5 Dariya News

ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਨੇ ਮੋਹਾਲੀ ਦੀਆਂ ਸੜਕਾਂ 'ਤੇ ਸੁਰੱਖਿਅਤ ਅਤੇ ਨਿਰਵਿਘਨ ਆਵਾਜਾਈ ਬਾਰੇ ਚਰਚਾ ਕੀਤੀ

ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਹਦਾਇਤ

5 Dariya News

ਐਸ.ਏ.ਐਸ.ਨਗਰ 06-Oct-2023

ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਅੱਜ ਮੁਹਾਲੀ ਦੀਆਂ ਸੜਕਾਂ 'ਤੇ ਸੁਰੱਖਿਅਤ ਅਤੇ ਨਿਰਵਿਘਨ ਆਉਣ-ਜਾਣ ਲਈ ਵੱਖ ਵੱਖ ਪ੍ਰਸਤਾਵਾਂ 'ਤੇ ਚਰਚਾ ਕੀਤੀ। ਏ ਡੀ ਸੀ (ਜ) ਵਿਰਾਜ ਸ਼ਿਆਮਕਰਨ ਤਿੜਕੇ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੁਲਿਸ ਨੂੰ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ। ਜ਼ਿਲ੍ਹੇ ਵਿੱਚ ਵੱਖ-ਵੱਖ ਸੜਕਾਂ 'ਤੇ ਸ਼ਨਾਖ਼ਤ ਕੀਤੇ ਗਏ ਬਲੈਕ ਸਪਾਟਾਂ ਦਾ ਜਾਇਜ਼ਾ ਲੈਂਦਿਆਂ, ਏ.ਡੀ.ਸੀ. ਨੇ ਐੱਨ.ਐੱਚ.ਏ.ਆਈ., ਗਮਾਡਾ, ਨਗਰ ਨਿਗਮ ਮੋਹਾਲੀ ਅਤੇ ਹੋਰ ਜ਼ਿੰਮੇਵਾਰ ਵਿਭਾਗਾਂ ਨੂੰ ਬਿਨਾਂ ਕਿਸੇ ਦੇਰੀ ਦੇ  ਬਕਾਇਆ ਰਹਿੰਦੇ 19 ਬਲੈਕ ਸਪਾਟਾਂ ਨੂੰ ਦਰੁੱਸਤ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਰਾਹਗੀਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਮੀਟਿੰਗ ਦੌਰਾਨ ਮੋਹਾਲੀ ਦੀ ਸਭ ਤੋਂ ਵਿਅਸਤ ਇੱਕ ਸੜਕ ਦੀ ਪਛਾਣ ਕਰਕੇ ਏਕੀਕ੍ਰਿਤ ਸੁਰੱਖਿਆ ਅਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ (ਸੀ.ਸੀ.ਟੀ.ਵੀ. ਕੈਮਰੇ) ਲਗਾਉਣ ਲਈ ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਨੂੰ ਤਜਵੀਜ਼ ਭੇਜਣ ਦਾ ਫੈਸਲਾ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਨੇ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਟ੍ਰੈਫਿਕ ਚਲਾਨਾਂ ਦੀ ਸਮੀਖਿਆ ਕਰਦਿਆਂ ਚੈਕਿੰਗ ਵਧਾਉਣ 'ਤੇ ਜ਼ੋਰ ਦਿੱਤਾ ਤਾਂ ਜੋ ਆਮ ਲੋਕਾਂ ਦੀ ਸੁਰੱਖਿਆ ਨਾਲ ਜੁੜੇ ਇਸ ਮੁੱਦੇ 'ਤੇ ਕੋਈ ਸਮਝੌਤਾ ਨਾ ਹੋ ਸਕੇ।ਉਨ੍ਹਾਂ ਕਿਹਾ ਕਿ ਓਵਰ ਸਪੀਡ, ਰੈੱਡ ਲਾਈਟ ਜੰਪ, ਡਰਾਈਵਿੰਗ ਦੌਰਾਨ ਮੋਬਾਈਲ ਦੀ ਵਰਤੋਂ, ਸੀਟ ਬੈਲਟ, ਹੈਲਮੇਟ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੀਆਂ ਉਲੰਘਣਾਵਾਂ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ।

ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੂੰ ਸੇਫ਼ ਸਕੂਲ ਵਾਹਨ ਦੀ ਪਾਲਣਾ ਯਕੀਨੀ ਬਣਾਉਣ ਦੇ ਆਦੇਸ਼ ਦਿੰਦਿਆਂ ਏ.ਡੀ.ਸੀ. ਵਿਰਾਜ ਨੇ ਅੱਗੇ ਕਿਹਾ ਕਿ ਸਕੂਲੀ ਬੱਸਾਂ ਪਾਲਿਸੀ ਅਨੁਸਾਰ ਚੱਲਣੀਆਂ ਚਾਹੀਦੀਆਂ ਹਨ ਅਤੇ ਕਿਸੇ ਵੀ ਕੀਮਤ 'ਤੇ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਸ਼ਹਿਰ ਵਿੱਚ ਪ੍ਰਸਤਾਵਿਤ ਪੰਜ ਚੌਕਾਂ ਦੇ ਟੈਂਡਰਾਂ ਦੀ ਪ੍ਰਵਾਨਗੀ ਤੋਂ ਬਾਅਦ ਛੇ ਹੋਰਾਂ ਦੀ ਤਜਵੀਜ਼ ਵੀ ਪ੍ਰਗਤੀ ਅਧੀਨ ਹੈ। ਇਸ ਤੋਂ ਇਲਾਵਾ ਆਈ ਆਈ ਐਸ ਈ ਆਰ ਤੋਂ ਕੁਆਰਕ ਸਿਟੀ ਤੱਕ ਸਾਈਕਲ ਟਰੈਕ ਵੀ ਵਿਚਾਰ ਅਧੀਨ ਹੈ। 

ਇਸੇ ਤਰ੍ਹਾਂ ਖਰੜ ਵਿੱਚ ਪੰਜ ਟਰੈਫਿਕ ਲਾਈਟਾਂ ਲਗਾਉਣ ਦਾ ਕੰਮ ਵੀ ਐਨ.ਐਚ.ਏ.ਆਈ ਵੱਲੋਂ ਦਿੱਤੀ ਵਚਨਬੱਧਤਾ ਅਨੁਸਾਰ ਅਗਲੇ 15 ਦਿਨਾਂ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੜਕ ਦੁਰਘਟਨਾ ਪੀੜਤਾਂ ਦੀ ਬਿਨਾਂ ਕਿਸੇ ਝਿਜਕ ਜਾਂ ਡਰ ਦੇ ਮੱਦਦ ਕਰਨ ਅਤੇ ਅਜਿਹੇ ਦਿਆਨਤਦਾਰ ਵਿਅਕਤੀ ਦਾ ਸਰਾਕਰ ਨੂੰ ਇੱਕ ਚੰਗੇ ਸਜੱਣ ਵਜੋਂ ਸਨਮਾਨਿਤ ਕਰਨ ਲਈ ਨਾਮ ਤਜ਼ਵੀਜ਼ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ, ਗਮਾਡਾ ਅਤੇ ਨਗਰ ਨਿਗਮ ਮੋਹਾਲੀ ਦੇ ਸਹਿਯੋਗ ਨਾਲ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਦੂਰ ਕਰਨ ਲਈ ਅਣਥੱਕ ਮਿਹਨਤ ਕਰ ਰਿਹਾ ਹੈ।