿਆਚਾਰਕ ਪਿਛੋਕੜ ਵਾਲੇ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂਆਂ ਨੇ ਸਮਾਲਖਾ ਸਥਿਤ ਨਿਰੰਕਾਰੀ ਅਧਿਆਤਮਿਕ ਸਥੱਲ ਵਿਖੇ  ਸਰਬ ਸਾਂਝੀਵਾਲਤਾ ਅਤੇ ਵਸੁਦੇਵ ਕਟੁੰਬਕਮ  ਦੇ ਅਨੋਖੇ ਨਜਾਰੇ ਦਾ ਆਨੰਦ ਪ੍ਰਾਪਤ ਕੀਤਾ। ਇਸ ਸਮਾਗਮ ਵਿੱਚ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ।ਚੰਡੀਗੜ੍ਹ ਤੋਂ ਇਸ ਸਮਾਗਮ ਵਿੱਚ ਬੱਚਿਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਦਾ ਸਮੂਹ ਸੰਗਤਾਂ ਨੇ ਆਨੰਦ ਮਾਣਿਆ।

ਸਤਿਗੁਰੂ ਮਾਤਾ ਜੀ ਨੇ ਫੁਰਮਾਇਆ ਕਿ ਜੇਕਰ ਅਸੀਂ ਇਸ ਨੂੰ ਵਿਗਿਆਨਕ ਨਜ਼ਰੀਏ ਤੋਂ ਦੇਖੀਏ ਤਾਂ ਸਾਡੇ ਦਿਮਾਗ ਦਾ ਉਹੀ ਹਿੱਸਾ ਧੰਨਵਾਦ ਦੀ ਭਾਵਨਾ ਪੈਦਾ ਕਰਦਾ ਹੈ ਅਤੇ ਉਹੀ ਹਿੱਸਾ ਚਿੰਤਾ ਦੀ ਭਾਵਨਾ ਵੀ ਦਿਖਾਉਂਦਾ ਹੈ। ਹੁਣ ਇਹ ਸਾਡੀ ਪਸੰਦ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਕਿਹੜੀ ਭਾਵਨਾ ਅਪਣਾਉਂਦੇ ਹਾਂ।

ਜੇਕਰ ਅਸੀਂ ਸ਼ੁਕਰਗੁਜਾਰੀ ਦੀ ਭਾਵਨਾ ਨੂੰ ਆਪਣੇ ਜੀਵਨ ਵਿੱਚ ਲਗਾਤਾਰ ਅਪਣਾਉਂਦੇ ਰਹੀਏ, ਤਾਂ ਯਕੀਨਨ ਸਾਡੇ ਮਨ ਵਿੱਚ ਚੱਲ ਰਹੀ ਉਥਲ-ਪੁਥਲ ਹੌਲੀ-ਹੌਲੀ ਆਪਣੇ ਆਪ ਦੂਰ ਹੋ ਜਾਵੇਗੀ ਅਤੇ ਉਸ ਦੀ ਥਾਂ ਅੰਤਰਮਨ ਵਿੱਚ ਕੇਵਲ ਸਕੂਨ ਵੱਸੇਗਾ। ਸਤਿਗੁਰੂ ਮਾਤਾ ਜੀ ਨੇ ਅੱਗੇ ਫਰਮਾਇਆ  ਕਿ ਅਸੀਂ ਸਮਾਜ ਅਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਭਗਤੀ ਕਰਨੀ ਹੈ।

ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਅੱਖਾਂ ਬੰਦ ਕਰਕੇ ਚੱਲੀਏ, ਸਗੋਂ ਅੱਖਾਂ ਖੋਲ ਕੇ  ਸਾਨੂੰ ਹਮੇਸ਼ਾ ਸੁਚੇਤ ਰਹਿਣਾ ਪਵੇਗਾ ਅਤੇ ਆਪਣੇ ਫਰਜ਼ ਨਿਭਾਉਣੇ ਪੈਣਗੇ। ਜਦੋਂ ਅਸੀਂ ਹਰ ਅਨੁਕੂਲ ਜਾਂ ਪ੍ਰਤੀਕੂਲ ਸਥਿਤੀ ਵਿੱਚ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਰਹਾਂਗੇ, ਤਾਂ ਯਕੀਨੀ ਤੌਰ 'ਤੇ ਸਾਡੇ ਮਨ ਵਿੱਚ ਸਕੂਨ ਆ ਜਾਵੇਗਾ ਅਤੇ ਅਸੀਂ ਸ਼ਾਂਤੀਪੂਰਨ ਜੀਵਨ ਬਤੀਤ ਕਰ ਸਕਾਂਗੇ।

ਸਤਿਗੁਰੂ ਮਾਤਾ ਜੀ ਨੇ ਸ਼ੁਕਰਾਨੇ ਦੀ ਭਾਵਨਾ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਜਦੋਂ ਅਸੀਂ ਪ੍ਰਮਾਤਮਾ ਨੂੰ ਆਪਣੇ ਜੀਵਨ ਵਿੱਚ ਪਹਿਲ ਦਿੰਦੇ ਹਾਂ ਅਤੇ ਉਸ ਦੀ ਪ੍ਰੇਮਮਈ ਭਗਤੀ ਵਿੱਚ ਲੀਨ ਹੋ ਜਾਂਦੇ ਹਾਂ ਤਾਂ ਸਾਡਾ ਜੀਵਨ ਧੀਰਜ, ਸ਼ੁਕਰਗੁਜ਼ਾਰੀ  ਅਤੇ ਸ਼ਾਂਤੀ ਨਾਲ ਭਰਪੂਰ ਹੋ ਜਾਂਦਾ ਹੈ। ਫਿਰ ਸੁੱਖਾਂ ਦੀ ਪ੍ਰਾਪਤੀ ਕਰਦਿਆਂ ਸਭ ਨੂੰ ਪਿਆਰ ਵੰਡਦੇ ਚਲੇ ਜਾਂਦੇ ਹਾਂ ।

ਇਸ ਤੋਂ ਪਹਿਲਾਂ ਨਿਰੰਕਾਰੀ ਰਾਜਪਿਤਾ ਜੀ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਸਤਿਗੁਰੂ ਦਾ ਹਰ ਭਗਤ ਆਪਣੇ ਆਪ ਵਿੱਚ ‘ਸਕੂਨ ’ ਦੀ ਪਰਿਭਾਸ਼ਾ ਹੈ। ਉਸ ਦਾ ਆਚਰਣ ਸੰਸਾਰ ਵਿੱਚ ਸਕੂਨ ਲਿਆਉਂਦਾ ਹੈ। ਭਾਵੇਂ ਸਾਡੇ ਵੱਲੋਂ ਅਮਨ-ਸ਼ਾਂਤੀ ਦਾ ਸੰਦੇਸ਼ ਲਗਾਤਾਰ ਦਿੱਤਾ ਜਾ ਰਿਹਾ ਹੈ ਪਰ ਵਿਡੰਬਨਾ ਇਹ ਹੈ ਕਿ ਅਸੀਂ ਇਸ ਨੂੰ ਸਹਿਜੇ ਹੀ ਸਵੀਕਾਰ ਨਹੀਂ ਕਰ ਪਾ ਰਹੇ ਕਿਉਂਕਿ ਸਾਡਾ ਵਿਸ਼ਵਾਸ ਬਣ ਗਿਆ ਹੈ ਕਿ ਸਕੂਨ  ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ।

ਜਦੋਂ ਅਜਿਹੀ ਭਾਵਨਾ ਮਨ ਵਿਚ ਆ ਜਾਂਦੀ ਹੈ, ਤਾਂ ਉਸ ਦੀ ਪ੍ਰਾਪਤੀ ਅਤੇ ਇਸ ਦੀ ਅਣਹੋਂਦ ਦਾ ਕੋਈ ਅਹਿਸਾਸ ਨਹੀਂ ਰਹਿੰਦਾ, ਜਿਸ ਕਾਰਨ ਅਸੀਂ ਅਕਸਰ ਉਸ ਕੀਮਤੀ ਦਾਤ ਤੋਂ ਵਾਂਝੇ ਰਹਿ ਜਾਂਦੇ ਹਾਂ ਜਿਸ ਲਈ ਸਾਨੂੰ ਇਹ ਮਨੁੱਖੀ ਸ਼ਰੀਰ ਮਿਲਿਆ ਹੈ। ਪੂਰੇ ਸਤਿਗੁਰੂ ਦੁਆਰਾ ਬ੍ਰਹਮਗਿਆਨ ਦੀ ਪ੍ਰਾਪਤੀ ਕਰਕੇ ਪਰਮ ਸੱਚ ਨੂੰ ਨਿਰੰਤਰ ਅਨੁਭਵ ਕਰਕੇ ਹੀ ਸਕੂਨ ਦੀ ਪ੍ਰਾਪਤੀ ਸੰਭਵ ਹੈ।