5 Dariya News

ਖੇਤੀਬਾੜੀ ਵਿਭਾਗ ਮਹਿਲ ਕਲਾਂ ਵੱਲੋਂ ਪਰਾਲੀ ਨਾ ਸਾੜਨ ਸਬੰਧੀ ਆਸ਼ਾ ਵਰਕਰਾਂ ਨੂੰ ਕੀਤਾ ਜਾਗਰੂਕ

5 Dariya News

ਬਰਨਾਲਾ 05-Oct-2023

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਮਹਿਲ ਕਲਾਂ ਵੱਲੋਂ ਡਿਪਟੀ ਕਮਿਸ਼ਨਰ, ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਅਤੇ ਮੁੱਖ ਖੇਤੀਬਾੜੀ ਅਫ਼ਸਰ, ਬਰਨਾਲਾ ਡਾ. ਜਗਦੀਸ਼ ਸਿੰਘ ਦੇ ਦਿਸ਼ਾ- ਨਿਰਦੇਸ਼ਾਂ ਹੇਠ ਪਿੰਡ ਮਹਿਲ ਕਲਾਂ ਦੇ ਆਸ਼ਾ ਵਰਕਰਾਂ ਨੂੰ ਪਰਾਲੀ ਦੀ ਸਾਂਭ- ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ। ਡਾ. ਗੁਰਚਰਨ ਸਿੰਘ, ਬਲਾਕ ਖੇਤੀਬਾੜੀ ਅਫ਼ਸਰ, ਮਹਿਲ ਕਲਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਅਸੀਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ, ਉੱਥੇ ਧਰਤੀ ਦੀ ਉਪਜਾਊ ਸ਼ਕਤੀ ਅਤੇ ਮਿੱਤਰ ਕੀੜੇ ਵੀ ਮਾਰ ਰਹੇ ਹਾਂ। 

ਉਹਨਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਨਵੀਆਂ ਤਕਨੀਕਾਂ (ਹੈਪੀਸੀਡਰ, ਸੁਪਰਸੀਡਰ, ਸਰਫੇਸ ਸੀਡਰ ਆਦਿ) ਨਾਲ ਹੀ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੀਆਂ ਨਸਲਾਂ ਲਈ ਸ਼ੁੱਧ ਵਾਤਾਵਰਨ ਪ੍ਰਦਾਨ ਕੀਤਾ ਜਾ ਸਕੇ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਖੇਤ ਦੀ ਪਰਾਲੀ ਨੂੰ ਬੇਲਰ ਰਾਹੀਂ ਗੰਢਾਂ ਬਣਾਕੇ ਜਾਂ ਤੂੜੀ ਬਣਾਕੇ ਵਪਾਰੀਆਂ ਨੂੰ ਵੇਚ ਸਕਦੇ ਹਨ। ਜੇਕਰ ਅਸੀਂ ਪਿੰਡ ਪੱਧਰ ਤੋਂ ਹੀ ਅੱਗ ਨਾ ਲਗਾਉਣ ਦੇ ਉਪਰਾਲੇ ਸ਼ੁਰੂ ਕਰਾਂਗੇ ਤਾਂ ਹੀ ਸਾਡਾ ਸਾਰਾ ਪੰਜਾਬ ਪ੍ਰਦੂਸ਼ਣ ਮੁਕਤ ਹੋ ਸਕੇਗਾ। 

ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਸ਼ਿਫ਼ਾਰਸ ਕੀਤੀਆਂ ਕਿਸਮਾਂ ਅਤੇ ਦਵਾਈਆਂ ਦਾ ਸੁਚੱਜਾ ਪ੍ਰਯੋਗ ਕੀਤਾ ਜਾਵੇ ਤਾਂ ਜੋ ਕਿਸਾਨ ਦੇ ਖੇਤੀ ਖਰਚੇ ਘੱਟ ਸਕਣ। ਖੇਤੀਬਾੜੀ ਵਿਕਾਸ ਅਫਸਰ ਡਾ. ਜਸਮੀਨ ਸਿੰਘ ਸਿੱਧੂ ਨੇ ਪਰਾਲੀ ਦੇ ਪ੍ਰਬੰਧਨ ਸਬੰਧੀ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਆਪਣੇ ਵਾਤਾਵਰਨ ਨੂੰ ਖਰਾਬ ਕਰਦੇ ਹਾਂ ਅਤੇ ਨਾਲ ਹੀ ਅਸੀਂ ਖੇਤ ਵਿੱਚ ਮੌਜੂਦ ਮਿੱਤਰ ਕੀੜਿਆਂ ਨੂੰ ਵੀ ਨਸ਼ਟ ਕਰ ਦਿੰਦੇ ਹਾਂ। ਉਹਨਾਂ ਨੇ ਆਸ਼ਾ ਵਰਕਰਾਂ ਨੂੰ ਇਹ ਪ੍ਰਣ ਕਰਵਾਇਆ ਕਿ ਆਪਣੇ ਘਰ ਤੋਂ ਹੀ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਉਪਰਾਲਾ ਸ਼ੁਰੂ ਕੀਤਾ ਜਾਵੇ ਅਤੇ ਆਪਣੇ ਆਲੇ – ਦੁਆਲੇ ਨੂੰ ਖੁਸ਼ਹਾਲ ਬਣਾਇਆ ਜਾਵੇ।

ਡਾ. ਗੁਰਤੇਜਿੰਦਰਪਾਲ ਕੌਰ, ਸੀਨੀਅਰ ਮੈਡੀਕਲ ਅਫ਼ਸਰ, ਮਹਿਲ ਕਲਾਂ ਜੀ ਨੇ ਪਰਾਲੀ ਦੇ ਧੂੰਏ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਸਾਹ, ਦਮਾ, ਟੀ.ਬੀ., ਅਤੇ ਫ਼ੇਫੜਿਆਂ ਦਾ ਕੈਂਸਰ ਆਦਿ ਬਾਰੇ ਜਾਣਕਾਰੀ ਦਿੱਤੀ। ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰਣ ਕਰਨ ਲਈ ਕਿਹਾ। ਇਸ ਮੌਕੇ ਸ੍ਰੀ ਜਸਵਿੰਦਰ ਸਿੰਘ ਏ.ਟੀ.ਐੱਮ., ਸ੍ਰੀਮਤੀ ਮਹਿੰਦਰ ਕੌਰ ਏ.ਟੀ.ਐੱਮ., ਅਤੇ ਆਸ਼ਾ ਵਰਕਰ ਜਸਵੰਤ ਕੌਰ, ਅਮਰਜੀਤ ਕੌਰ, ਸੀਮਾ ਰਾਣੀ, ਸੁਖਵਿੰਦਰ ਕੌਰ, ਪਰਦੀਪ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।