5 Dariya News

ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਵੱਲੋਂ ਗੱਤਕੇ ਨੂੰ ਵਿਸ਼ਵ ਭਰ ਵਿੱਚ ਅੱਗੇ ਵਧਾਉਣ ਦਾ ਅਹਿਦ

5 Dariya News

ਲੰਡਨ 21-Sep-2023

ਵਿਸ਼ਵ ਭਰ ਵਿੱਚ ਸਿੱਖ ਮਾਰਸ਼ਲ ਆਰਟ ਗੱਤਕੇ ਨੂੰ ਪ੍ਰਫੁੱਲਤ ਕਰਨ, ਪ੍ਰਚਾਰ-ਪਸਾਰ ਅਤੇ ਸੰਭਾਲਣ ਦੇ ਉਦੇਸ਼ ਨਾਲ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ (ਕੌਮਾਂਤਰੀ ਸਿੱਖ ਸਸ਼ਤਰ ਵਿੱਦਿਆ ਕੌਂਸਲ) ਨੇ ਹੇਜ਼, ਲੰਡਨ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਅਤੇ ਇਸ ਖੇਡ ਦੇ ਗਤੀਸ਼ੀਲ ਵਿਕਾਸ ਅਤੇ ਵਿਸਥਾਰ ਕਰਨ ਦਾ ਫੈਸਲਾ ਲਿਆ। ਇਹ ਮੀਟਿੰਗ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ, ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਗੱਤਕਾ ਖੇਡ ਦੇ ਖੇਤਰ ਵਿੱਚ ਹੁਣ ਤੱਕ ਹੋਈ ਤਰੱਕੀ ਬਾਰੇ ਚਾਨਣਾ ਪਾਇਆ ਅਤੇ ਭਵਿੱਖ ਦੀਆਂ ਯੋਜਨਾਵਾਂ ਵੀ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ। 

ਹਰਜੀਤ ਸਿੰਘ ਗਰੇਵਾਲ, ਜੋ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਗੱਤਕਾ ਸੋਟੀ ਦੀ ਖੇਡ ਨੂੰ ਪੜਾਅਵਾਰ ਏਸ਼ੀਅਨ ਖੇਡਾਂ, ਰਾਸ਼ਟਰਮੰਡਲ ਖੇਡਾਂ ਅਤੇ ਉਸ ਤੋਂ ਬਾਅਦ ਉਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਇਆ ਜਾਵੇਗਾ। ਇਸ ਮੌਕੇ ਸਰਬਜੀਤ ਸਿੰਘ ਗਰੇਵਾਲ ਸੇਫ਼ਟੈਕ ਸਿਸਟਮਜ਼ ਲਿਮਟਿਡ, ਪ੍ਰਤਾਪ ਸਿੰਘ ਮੋਮੀ, ਕੇਵਲ ਸਿੰਘ ਰੰਧਾਵਾ, ਅਮਰੀਕ ਸਿੰਘ ਸਿੱਧੂ, ਗੁਰਮੀਤ ਸਿੰਘ ਹੰਜਰਾ, ਹਰਵਿੰਦਰ ਸਿੰਘ ਗਰੇਵਾਲ, ਰਜਿੰਦਰ ਸਿੰਘ ਥਿੰਦ, ਗੁਰਤੇਜ ਸਿੰਘ ਯੂ.ਕੇ ਬਿਲਡਰ, ਪਲਵਿੰਦਰ ਸਿੰਘ ਕੁਲਚਾ ਐਕਸਪ੍ਰੈਸ, ਸੁਖਜੀਵਨ ਸਿੰਘ ਸੋਢੀ, ਰੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ ਗਰੇਵਾਲ ਅਤੇ ਬਲਵੰਤ ਸਿੰਘ ਗਰੇਵਾਲ ਆਦਿ ਇਸ ਮੀਟਿੰਗ ਵਿੱਚ ਹਾਜ਼ਰ ਸਨ।

ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਯੂਕੇ ਚੈਪਟਰ ਦੇ ਡਾਇਰੈਕਟਰ ਸਰਬਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਇੰਗਲੈਂਡ ਵਿੱਚ ਪਿਛਲੇ 12 ਸਾਲਾਂ ਤੋਂ ਗੱਤਕਾ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਅਗਵਾਈ ਵਿੱਚ ਗੱਤਕਾ ਖੇਡ ਨੇ ਬਹੁਤ ਬੁਲੰਦੀਆਂ ਹਾਸਲ ਕੀਤੀਆਂ ਹਨ ਅਤੇ ਹਰ ਸਾਲ ਨੈਸ਼ਨਲ ਪੱਧਰ ਦੇ ਗੱਤਕਾ ਮੁਕਾਬਲੇ ਕਰਵਾਏ ਜਾਂਦੇ ਰਹੇ ਹਨ। ਉਨ੍ਹਾਂ ਹਾਲ ਹੀ ਵਿੱਚ ਹੇਜ਼, ਲੰਡਨ ਵਿਖੇ ਹੋਏ 9ਵੇਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿੱਪ ਦੀ ਸਫਲਤਾ ਲਈ ਸਾਰਿਆਂ ਨੂੰ ਵਧਾਈ ਦਿੱਤੀ।

ਇਸ ਮੌਕੇ ਸਰਬਜੀਤ ਸਿੰਘ ਗਰੇਵਾਲ ਅਤੇ ਸਮੂਹ ਹਾਜ਼ਰੀਨ ਨੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਨੂੰ ਤਨੋ, ਮਨੋ, ਧਨੋ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਅਗਲੇ ਸਾਲ ਇੰਗਲੈਂਡ ਵਿਖੇ ਹੋਣ ਵਾਲੀ ਦਸਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਨੂੰ ਸਫਲ ਬਣਾਉਣ ਦਾ ਫੈਸਲਾ ਕੀਤਾ।