5 Dariya News

ਡਿਪਟੀ ਕਮਿਸ਼ਨਰ ਡਾ.ਰੂਹੀ ਦੁੱਗ ਨੇ ਸੜਕ ਸੁਰੱਖਿਆ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ

ਸੜਕ ਸੁਰੱਖਿਆ ਦੇ ਮੱਦੇ ਨਜ਼ਰ ਡਿਪਟੀ ਕਮਿਸ਼ਨਰ ਨੇ ਸਬੰਧਿਤ ਵਿਭਾਗਾਂ ਨੂੰ ਠੋਸ ਕਾਰਵਾਈ ਕਰਨ ਦੇ ਦਿੱਤੇ ਆਦੇਸ਼

5 Dariya News

ਸ੍ਰੀ ਮੁਕਤਸਰ ਸਾਹਿਬ 04-Oct-2023

ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਸੜਕ ਸੁਰੱਖਿਆ ਦੇ ਸਬੰਧ ਵਿੱਚ ਦਫਤਰ ਡਿਪਟੀ ਕਮਿਸ਼ਨਰ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜਿ਼ਲ੍ਹੇ ਦੇ ਕਾਰਜ ਸਾਧਕ ਅਫਸਰਾਂ ਨੂੰ ਹਦਾਇਤ ਕੀਤੀ ਕਿ ਅਵਾਰਾ ਪਸ਼ੂਆਂ ਨਾਲ ਵਾਪਰਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ ਅਤੇ ਇਹਨਾਂ ਅਵਾਰਾਂ ਪਸ਼ੂਆਂ ਨੂੰ ਸ਼ਹਿਰਾਂ ਵਿੱਚੋ ਪਕੜ ਕੇ  ਸਰਕਾਰੀ ਗਊਸ਼ਾਲਾ ਰੱਤਾ ਟਿੱਬਾ ਅਤੇ ਸਿੱਖਵਾਲਾ ਵਿਖੇ ਛੱਡਿਆ ਜਾਵੇ ਤਾਂ ਜੋ ਲੋਕਾਂ ਨੂੰ ਅਵਾਰਾਂ ਪਸ਼ੁਆਂ ਸਬੰਧੀ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਪੇਸ਼ ਨਾ ਆਵੇ।

ਉਹਨਾਂ ਜਿ਼ਲ੍ਹੇ ਦੀਆਂ ਨਗਰ ਕੌਸਲਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਸ਼ਹਿਰਾਂ ਵਿੱਚ ਜਿਹਨਾਂ ਦੁਕਾਨਦਾਰਾਂ ਨੇ ਸੜਕਾਂ ਤੇ ਆਪਣਾ ਨਿੱਜੀ ਸਮਾਨ ਰੱਖ ਕੇ ਨਜਾਇਜ ਕਬਜੇ ਕੀਤੇ ਹੋਏ ਹਨ, ਉਹਨਾਂ ਤੋਂ ਨਜਾਇਜ ਕਬਜ਼ੇ ਛੁਡਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇ ਅਤੇ ਬਿਜਲੀ ਦੇ ਖੰਭਿਆਂ ਤੇ ਲੱਗੇ ਨਜਾਇਜ ਹੋਰਡਿੰਗ ਉਤਰਵਾਏ ਜਾਣ। ਉਹਨਾਂ ਜਿ਼ਲ੍ਹੇ ਦੀ ਟਰੈਫਿਕ ਪੁਲਿਸ ਨੂੰ ਹਦਾਇਤ ਕੀਤੀ ਕਿ ਟਰੈਫਿਕ ਦੀ ਸਮੱਸਿਆਂ ਨੂੰ ਕੰਟਰੋਲ ਕਰਨ ਲਈ ਸੜਕੀ ਪਲਾਨ ਤਿਆਰ ਕੀਤਾ ਜਾਵੇ, ਸੜਕਾਂ ਤੇ ਨਜਾਇਜ ਵਹੀਕਲ ਪਾਰਕ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।

ਉਹਨਾਂ ਜਿ਼ਲ੍ਹੇ ਦੇ ਸਕੂਲ ਪ੍ਰਬੰਧਕਾਂ ਵੀ ਹਦਾਇਤ ਕੀਤੀ ਕਿ ਮਾਨਯੋਗ ਸੁਪਰੀਮ ਕੋਰਟ ਵਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ । ਸੇਫ ਸਕੂਲ ਵਾਹਨ ਪਾਲਸੀ ਤਹਿਤ ਸਕੂਲੀ ਬੱਸਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਅਤੇ ਸਪੀਡ ਗਵਰਨਰ ਲਗਾਏ ਜਾਣ, ਸਕੂਲੀ ਬੱਸ ਵਿੱਚ ਲੇਡੀ ਅਟੈਂਡੈਟ ਦਾ ਪ੍ਰਬੰਧ ਕੀਤਾ ਜਾਵੇ, ਸ਼ੀਸ਼ੇ ਪਾਰਦਰਸ਼ੀ ਰੱਖੇ ਜਾਣ, ਸਕੂਲੀ ਬੱਸਾਂ ਦੀਆਂ ਸੀਟਾਂ ਵੀ ਆਮ ਬੱਸ ਵਾਂਗ ਹੀ ਹੋਣੀਆਂ ਚਾਹੀਦੀਆਂ ਹਨ, ਸਕੂਲੀ ਬੱਸਾਂ ਵਿੱਚ ਫਸਟ ਏਡ ਕਿਟ ਅਤੇ ਅੱਗ ਬੁਝਾਊ ਯੰਤਰ ਹੋਣੇ ਚਾਹੀਦੇ ਹਨ, ਸਕੂਲੀ ਬੱਸਾਂ ਦੇ ਅੱਗੇ ਆਨ ਸਕੂਲ ਡਿਊਟੀ ਲਿਖਿਆ ਜਾਵੇ ਅਤੇ ਪਿੱਛੇ ਸਕੂਲ ਅਥਾਰਟੀ ਅਤੇ ਟਰਾਂਸਪੋਰਟ ਅਥਾਰਟੀ ਦਾ ਫੋਨ ਨੰਬਰ ਲਿਖਿਆ ਜਾਵੇ, ਅਤੇ ਸਕੂਲੀ ਬੱਸਾਂ ਦਾ ਰੰਗ ਪੀਲਾ ਰੱਖਿਆ ਜਾਵੇ। 

ਡਰਾਈਵਰ ਦੇ ਪਾਸ ਵੈਲਿਡ ਲਾਈਸੰਸ, ਸਕੂਲ ਵੱਲੋਂ ਨਿਰਧਾਰਿਤ ਵਰਦੀ (ਨੇਮ ਪਲੇਟ ਸਹਿਤ) ਹੋਣੀ ਚਾਹੀਦੀ ਹੈ। ਡਰਾਈਵਰ ਦੀ ਸਕੂਲ ਵੱਲੋਂ ਲਾਜਮੀ ਪੁਲਿਸ ਵੈਰੀਫਿਕੇਸ਼ਨ ਕਰਵਾਈ ਹੋਵੇ। ਡਿਪਟੀ ਕਮਿਸ਼ਨਰ ਨੇ ਈ. ਰਿਕਸਾਂ ਚਾਲਕਾਂ ਨੂੰ ਹਦਾਇਤ ਕੀਤੀ ਕਿ ਸੜਕੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ, ਸ਼ਹਿਰ ਵਿੱਚ ਤੇਜ਼ ਗਤੀ ਨਾਲ ਈ ਰਿਕਸ਼ਾ ਨਾ ਚਲਾਏ ਜਾਣ ਅਤੇ ਉਚਿਤ ਥਾਵਾਂ ਤੇ ਈ.ਰਿਕਸ਼ਾ ਪਾਰਕ ਕੀਤੇ ਜਾਣ ਅਤੇ ਟਰੈਫਿਕ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸੜਕ ਸੁਰੱਖਿਆ ਨੂੰ ਸਫਲ ਬਨਾਉਣ ਲਈ ਵੱਖ-ਵੱਖ ਵਿਭਾਗਾਂ ਪਾਸੋਂ ਸੁਝਾਅ ਵੀ ਲਏ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਜਸਨਜੀਤ ਸਿੰਘ ਐਸ.ਡੀ.ਐਮ, ਡਾ.ਰੀਟਾ ਬਾਲਾ ਸਿਵਿਲ ਸਰਜਨ, ਕਾਰਜ ਸਾਧਕ ਅਫਸਰ ਸ੍ਰੀ ਮੁਕਤਸਰ ਸਾਹਿਬ-ਮਲੋਟ ਸ੍ਰੀ ਰਜਨੀਸ਼ ਗਿਰਧਰ, ਸ੍ਰੀ ਜਗਸੀਰ ਸਿੰਘ ਅਤੇ ਸਮਾਜ ਸੇਵੀ ਜਸਪ੍ਰੀਤ ਸਿੰਘ ਛਾਬੜਾ ਵੀ ਮੌਜੂਦ ਸਨ।