5 Dariya News

ਭਾਸ਼ਾ ਵਿਭਾਗ ਵੱਲੋਂ ਪ੍ਰੋ: ਅੱਛਰੂ ਸਿੰਘ ਦੀ ਪੁਸਤਕ " ਨਹੀਂ ਰੀਸਾਂ ਪੰਜਾਬੀਏ ਤੇਰੀਆਂ" ਲੋਕ ਅਰਪਣ

5 Dariya News

ਫ਼ਤਹਿਗੜ੍ਹ ਸਾਹਿਬ 27-Sep-2023

ਭਾਸ਼ਾ ਵਿਭਾਗ ਦੇ ਵਿਹੜੇ ਵਿੰਚ ਪ੍ਰੋ: ਅੱਛਰੂ ਸਿੰਘ ਦੀ ਕਿਤਾਬ "ਨਹੀਂ ਰੀਸਾਂ ਪੰਜਾਬੀਏ ਤੇਰੀਆਂ" ਲੋਕ ਅਰਪਣ ਕੀਤੀ ਗਈ। ਵਰਨਣਯੋਗ ਹੈ ਕਿ ਪ੍ਰੋ: ਅੱਛਰੂ ਸਿੰਘ ਪੰਜਾਬੀ ਦੇ ਸ਼੍ਰੋਮਣੀ ਸਾਹਿਤਕਾਰ ਹਨ ਜਿਹੜੇ ਕਿ ਸਰਕਾਰੀ ਮੈਮੋਰੀਅਲ ਕਾਲਜ ਮਾਨਸਾ ਵਿੱਚ 36 ਸਾਲ ਦੀਆ ਸ਼ਾਨਦਾਰ ਸੇਵਾਵਾਂ ਦੇਣ ਉਪੰਰਤ ਅੰਗਰੇਜੀ ਵਿਭਾਗ ਦੇ ਮੁਖੀ ਵਜੋਂ ਸੇਵਾ ਮੁਕਤ ਹੋਏ ਹਨ। ਉਨ੍ਹਾਂ ਨੇ ਹੁਣ ਤੱਕ ਤਿੰਨ ਦਰਜ਼ਨ ਅੰਗੇਰਜ਼ੀ ਦੀਆਂ ਸ਼ਾਹਕਾਰ ਰਚਨਾਵਾਂ ਪੰਜਾਬੀ ਵਿੱਚ ਅਨੁਵਾਦ ਕੀਤੀਆਂ। 

ਅੰਗਰੇਜ਼ੀ ਤੇ ਪੰਜਾਬੀ ਦੀਆਂ ਇੱਕ ਦਰਜ਼ਨ ਤੋਂ ਵੱਧ ਪੁਸਤਕਾਂ ਸੰਪਾਦਿਤ/ ਸੰਕਲਿਤ ਕਰ ਚੁੱਕੇ ਹਨ ਅਤੇ ਅੰਗਰੇਜ਼ੀ ਤੇ ਪੰਜਾਬੀ ਦੀਆਂ ਡੇਢ ਦਰਜ਼ਨ ਮੌਲਿਕ ਪੁਸਤਕਾਂ ਪਾਠਕਾਂ ਦੀ ਨਜ਼ਰ ਕਰ ਚੁੱਕੇ ਹਨ। ਉਨ੍ਹਾਂ ਦੀਆਂ ਲਿਖਤਾਂ ਬਹੁਤ ਹੀ ਰੌਚਕ ਅਤੇ ਗਿਆਨ-ਵਰਧਕ ਹੋਣ ਦੇ ਨਾਲ਼-ਨਾਲ਼ ਬੁਹਤ ਹੀ ਪ੍ਰੇਰਨਾਦਾਇਕ ਹੁੰਦੀਆਂ ਹਨ। 

ਜਿਸ ਕਰਕੇ ਬਹੁਤ ਸਾਰੇ ਵਕਾਰੀ ਮਾਨ-ਸਨਮਾਨ ਉਨ੍ਹਾਂ ਦੀ ਝੋਲੀ ਪੈ ਚੁੱਕੇ ਹਨ। ਇਸ ਸਮੇਂ ਜ਼ਿਲ੍ਹਾ ਭਾਸ਼ਾ ਅਫ਼ਸਰ ਸ. ਜਗਜੀਤ ਸਿੰਘ ਵੱਲੋਂ ਕਿਤਾਬ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ‘‘ ਨਹੀ ਰੀਸਾਂ ਪੰਜਾਬੀਏ ਤੇਰੀਆਂ ’’ ਕਿਤਾਬ ਮੁੱਖ ਤੌਰ ਤੇ ਚਾਰ ਉਦੇਸ਼ਾਂ ਦੀ ਪੂਰਤੀ ਹਿੱਤ ਲਿਖੀ ਗਈ ਹੈ। 

ਇਸ ਦਾ ਪਹਿਲਾ ਉਦੇਸ਼ ਮਾਣਮੱਤੀ ਪੰਜਾਬੀ ਭਾਸ਼ਾ ਤੋਂ ਬੇਮੁੱਖ ਹੋ ਰਹੇ ਨੌਜਵਾਨਾਂ ਨੂੰ ਇਸ ਦੀ ਸਮਰੱਥਾ, ਅਮੀਰੀ ਅਤੇ ਮਹਾਨਤਾ ਦਾ ਅਹਿਸਾਸ ਕਰਵਾ ਕੇ ਉਨ੍ਹਾਂ ਨੂੰ ਇਹ ਭਾਸ਼ਾ ਮਾਣ ਨਾਲ ਬੋਲਣ, ਪੜ੍ਹਨ, ਲਿਖਣ ਅਤੇ ਸਿੱਖਣ ਲਈ ਉਤਸਾਹਿਤ ਕਰਨਾ ਹੈ। ਦੂਸਰਾ ਉਦੇਸ਼ ਇਸ ਨੂੰ ਬੋਲਣ ਅਤੇ ਲਿਖਣ ਵਿੱਚ ਕੀਤੀਆਂ ਜਾਂਦੀਆਂ ਸ਼ਬਦ-ਜੋੜਾਂ ਅਤੇ ਵਿਆਕਰਣ ਦੀਆਂ ਗ਼ਲਤੀਆਂ ਪ੍ਰਤੀ ਪਾਠਕਾਂ ਨੂੰ ਸੂਚੇਤ ਕਰਨਾ ਅਤੇ ਉਨ੍ਹਾਂ ਨੂੰ ਦਰੁਸਤ ਕਰਨਾ ਹੈ। 

ਇਸ ਦਾ ਤੀਜਾ ਉਦੇਸ਼ ਪਾਠਕਾਂ ਨੂੰ ਪੰਜਾਬੀ ਵਿਰਸੇ ਤੇ ਸਭਿਆਚਾਰ ਦਾ ਗਿਆਨ ਦੇਣਾ ਹੈ। ਚੌਥਾਂ ਉਦੇਸ਼ ਵਿਦਿਆਰਥੀਆਂ ਦੀ ਦਿਮਾਗੀ ਕਸਰਤ ਰਾਹੀਂ ਉਨ੍ਹਾਂ ਦੀ ਬੁੱਧੀ ਨੂੰ ਤੀਖਣ ਕਰਨਾ ਹੈ। ਇਸ ਤਰ੍ਹਾਂ ਨਾਲ ਇਹ ਬਹੁ-ਉਦੇਸ਼ੀ ਪੁਸਤਕ ਹਰ ਵਰਗ ਅਤੇ ਹਰ ਉਮਰ ਦੇ ਪਾਠਕਾਂ ਲਈ ਇਕ ਬਹੁਮੁੱਲਾ ਵਰਦਾਨ ਸਾਬਿਤ ਹੋਣ ਦੀ ਸਮਰੱਥਾ ਰੱਖਦੀ ਹੈ। 

ਇਸ ਸਮੇਂ ਐਡਵੋਕੇਟ ਸ. ਜਸਵਿੰਦਰ ਸਿੰਘ ਸਿੱਧੂ , ਸਾਬਕਾ ਡਿਪਟੀ ਡਾਇਰੈਕਟਰ ਦੂਰਦਰਸ਼ਨ  ਦਿੱਲੀ ਹਾਕਮ ਸਿੰਘ, ਸੰਤ ਸਿੰਘ ਸੋਹਲ, ਸਤਵਿੰਦਰ ਸਿੰਘ , ਗੁਰਅਮਨ ਸਿੰਘ , ਸੂਰਜ ਭਾਨ ਆਦਿ ਹਾਜ਼ਰ ਸਨ।