5 Dariya News

ਜਵਾਹਰ ਨਵੋਦਿਆ ਵਿਦਿਆਲਿਆ ਨੇ 25ਵੀਂ ਯੂਥ ਪਾਰਲੀਮੈਂਟ ਕਰਵਾਈ

ਵਿਦਿਆਰਥੀਆਂ ਲਈ ਯੂਥ ਪਾਰਲੀਮੈਂਟ ਵਰਗੀਆਂ ਗਤੀਵਿਧੀਆਂ ਜ਼ਰੂਰੀ : ਹਰਮੀਤ ਸਿੰਘ ਪਠਾਣਮਾਜਰਾ

5 Dariya News

ਸਨੌਰ/ਪਟਿਆਲਾ 27-Sep-2023

ਜਵਾਹਰ ਨਵੋਦਿਆ ਵਿਦਿਆਲਿਆ, ਫਤਿਹਪੁਰ ਰਾਜਪੂਤਾਂ, ਪਟਿਆਲਾ ਵਿਖੇ ਅੱਜ ਯੂਥ ਪਾਰਲੀਮੈਂਟ ਦਾ ਇਜਲਾਸ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਹਰਮੀਤ ਸਿੰਘ ਪਠਾਣਮਾਜਰਾ ਨੇ ਯੂਥ ਪਾਰਲੀਮੈਂਟ ਦੇ ਆਯੋਜਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਦੇਸ਼ ਦਾ ਸੁਨਹਿਰੀ ਭਵਿੱਖ ਹਨ। ਜੇਕਰ ਅੱਜ ਦੇ ਵਿਦਿਆਰਥੀਆਂ ਨੂੰ ਸਾਡੀ ਸੰਵਿਧਾਨਕ ਪ੍ਰਣਾਲੀ ਅਤੇ ਲੋਕਤੰਤਰ ਦੇ ਕਾਰਜਾਂ ਦੀ ਸਮਝ ਹੈ ਤਾਂ ਦੇਸ਼ ਦਾ ਭਵਿੱਖ ਯਕੀਨੀ ਤੌਰ 'ਤੇ ਸੁਨਹਿਰੀ ਹੋਵੇਗਾ। 

ਇਸ ਮੌਕੇ ਪ੍ਰਿੰਸੀਪਲ ਗੁਰਜਿੰਦਰ ਸਿੰਘ ਨੇ ਸਵਾਗਤੀ ਭਾਸ਼ਣ ਦਿੱਤਾ। ਉਨ੍ਹਾਂ ਹੋਰ ਸਕੂਲਾਂ ਤੋਂ ਆਏ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਆਖਿਆ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿੱਚ ਜਮਹੂਰੀ ਕਦਰਾਂ-ਕੀਮਤਾਂ ਦਾ ਵਿਕਾਸ ਕਰਨ ਦੇ ਨਾਲ-ਨਾਲ ਸਾਡੀ ਲੋਕ ਸਭਾ ਦੇ ਕੰਮਕਾਜ ਬਾਰੇ ਸਮਝ ਪੈਦਾ ਕਰਦੇ ਹਨ।

ਇਸ ਪ੍ਰੋਗਰਾਮ ਦੇ ਕਨਵੀਨਰ ਇਤਿਹਾਸ ਦੇ ਲੈਕਚਰਾਰ ਬਹਾਦਰ ਸਿੰਘ ਨੇ ਦੱਸਿਆ ਕਿ ਯੂਥ ਪਾਰਲੀਮੈਂਟ ਦੀ ਸੰਸਥਾ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਸੰਸਦ ਦੇ ਸਪੀਕਰ, ਅਹੁਦੇਦਾਰਾਂ, ਸੱਤਾਧਾਰੀ ਪਾਰਟੀ, ਵਿਰੋਧੀ ਧਿਰ ਅਤੇ ਮੰਤਰੀਆਂ ਦੀਆਂ ਭੂਮਿਕਾਵਾਂ ਨਿਭਾਈਆਂ।  ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਸੀਨੀਅਰ ਅਧਿਆਪਕ ਮਦਨ ਲਾਲ ਵਰਮਾ ਨੇ  ਸਾਰਿਆਂ ਦਾ ਧੰਨਵਾਦ ਕੀਤਾ। 

ਸਟੇਜ ਦਾ ਸੰਚਾਲਨ ਕਮਲਾ ਭਾਰਦਵਾਜ, ਟੀਜੀਟੀ ਹਿੰਦੀ ਨੇ ਕੀਤਾ। ਇਸ ਪ੍ਰੋਗਰਾਮ ਵਿੱਚ ਡਾ: ਗੁਰਮੀਤ ਸਿੰਘ, ਚੇਅਰਮੈਨ ਬਲਾਕ ਸਮਿਤੀ ਭੁਨਰਹੇੜੀ, ਕਰਮਜੀਤ ਕੌਰ, ਪਿ੍ੰਸੀਪਲ ਸਰਕਾਰੀ ਹਾਇਰ ਸੈਕੰਡਰੀ ਸਕੂਲ ਸਨੌਰ, ਸੁਨੀਤਾ  ਦੇਵੀ, ਪਿ੍ੰਸੀਪਲ  ਜਵਾਹਰ ਨਵੋਦਿਆ ਵਿਦਿਆਲਿਆ ਫ਼ਤਹਿਗੜ੍ਹ ਸਾਹਿਬ ਆਦਿ ਹਾਜ਼ਰ ਸਨ |ਇਸ ਮੌਕੇ ਹੋਰਨਾਂ ਸਕੂਲਾਂ ਜਿਵੇਂ ਮਾਤਾ ਗੁਜਰੀ ਸਕੂਲ ਦੇਵੀਗੜ੍ਹ, ਸਰਕਾਰੀ ਸੈਕੰਡਰੀ ਸਕੂਲ ਫਤਿਹਪੁਰ ਰਾਜਪੂਤਾਂ, ਭੁਪਿੰਦਰਾ ਇੰਟਰਨੈਸ਼ਨਲ ਸਕੂਲ ਪਟਿਆਲਾ, ਸਰਕਾਰੀ ਹਾਈ ਸਕੂਲ ਨੈਣ ਕਲਾਂ, ਦਾ ਸਟਾਫ ਅਤੇ ਵਿਦਿਆਰਥੀ  ਵੀ ਹਾਜ਼ਰ  ਸਨ।