5 Dariya News

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਹੋਈ ਕਾਂਗਰਸ ਵਿੱਚ ਘਰ ਵਾਪਸੀ

ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਰਸਮੀ ਤੌਰ ਤੇ ਕੀਤਾ ਸ਼ਾਮਿਲ

5 Dariya News

ਐਸ ਏ ਐਸ ਨਗਰ 17-Oct-2023

ਨਗਰ ਨਿਗਮ ਦੇ ਡਿਪਟੀ ਮੇਅਰ ਸ੍ਰ ਕੁਲਜੀਤ ਸਿੰਘ  ਬੇਦੀ ਦੀ ਅੱਜ ਕਾਂਗਰਸ ਵਿੱਚ ਰਸਮੀ ਤੌਰ ਤੇ ਬਹਾਲੀ ਹੋ ਗਈ ਹੈ| ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅੱਜ ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਭਵਨ ਵਿਖੇ ਸ੍ਰ ਕੁਲਜੀਤ ਸਿੰਘ ਬੇਦੀ ਨੂੰ ਕਾਂਗਰਸ ਪਾਰਟੀ ਦੇ ਨਿਸ਼ਾਨ ਵਾਲਾ ਕਪੜਾ ਪਾ ਕੇ ਉਹਨਾਂ ਨੂੰ ਰਸਮੀ ਤੌਰ ਤੇ ਪਾਰਟੀ ਵਿੱਚ ਮੁੜ ਸ਼ਾਮਿਲ ਕੀਤਾ। ਇੱਥੇ ਜਿਕਰਯੋਗ ਹੈ ਕਿ ਪਿਛਲੇ ਸਾਲ ਸਿੱਧੂ ਭਰਾਵਾਂ ਵਲੋਂ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵਾਪਰੇ ਘਟਨਾਚੱਕਰ ਦੌਰਾਨ ਸ੍ਰ ਬੇਦੀ ਵਲੋਂ ਨਿਗਰ ਨਿਗਮ ਵਿੱਚ ਮੇਅਰ ਜੀਤੀ ਸਿੱਧੂ ਦੇ ਸਮਰਥਨ ਦਾ ਫੈਸਲਾ ਕੀਤੇ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਵਲੋਂ ਸੀਨੀਅਰ ਡਿਪਟੀ ਮੇਅਰ ਸ੍ਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਸ੍ਰ ਕੁਲਜੀਤ ਸਿੰਘ ਬੇਦੀ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਸੀ ਅਤੇ ਉਸਤੋਂ ਬਾਅਦ ਤੋਂ ਸ੍ਰ ਬੇਦੀ ਕਾਂਗਰਸ ਤੋਂ ਬਾਹਰ ਸਨ।

ਹਾਲਾਂਕਿ ਪਿਛਲੇ ਸਮੇਂ ਦੌਰਾਨ ਸ੍ਰ ਬੇਦੀ ਕਿਸੇ ਵੀ ਪਾਰਟੀ ਵਿੱਚ ਸ਼ਾਮਿਲ ਨਹੀਂ ਹੋਏ ਅਤੇ ਇਸ ਬਾਰੇ ਗੱਲ ਕਰਨ ਤੇ ਉਹਨਾਂ ਵਲੋਂ ਇਹੀ ਕਿਹਾ ਜਾਂਦਾ ਸੀ ਕਿ ਉਹ ਕਾਂਗਰਸੀ ਹਨ ਅਤੇ ਕਾਂਗਰਸੀ ਹੀ ਰਹਿਣਗੇ। ਕੁੱਝ ਸਮਾਂ ਪਹਿਲਾਂ ਆਨੰਦਪੁਰ ਸਾਹਿਬ ਦੇ ਸਾਂਸਦ ਸ੍ਰੀ ਮਨੀਸ਼ ਤਿਵਾੜੀ ਅਤੇ ਵਿਧਾਨਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ੍ਰ ਪ੍ਰਤਾਪ ਸਿੰਘ ਬਾਜਵਾ ਵਲੋਂ ਸ੍ਰ ਬੇਦੀ ਦੀ ਰਿਹਾਇਸ਼ ਤੇ ਆ ਕੇ ਉਹਨਾਂ ਨੂੰ ਛੇਤੀ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰਨ ਦਾ ਐਲਾਨ ਕੀਤਾ  ਗਿਆ ਸੀ ਅਤੇ ਅੱਜ ਸ੍ਰ ਬੇਦੀ ਦੀ ਰਸਮੀ ਤੌਰ ਤੇ ਘਰ ਵਾਪਸੀ ਹੋ ਗਈ ਹੈ।

ਇੱਥੇ ਇਹ ਵੀ ਜਿਕਰਯੋਗ ਹੈ ਕਿ ਪਿਛਲੇ ਸਾਲ ਕਾਂਗਰਸ ਪਾਰਟੀ ਛੱਡ ਕੇ ਗਏ ਸ੍ਰ ਬਲਬੀਰ ਸਿੰਘ ਸਿੱਧੂ ਅਤੇ ਅਮਰਜੀਤ ਸਿੰਘ ਜੀਤੀ ਸਿੱਧੂ ਵੀ ਕਾਂਗਰਸ ਵਿੱਚ ਘਰ ਵਾਪਸੀ ਕਰਨ ਵਾਲੇ ਹਨ ਅਤੇ ਉਹਨਾਂ ਵਲੋਂ ਬੀਤੇ ਦਿਨੀਂ ਦਿੱਲੀ ਵਿਖੇ ਪਾਰਟੀ ਹਾਈਕਮਾਨ ਦੇ ਆਗੂਆਂ ਨਾਲ ਮੁਲਾਕਾਤ ਵੀ ਕੀਤੀ ਜਾ ਚੁੱਕੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ 20 ਅਕਤੂਬਰ ਨੂੰ ਸਿੱਧੂ ਭਰਾਵਾਂ ਦੀ ਘਰ ਵਾਪਸੀ ਹੋ ਸਕਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸੰਦੀਪ ਸੰਧੂ, ਸਕੱਤਰ  ਏ ਕੇ ਕੌਸ਼ਿਕ, ਜਿਲ੍ਹਾ ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਅਤੇ ਸੀਨੀਅਰ ਕਾਂਗਰਸੀ ਆਗੂ ਹਰਸਿਮਰਨ ਸਿੰਘ ਸੰਧੂ ਵੀ ਹਾਜਿਰ ਸਨ।

ਸ਼ੁਰੂ ਤੋਂ ਕਾਂਗਰਸੀ ਹਾਂ ਅਤੇ ਕਾਂਗਰਸੀ ਹੀ ਰਹਾਂਗਾ

ਇਸ ਮੌਕੇ ਸ੍ਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਕਾਂਗਰਸ ਪਾਰਟੀ ਵਿੱਚ ਹਨ ਅਤੇ ਤਾਉਮਰ ਕਾਂਗਰਸੀ ਹੀ ਰਹਿਣਗੇ| ਉਹਨਾਂ ਕਿਹਾ ਕਿ ਪਾਰਟੀ ਹਾਈਕਮਾਨ ਵਲੋਂ ਉਹਨਾਂ ਨੂੰ ਮੁੜ ਮੁੱਖ ਧਾਰਾ ਵਿੱਚ ਸ਼ਾਮਿਲ ਕੀਤੇ ਜਾਣ ਨਾਲ ਹੁਣ ਉਹ ਖੁੱਲ ਕੇ ਪਾਰਟੀ ਲਈ ਕੰਮ ਕਰਨਗੇ ਅਤੇ ਪਾਰਟੀ ਨੂੰ ਮਜਬੂਤ ਕਰਨ ਲਈ ਆਪਣੀ ਪੂਰੀ ਵਾਹ ਲਗਾਉਣਗੇ। ਇੱਥੇ ਜਿਕਰਯੋਗ ਹੈ ਕਿ ਸ੍ਰ ਬੇਦੀ ਵਲੋਂ 1991 ਵਿੱਚ ਯੂਥ ਕਾਂਗਰਸ ਰਾਂਹੀ  ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਯੂਥ ਕਾਂਗਰਸ ਜਿਲ੍ਹਾ ਰੋਪੜ ਦੇ ਪ੍ਰਧਾਨ ਸ੍ਰੀ ਭੂਪੇਸ਼ ਸ਼ਰਮਾ ਵਲੋਂ 1993 ਵਿੱਚ ਉਹਨਾਂ ਨੂੰ ਪਾਰਟੀ ਦੀ ਜਿਲ੍ਹਾ ਇਕਾਈ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਸੀ| ਇਸ ਉਪਰੰਤ ਉਹ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਤੇ ਦਫਤਰ ਇੰਚਾਰਜ ਵੀ ਰਹੇ। ਵੱਡੀ ਕਾਂਗਰਸ ਵਿੱਚ ਉਹ ਬਲਾਕ ਕਾਂਗਰਸ ਮੁਹਾਲੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ 2005 ਤੋਂ ਉਹ ਲਗਾਤਾਰ ਮੁਹਾਲੀ ਦੇ ਫੇਜ਼ 3 ਬੀ 2 ਤੋਂ ਕਾਂਗਰਸ ਦੀ ਟਿਕਟ ਤੇ ਕੌਂਸਲਰ ਦੀ ਚੋਣ ਜਿੱਤਦੇ ਆ ਰਹੇ ਹਨ।