5 Dariya News

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਨਮ ਦਿਨ ‘ਤੇ ਐਮ.ਐਲ.ਐਮ. ਸਕੂਲ ਵਿੱਚ ਲਗਾਇਆ ਗਿਆ ਖੂਨਦਾਨ ਕੈਂਪ

ਵਿਧਾਇਕ ਰਣਬੀਰ ਭੁੱਲਰ ਅਤੇ ਫੌਜਾ ਸਿੰਘ ਸਰਾਰੀ ਨੇ ਵੀ ਕੀਤਾ ਖੂਨਦਾਨ

5 Dariya News

ਫਿਰੋਜ਼ਪੁਰ 17-Oct-2023

ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਨਮ ਦਿਨ ਮੌਕੇ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਖੂਨਦਾਨ ਕੈਂਪ ਲਗਾਏ ਗਏ ਹਨ। ਇਸੇ ਤਹਿਤ ਅੱਜ ਐਮ.ਐਲ.ਐਮ. ਸਕੂਲ ਫਿਰੋਜ਼ਪੁਰ ਛਾਉਣੀ ਵਿਖੇ ਬਲੱਡ ਬੈਂਕ ਸਿਵਲ ਹਸਪਤਾਲ ਫਿਰੋਜ਼ਪੁਰ ਅਤੇ ਅਨਿਲ ਬਾਗੀ ਹਸਪਤਾਲ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਖੂਨਦਾਨ ਇਕ ਪੁੰਨ ਦਾ ਕੰਮ ਹੈ ਅਤੇ ਇਸ ਤਰ੍ਹਾਂ ਦੇ ਪੁੰਨ ਦੇ ਕੰਮ ਤੋਂ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ। 

ਇਹ ਪ੍ਰਗਟਾਵਾ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਅਤੇ ਵਿਧਾਇਕ ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ ਨੇ ਖੂਨਦਾਨ ਕਰਨ ਮੌਕੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਅਤੇ ਵਿਧਾਇਕ ਸ. ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਇਹ ਖੂਨਦਾਨ ਕੈਂਪ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਲਗਾਇਆ ਗਿਆ ਹੈ। 

ਉਨ੍ਹਾਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ ਅਤੇ ਖੂਨਦਾਨ ਕਰਕੇ ਕਿਸੇ ਲੋੜਵੰਦ ਵਿਅਕਤੀ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਕੈਂਪ ਵਿੱਚ ਆਮ ਆਦਮੀ ਪਾਰਟੀ ਦੀ ਸਮੁੱਚੀ ਜ਼ਿਲ੍ਹਾ ਟੀਮ/ਵਲੰਟੀਅਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਹੈ ਅਤੇ ਸਾਰਿਆ ਨੇ ਖੂਨਦਾਨ ਕੀਤਾ ਹੈ। ਇਸ ਕੈਂਪ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ਦਾ ਕੇਕ ਕੱਟ ਕੇ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੈਂਪ ਲਗਾ ਕੇ ਲੋੜਵੰਦਾਂ ਲਈ ਖੂਨ ਇਕੱਤਰ ਕੀਤਾ ਗਿਆ ਹੈ ਅਤੇ ਇਹ ਇੱਕ ਵਿਲੱਖਣ ਕਿਸਮ ਦਾ ਲੋਕਾਂ ਦੀ ਭਲਾਈ ਲਈ ਮਨਾਇਆ ਗਿਆ ਜਨਮ ਦਿਹਾੜਾ ਹੈ। ਇਸ ਮੌਕੇ ਖੂਨਦਾਨ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਰਿਫਰੈਸਮੈਂਟ ਵੀ ਦਿੱਤੀ ਗਈ।

ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਅੱਜ ਦੇ ਇਸ ਖੂਨ ਦਾਨ ਕੈਂਪ ਵਿੱਚ ਜ਼ਿਲ੍ਹੇ ਦੇ ਵਿਧਾਇਕਾਂ ਅਤੇ ਆਪ ਵਲੰਟੀਅਰਾਂ ਵੱਲੋਂ 200 ਯੂਨਿਟ ਖੂਨਦਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਅਸੀਂ ਚੰਗੇ ਇਨਸਾਨ ਬਣਨ ਵੱਲ ਇਕ ਕਦਮ ਹੋਰ ਵੱਧ ਜਾਂਦੇ ਹਾਂ ਅਤੇ ਖੂਨਦਾਨ ਕਰਨ ਵਾਲਾ ਰੱਬ ਦਾ ਦੂਜਾ ਰੂਪ ਹੀ ਹੈ। ਉਨ੍ਹਾਂ ਕਿਹਾ ਕਿ ਇਹ ਖੂਨਦਾਨ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ। ਉਨ੍ਹਾਂ ਖੂਨਦਾਨ ਕਰਨ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ।

ਇਸ ਮੌਕੇ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ ਸ੍ਰੀ ਚੰਦ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਡਾ. ਮਲਕੀਤ ਸਿੰਘ ਥਿੰਦ, ਚੇਅਰਮੈਨ ਮਾਰਕਿਟ ਕਮੇਟੀ ਫਿਰੋਜ਼ਪੁਰ ਸ਼ਹਿਰ ਸ. ਬਲਰਾਜ ਸਿੰਘ ਕਟੋਰਾ, ਵਿਧਾਇਕ ਜ਼ੀਰਾ ਦੇ ਪੁੱਤਰ ਸ੍ਰੀ ਸ਼ੰਕਰ ਕਟਾਰੀਆ, ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜ਼ਨੀਸ ਦਹੀਯਾ ਦੇ ਨਿੱਜੀ ਸਕੱਤਰ ਸ੍ਰੀ ਰੌਬੀ ਸੰਧੂ, ਆਪ ਆਗੂ ਸ੍ਰੀਮਤੀ ਭੁਪਿੰਦਰ ਕੌਰ, ਸਕੱਤਰ ਰੈੱਡ ਕਰਾਸ ਸ੍ਰੀ ਅਸ਼ੋਕ ਬਹਿਲ, ਸ੍ਰੀ ਹਿਮਾਂਸ਼ੂ ਠੱਕਰ, ਸ੍ਰੀ ਗੁਰਭੇਜ ਸਿੰਘ, ਸ੍ਰੀ ਸੁਰਜੀਤ ਵਿਲਾਸਰਾ, ਸ੍ਰੀ ਬਲਦੇਵ ਮੱਲ੍ਹੀ, ਸ੍ਰੀ ਗੁਲਸ਼ਨ ਗੱਖੜ, ਸ੍ਰੀ ਪ੍ਰਦੀਪ ਚੋਪੜਾ, ਸ੍ਰੀ ਗੁਰਜੀਤ ਚੀਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਵਲੰਟੀਅਰ ਹਾਜ਼ਰ ਸਨ।