5 Dariya News

ਪਿੰਡ ਮੰਡੌੜ ਦੇ ਕਿਸਾਨਾਂ ਨੇ 100 ਏਕੜ ਜ਼ਮੀਨ 'ਚੋ ਗੱਠਾ ਬਣਾਕੇ ਚੁਕਾਈ ਪਰਾਲੀ

ਡਿਪਟੀ ਕਮਿਸ਼ਨਰ ਨੇ ਪਰਾਲੀ ਪ੍ਰਬੰਧਨ ਕਰਨ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਕੀਤਾ ਸਨਮਾਨਤ

5 Dariya News

ਨਾਭਾ/ਪਟਿਆਲਾ 25-Oct-2023

ਪਟਿਆਲਾ ਜ਼ਿਲ੍ਹੇ ਦੇ ਪਿੰਡ ਮੰਡੌੜ ਦੇ ਕਿਸਾਨ ਇੰਦਰਜੀਤ ਸਿੰਘ ਅਤੇ ਅਮਰੀਕ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਪ੍ਰਬੰਧਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨਾਲ ਰਾਬਤਾ ਕਰਨ 'ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਪਿੰਡ ਵਿੱਚ ਬੇਲਰ ਭੇਜਿਆਂ ਜਿਸ ਨਾਲ ਪਹਿਲੇ ਦਿਨ ਹੀ ਕਰੀਬ 75 ਏਕੜ ਵਿੱਚ ਪਰਾਲੀ ਦੀਆਂ ਗੱਠਾਂ ਬਣਾ ਦਿੱਤੀਆਂ ਗਈਆਂ।

ਕਿਸਾਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਮੰਡੌੜ ਦੇ ਕਿਸਾਨਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੇ ਭਰੋਸੇ ਅਨੁਸਾਰ ਦੋ ਦਿਨ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਪਰ ਪ੍ਰਸ਼ਾਸਨ ਵੱਲੋਂ ਅਗਲੇ ਹੀ ਦਿਨ ਪਿੰਡ ਵਿੱਚ ਬੇਲਰ ਭੇਜ ਦਿੱਤਾ ਗਿਆ, ਜਿਸ ਸਦਕਾ ਕਿਸਾਨਾਂ ਦੇ ਖੇਤਾਂ ਵਿੱਚ ਪਈ ਪਰਾਲੀ ਦੀਆਂ ਗੱਠਾ ਬਣਨ ਦਾ ਕੰਮ ਸ਼ੁਰੂ ਹੋ ਗਿਆ।

ਉਨ੍ਹਾਂ ਦੱਸਿਆ ਕਿ ਪਹਿਲੇ ਦਿਨ 75 ਏਕੜ ਜ਼ਮੀਨ ਵਿੱਚ ਪਰਾਲੀ ਦੀਆਂ ਗੱਠਾ ਬਣਾਈਆਂ ਗਈਆਂ ਹਨ ਤੇ ਹੁਣ ਰੋਜ਼ਾਨਾ 100 ਏਕੜ ਵਿੱਚ ਗੱਠਾ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਲਗਾਤਾਰ ਰਾਬਤਾ ਬਣਾਈ ਰੱਖਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਕਿਸਾਨ ਅੰਦਰ ਸਰਕਾਰ ਦੇ ਪ੍ਰਸ਼ਾਸਨ ਪ੍ਰਤੀ ਭਰੋਸੇਯੋਗਤਾ ਬਣਦੀ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਿੰਡ ਮੰਡੌੜ ਦੇ ਕਿਸਾਨ ਇੰਦਰਜੀਤ ਸਿੰਘ ਅਤੇ ਅਮਰੀਕ ਸਿੰਘ ਨੂੰ ਪਰਾਲੀ ਨੂੰ ਅੱਗ ਨਾ ਲਗਾਕੇ ਸਗੋਂ ਖੇਤਾਂ ਵਿੱਚ ਮਿਲਾਉਣ ਲਈ ਕੀਤੇ ਉਪਰਾਲੇ ਲਈ ਪ੍ਰਸੰਸਾ ਪੱਤਰ ਦਿੰਦਿਆਂ ਕਿਹਾ ਕਿ ਅਜਿਹੇ ਅਗਾਂਹਵਧੂ ਕਿਸਾਨਾਂ ਸਦਕਾ ਹੀ ਵਾਤਾਵਰਣ ਨੂੰ ਹੁੰਦੇ ਨੁਕਸਾਨ ਨੂੰ ਠੱਲ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਨਾ ਸਿਰਫ਼ ਆਪਣੀ ਸਗੋਂ ਆਪਣੇ ਪਿੰਡ ਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਪਰਾਲੀ ਪ੍ਰਬੰਧਨ ਲਈ ਕੀਤੇ ਉਪਰਾਲੇ ਸ਼ਲਾਘਾਯੋਗ ਹਨ।

ਸਾਕਸ਼ੀ ਸਾਹਨੀ ਨੇ ਕਿਹਾ ਕਿ ਕਿਸਾਨ ਆਪਣੇ ਨੇੜੇ ਉਪਲਬੱਧ ਮਸ਼ੀਨਰੀ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਵਟਸ ਐਪ ਚੈਟ ਬੋਟ 73800-16070 ਦੀ ਵਰਤੋਂ ਕਰਨ ਅਤੇ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਨਾਲ ਰਾਬਤਾ ਰੱਖਣ ਤਾਂ ਜੋ ਪਰਾਲੀ ਪ੍ਰਬੰਧਨ ਦੇ ਨਾਲ ਨਾਲ ਅਗਲੀ ਬੀਜੀ ਜਾਣ ਵਾਲੀ ਫ਼ਸਲ ਨੂੰ ਵੀ ਸਮੇਂ ਸਿਰ ਬੀਜਿਆ ਜਾ ਸਕੇ।