5 Dariya News

ਐਸ ਡੀ ਐਮ ਮੋਹਾਲੀ ਦੀ ਅਗਵਾਈ ਵਿੱਚ ਫੂਡ ਸੇਫਟੀ ਟੀਮਾਂ ਨੇ ਬਨੂੜ ਤੋਂ ਮਿਠਾਈਆਂ ਦੇ ਸੈਂਪਲ ਲਏ

ਦੁਕਾਨਦਾਰਾਂ ਨੂੰ ਫੂਡ ਸੇਫਟੀ ਮਿਆਰਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼

5 Dariya News

ਬਨੂੰੜ/ਐਸ.ਏ.ਐਸ.ਨਗਰ 18-Oct-2023

ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਉਪ ਮੰਡਲ ਮੈਜਿਸਟਰੇਟ, ਮੋਹਾਲੀ ਚੰਦਰਜੋਤੀ ਸਿੰਘ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਵੱਲੋਂ ਬੁੱਧਵਾਰ ਨੂੰ ਬਨੂੜ ਵਿਖੇ ਮਿਠਾਈ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਮੋਹਾਲੀ ਚੰਦਰਜੋਤੀ ਸਿੰਘ ਨੇ ਦੱਸਿਆ ਕਿ ਇਸ ਨਿਰੀਖਣ ਦਾ ਉਦੇਸ਼ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਆਫ ਇੰਡੀਆ ਦੇ ਤਹਿਤ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਠਿਆਈਆਂ ਦੇ ਨਿਰਮਾਣ ਦੀ ਗੁਣਵੱਤਾ ਅਤੇ ਮਿਆਰ ਨੂੰ ਯਕੀਨੀ ਬਣਾਉਣਾ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਨਿਰੀਖਣ ਦੌਰਾਨ ਦੁੱਧ ਤੋਂ ਬਣੀਆਂ ਵਸਤਾਂ ਅਤੇ ਹੋਰ ਸਮੱਗਰੀ ਜਿਵੇਂ ਕਿ ਚਮਚਮ, ਮਿਲਕ ਕੇਕ, ਖੋਆ, ਬੇਸਨ ਦੇ ਲੱਡੂ ਅਤੇ ਕੱਚੇ ਪਨੀਰ ਦੇ ਕਈ ਸੈਂਪਲ ਲਏ ਗਏ। ਐਸ ਡੀ ਐਮ ਚੰਦਰਜੋਤੀ ਸਿੰਘ ਦੀ ਅਗਵਾਈ ਵਾਲੀ ਟੀਮ ਵਿੱਚ ਸਹਾਇਕ ਕਮਿਸ਼ਨਰ (ਫੂਡ ਸੇਫਟੀ) ਅਮਿਤ ਜੋਸ਼ੀ, ਅਨਿਲ ਕੁਮਾਰ ਫੂਡ ਸੇਫਟੀ ਅਫਸਰ, ਰਵੀ ਨੰਦਨ ਫੂਡ ਸੇਫਟੀ ਅਫਸਰ ਅਤੇ ਪੰਕਜ ਕੁਮਾਰ ਰੀਡਰ/ਐਸ ਡੀ ਐਮ ਸ਼ਾਮਲ ਸਨ।  ਟੀਮ ਨੇ ਬਨੂੜ ਦੇ ਲਾਇਲਪੁਰ ਸਵੀਟਸ, ਛਿੰਦਾ ਸਵੀਟਸ ਅਤੇ ਹੋਟਲ ਗ੍ਰੈਂਡ ਪੰਜਾਬ ਦੀ ਅਚਨਚੇਤ ਪੜਤਾਲ ਕਰਦੇ ਹੋਏ ਵਰਕਸ਼ਾਪਾਂ ਦੀ ਸਾਫ਼-ਸਫ਼ਾਈ ਦਾ ਵੀ ਨਿਰੀਖਣ ਕੀਤਾ ਅਤੇ ਸ਼ੋਅ ਕੇਸਾਂ ਵਿੱਚ ਵਸਤੂਆਂ ਨੂੰ ਸਹੀ ਅਤੇ ਸੁਰੱਖਿਅਤ ਢੰਗ ਨਾਲ ਰੱਖਣ ਲਈ ਆਖਿਆ।

ਐਸ ਡੀ ਐਮ ਮੋਹਾਲੀ ਨੇ ਦੱਸਿਆ ਕਿ ਦੁਕਾਨਦਾਰਾਂ ਨੂੰ ਦੁੱਧ ਅਤੇ ਹੋਰ ਮਿੱਠੇ ਉਤਪਾਦਾਂ ਦੀ ਗੁਣਵੱਤਾ ਦੇ ਮਿਆਰ ਨੂੰ ਬਰਕਰਾਰ ਰੱਖਣ ਲਈ ਐਫ ਐਸ ਐਸ ਏ ਆਈ ਦੀਆਂ ਸਾਰੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਨਕਲੀ ਖੋਆ ਜਾਂ ਪਨੀਰ ਦੀ ਵਰਤੋਂ ਨਾ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਦੀ ਉਲੰਘਣਾ ਕਰਦੇ ਪਾਏ ਗਏ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਤੋਂ ਇਲਾਵਾ ਭਾਰੀ ਜੁਰਮਾਨੇ ਵੀ ਕੀਤੇ ਜਾਣਗੇ।