5 Dariya News

ਸਫਾਈ ਦੀ ਮੁਹਿੰਮ ਵਿੱਚ ਲਿਆਂਦੀ ਜਾਵੇ ਤੇਜ਼ੀ- ਡਿਪਟੀ ਕਮਿਸ਼ਨਰ ਵਿਨੀਤ ਕੁਮਾਰ

ਸ਼ਹਿਰ ਵਾਸੀਆਂ ਨੂੰ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਸਹਿਯੋਗ ਦੇਣ ਦੀ ਕੀਤੀ ਅਪੀਲ

5 Dariya News

ਫ਼ਰੀਦਕੋਟ 10-Oct-2023

ਫ਼ਰੀਦਕੋਟ ਨੂੰ ਸਾਫ਼ ਸੁਥਰਾ ਸ਼ਹਿਰ ਬਣਾਉਣ ਦੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਬੀਤੀ ਸ਼ਾਮ ਸਮੂਹ ਨਗਰ ਕੌਂਸਲ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਅਹਿਮ ਮੀਟਿੰਗ ਕਰਦਿਆਂ ਕਿਹਾ ਕਿ ਸਫਾਈ ਦੀ ਮੁਹਿੰਮ ਵਿੱਚ ਤੇਜ਼ੀ ਲਿਆਂਦੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਬਲਬੀਰ ਬਸਤੀ, ਅਮਰ ਆਸ਼ਰਮ ਅਤੇ ਡਾਲਫਿਨ ਚੌਂਕ ਦੇ ਨੇੜੇ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਹੈ। ਉਨ੍ਹਾਂ ਨਗਰ ਕੌਂਸਿਲ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਨ੍ਹਾਂ ਥਾਵਾਂ ਦੀ ਜਲਦ ਤੋਂ ਜਲਦ ਸਫਾਈ ਕਰਵਾਈ ਜਾਵੇ। 

ਇਨ੍ਹਾਂ ਹੁਕਮਾਂ ਤੇ ਤੁਰੰਤ ਕਾਰਵਾਈ ਕਰਦਿਆਂ ਨਗਰ ਕੌਂਸਲ ਦੇ ਨੁਮਾਇੰਦੇ ਸ.ਨਿਰਮਲ ਸਿੰਘ ਨੇ ਦੱਸਿਆ ਕਿ ਡਾਲਫਿਨ ਚੌਂਕ ਕੋਲ ਸਫਾਈ ਕਰਵਾ ਕੇ ਬੂਟੇ ਲਗਾਏ ਗਏ ਹਨ ਅਤੇ ਆਸ-ਪਾਸ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਹੁਣ ਦੁਬਾਰਾ ਉਥੇ ਕੂੜਾ ਨਾ ਸੁੱਟਿਆ ਜਾਵੇ। ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਲਾ ਦੁਆਲਾ ਸਾਫ਼ ਰੱਖਣ। ਉਨਾਂ ਦੱਸਿਆ ਕਿ ਸਾਡੇ ਵੱਲੋਂ ਜਨਤਕ ਥਾਵਾਂ ਤੇ ਸੁੱਟਿਆ ਜਾਂਦਾ ਘਰੇਲੂ ਕਚਰਾ, ਕੂੜਾ ਕਰਕਟ ਵੀ ਵੱਡੀ ਪੱਧਰ ਤੇ ਬਿਮਾਰੀਆਂ ਦਾ ਸਬੱਬ ਬਣਦਾ ਹੈ। ਉਨਾਂ ਦੱਸਿਆ ਕਿ ਜ਼ਿਲੇ ਵਿੱਚ ਸਮੂਹ ਨਗਰ ਕੌਂਸਿਲਾਂ ਵੱਲੋਂ ਡੂ ਟੂਰ ਡੂ ਕੂੜਾ ਕਰਕਟ, ਕੱਚਰਾ ਆਦਿ ਨੂੰ ਇੱਕਠਾ ਕਰਨ ਲਈ ਸਫ਼ਾਈ ਸੇਵਕ ਲਗਾਏ ਗਏ ਹਨ। 

ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਡਸਟਬਿਨ ਰੱਖਣ ਤਾਂ ਜੋ ਕੂੜੇ ਦੇ ਢੇਰ ਦੁਕਾਨਾਂ ਦੇ ਬਾਹਰ ਵੀ ਨਾ ਲੱਗਣ। ਉਨਾਂ ਕਿਹਾ ਕਿ ਸਫ਼ਾਈ ਮੁਹਿੰਮ ਨੂੰ ਸਫਲ ਬਣਾਉਣ ਲਈ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਕਰਕੇ ਨਗਰ ਕੌਸਿਲਾਂ ਦੇ ਸਫ਼ਾਈ ਕਰਮਚਾਰੀਆਂ ਨੂੰ ਦਿੱਤਾ ਜਾਵੇ। ਉਨਾਂ ਕਿਹਾ ਕਿ ਸ਼ਹਿਰ ਵਾਸੀ ਉਨ੍ਹਾਂ ਦੀਆਂ ਅਪੀਲਾਂ ਤੇ ਅਮਲ ਕਰਕੇ ਖੁਦ ਨੂੰ, ਪਰਿਵਾਰ ਅਤੇ ਪੂਰੇ ਸਮਾਜ ਨੂੰ ਸੁਰੱਖਿਅਤ ਰੱਖਣ ਵਿਚ ਸਹਿਯੋਗ ਦੇਣਗੇ ਅਤੇ ਸਫਾਈ ਕਰਮਚਾਰੀ ਸ਼ਾਮ ਵੇਲੇ ਵੀ ਕੂੜਾ ਇੱਕਤਰ ਕਰਨਗੇ। 

ਉਨ੍ਹਾਂ ਸਬਜੀ ਮੰਡੀ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਕੂੜਾ ਖੁੱਲੇ ਵਿੱਚ ਨਾ ਸੁੱਟਿਆ ਜਾਵੇ ਜੇਕਰ ਕੋਈ ਕੂੜਾ ਬਾਹਰ ਸੁੱਟਦਾ ਪਾਇਆ ਗਿਆ ਤਾਂ ਉਸ ਨੂੰ ਜੁਰਮਾਨਾ ਲਗਾਇਆ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਫਾਈ ਮੁਹਿੰਮ ਤੇ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਆਪਣਾ ਸਹਿਯੋਗ ਦੇਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਨਿਰੰਤਰ ਸ਼ਹਿਰ ਦੀ ਸਫਾਈ ਆਦਿ ਪ੍ਰਬੰਧਾਂ ਨੂੰ ਖੁਦ ਚੈਕ ਕਰਦੇ ਰਹਿਣਗੇ ਅਤੇ ਇਸ ਕੰਮ ਵਿਚ ਕੁਤਾਹੀ ਵਰਤਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਆਵਾਰਾ ਪਸ਼ੂਆਂ ਨੂੰ ਫੜਨ ਵਿੱਚ ਵੀ ਤੇਜ਼ੀ ਲਿਆਉਣ ਦੀ ਵੀ ਹਦਾਇਤ ਕੀਤੀ ਕਿਉਂਕਿ ਆਵਾਰਾ ਪਸ਼ੂਆਂ ਕਾਰਨ ਐਕਸੀਡੈਂਟ ਹੋਣ ਦਾ ਖਦਸ਼ਾ ਰਹਿੰਦਾ ਹੈ।

ਇਸ ਮੌਕੇ ਐਸ.ਡੀ.ਐਮ ਫਰੀਦਕੋਟ ਬਲਜੀਤ ਕੌਰ, ਐਸ.ਡੀ.ਐਮ. ਜੈਤੋ ਡਾ. ਨਿਰਮਲ ਓਸੇਪਚਨ, ਸਹਾਇਕ ਕਮਿਸ਼ਨਰ ਮੈਡਮ ਤੁਸ਼ਿਤਾ ਗੁਲਾਟੀ, ਜਿਲ੍ਹਾ ਮਾਲ ਅਫਸਰ ਡਾ. ਅਜੀਤਪਾਲ ਸਿੰਘ ਚਾਹਲ, ਡੀ.ਪੀ.ਆਰ.ਓ ਗੁਰਦੀਪ ਸਿੰਘ ਮਾਨ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।