ਪੁਲਿਸ ਲਾਈਨ ਵਿਖੇ ਪੁਲਿਸ ਯਾਦਗਾਰੀ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ
ਜੁਡੀਸ਼ੀਅਲ, ਪ੍ਰਸ਼ਾਸਨ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਦਿੱਤੀ ਸ਼ਰਧਾਂਜਲੀ
5 Dariya News
ਸੰਗਰੂਰ 21-Oct-2023
ਪੰਜਾਬ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਅੱਜ ਪੁਲਿਸ ਲਾਈਨ ਸੰਗਰੂਰ ਵਿਖੇ ਪੁਲਿਸ ਯਾਦਗਾਰੀ ਦਿਵਸ ਮਨਾਇਆ ਗਿਆ ਜਿਸ ਵਿੱਚ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ, ਪੁਲਿਸ, ਪ੍ਰਸ਼ਾਸਨ ਤੇ ਜੁਡੀਸ਼ਰੀ ਦੇ ਉਚ ਅਧਿਕਾਰੀਆਂ ਨੇ ਸ਼ਾਮਲ ਹੋ ਕੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਪੰਜਾਬ ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਬਹਾਦਰ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਬਲਵਿੰਦਰ ਕੁਮਾਰ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਅਸੀਂ ਆਪਣੇ ਸ਼ਹੀਦਾਂ ਦੀ ਸਰਵਉਚ ਕੁਰਬਾਨੀ ਪ੍ਰਤੀ ਸਤਿਕਾਰ ਸਹਿਤ ਸਿਰ ਝੁਕਾਉਂਦੇ ਹਾਂ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹਾਂ।
ਇਸ ਮੌਕੇ ਆਯੋਜਿਤ ਸੋਗ ਪਰੇਡ ਦਿਵਸ (ਪੁਲਿਸ ਕੋਮੈਮੋਰੇਸ਼ਨ ਡੇਅ ਪਰੇਡ) ਦੌਰਾਨ ਪੁਲਿਸ ਦੀ ਪਰੇਡ ਟੁਕੜੀ ਵੱਲੋਂ ਡੀ.ਐਸ.ਪੀ ਭਵਾਨੀਗੜ੍ਹ ਸੁਖਨਿੰਦਰ ਸਿੰਘ ਦੀ ਅਗਵਾਈ ਹੇਠ ਸ਼ਹੀਦਾਂ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਤੇ ਪ੍ਰਭੂਸੱਤਾ ਦੀ ਰਾਖੀ ਲਈ ਸਾਡੇ ਸੂਰਵੀਰਾਂ ਨੇ ਲਾਮਿਸਾਲ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਇਸ ਮੌਕੇ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ 21 ਅਕਤੂਬਰ 1959 ਨੂੰ ਲੱਦਾਖ ਦੇ ਹੌਟ ਸਪਰਿੰਗਜ਼ ਵਿਖੇ ਚੀਨ ਦੇ ਬਾਰਡਰ ’ਤੇ ਪੈਟਰੋਲਿੰਗ ਕਰ ਰਹੀ ਸੀ.ਆਰ.ਪੀ.ਐੱਫ ਦੀ ਟੁਕੜੀ ’ਤੇ ਚੀਨੀ ਫੌਜੀਆਂ ਨੇ ਘਾਤ ਲਗਾ ਕੇ ਹਮਲਾ ਕੀਤਾ ਸੀ, ਜਿਸਦਾ ਸਾਡੇ ਦੇਸ਼ ਦੇ ਜਵਾਨਾਂ ਨੇ ਬੜੀ ਦਲੇਰੀ ਤੇ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਦੇਸ਼ ਦੀ ਰਾਖੀ ਲਈ ਸੀ.ਆਰ.ਪੀ.ਐਫ ਦੇ 10 ਜਵਾਨ ਸ਼ਹਾਦਤ ਪ੍ਰਾਪਤ ਕਰ ਗਏ ਸਨ, ਜਿਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਦੇਸ਼ ਭਰ ਵਿੱਚ ਅੱਜ ਦੇ ਦਿਨ ਨੂੰ ਯਾਦਗਾਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਐੱਸ.ਐੱਸ.ਪੀ. ਸੁਰੇਂਦਰ ਲਾਂਬਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ਹੀਦਾਂ ਦੇ ਪਰਿਵਾਰ ਸਾਡੇ ਪਰਿਵਾਰ ਹਨ ਅਤੇ ਪੁਲਿਸ ਵਿਭਾਗ ਸ਼ਹੀਦ ਪਰਿਵਾਰਾਂ ਦੇ ਦੁੱਖ-ਸੁੱਖ ਦੀ ਹਰ ਘੜੀ ਵਿੱਚ ਉਨ੍ਹਾਂ ਦੇ ਨਾਲ ਖੜਾ ਹੈ। ਸ਼ਹੀਦੀ ਸਮਾਗਮ ਦੌਰਾਨ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ 54 ਸ਼ਹੀਦ ਪÇੁਲਸ ਜਵਾਨਾਂ ਦੇ ਪਰਿਵਾਰਾਂ ਨੂੰ ਉਚ ਅਧਿਕਾਰੀਆਂ ਵੱਲੋਂ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਜਾਇਜ਼ਾ ਲਿਆ ਗਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਢੁਕਵੇਂ ਹੱਲ ਦੇ ਆਦੇਸ਼ ਦਿੱਤੇ ਗਏ।
ਇਸ ਤੋਂ ਪਹਿਲਾਂ ਐਸ.ਡੀ ਹੈਡਕੁਆਟਰ-ਕਮ-ਐਸ.ਪੀ ਧੂਰੀ ਯੋਗੇਸ਼ ਸ਼ਰਮਾ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਉਨ੍ਹਾਂ ਸ਼ਹੀਦ ਜਵਾਨਾਂ ਦੇ ਨਾਮ ਪੜ੍ਹ ਕੇ ਸੁਣਾਏ, ਜਿਨ੍ਹਾਂ ਨੇ ਬੀਤੇ ਸਾਲ ਦੇਸ਼ ਦੀ ਆਨ ਤੇ ਸ਼ਾਨ ਨੂੰ ਕਾਇਮ ਰੱਖਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਇਸ ਮੌਕੇ ਸੀ.ਜੇ.ਐਮ ਜੀਐਸ ਸੇਖੋਂ ਤੇ ਹੋਰ ਜੁਡੀਸ਼ੀਅਲ ਅਧਿਕਾਰੀਆਂ ਤੋਂ ਇਲਾਵਾ ਏ.ਡੀ.ਸੀ. ਵਰਜੀਤ ਵਾਲੀਆ, ਐਸ.ਪੀ. ਪਲਵਿੰਦਰ ਸਿੰਘ ਚੀਮਾ, ਐਸ ਪੀ ਨਵਰੀਤ ਸਿੰਘ ਵਿਰਕ ਅਤੇ ਪੁਲਿਸ ਵਿਭਾਗ ਦੇ ਸਮੂਹ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।