ਵਿਧਾਇਕ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਪਿੰਡ ਕਟਲੀ ਦੀ ਰੋਇੰਗ ਅਕੈਡਮੀ 'ਚ ਸਟੇਡੀਅਮ ਦਾ ਨਿਰਮਾਣ ਕਾਰਜ ਸ਼ੁਰੂ
ਅਕੈਡਮੀ ਦੇ ਖਿਡਾਰੀ ਸਤਨਾਮ ਸਿੰਘ ਵੱਲੋਂ ਏਸ਼ੀਅਨ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲਿਆਂ ਵਿੱਚ ਕੁਆਲੀਫਾਈ ਕਰਨ ਤੇ ਖੁਸ਼ੀ ਹੋਈ ਦੁੱਗਣੀ
5 Dariya News
ਰੂਪਨਗਰ 21-Sep-2023
ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਸ਼ੁਰੂ ਕੀਤੀ ਗਈ ਹਰ ਪਿੰਡ ਵਿੱਚ ਖੇਡ ਸਟੇਡੀਅਮ ਬਣਾਉਣ ਦੀ ਮੁਹਿੰਮ ਤਹਿਤ ਅੱਜ ਹਲਕੇ ਦੇ ਪਿੰਡ ਕਟਲੀ ਦੀ ਰੋਇੰਗ ਅਕੈਡਮੀ ਵਿੱਚ ਖੇਡ ਸਟੇਡੀਅਮ ਬਣਾਉਣ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਰਾਹ ਤੋਂ ਮੋੜ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਖੇਡ ਮੈਦਾਨਾਂ ਦੇ ਨਿਰਮਾਣ ਨਾਲ ਪੰਜਾਬ ਵਿੱਚੋਂ ਖੇਡ ਜਗਤ ਨੂੰ ਹੋਰ ਵਧੀਆ ਤੇ ਹੁਨਰਮੰਦ ਖਿਡਾਰੀ ਮਿਲਣਗੇ ਜਿਸ ਕਾਰਨ ਨੌਜਵਾਨਾਂ ਵਿੱਚ ਨਵਾਂ ਉਤਸ਼ਾਹ ਪੈਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਅੱਜ ਇੱਥੇ ਪੁੱਜਣ ਤੇ ਖੁਸ਼ੀ ਹੋਰ ਵੀ ਦੁੱਗਣੀ ਹੋਈ, ਜਦੋਂ ਰੋਇੰਗ ਕੋਚ ਸ. ਗੁਰਜਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਇਸੇ ਅਕੈਡਮੀ ਦੇ ਖਿਡਾਰੀ ਸਤਨਾਮ ਸਿੰਘ ਵੱਲੋਂ ਵੱਡੀ ਮੱਲ ਮਾਰਦਿਆਂ ਏਸ਼ੀਅਨ ਚੈਂਪੀਅਨਸ਼ਿਪ, ਜੋ ਕਿ ਚੀਨ ਵਿਖੇ ਹੋ ਰਹੀ ਹੈ, ਦੇ ਫਾਈਨਲ ਮੁਕਾਬਲਿਆਂ ਵਿੱਚ ਕੁਆਲੀਫਾਈ ਕਰ ਲਿਆ ਹੈ।
ਵਿਧਾਇਕ ਚੱਢਾ ਨੇ ਦੱਸਿਆ ਕਿ ਜਦੋਂ ਦੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਣੀ ਹੈ, ਉਦੋਂ ਤੋਂ ਹੀ ਨੌਜ਼ਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਰੋਇੰਗ ਅਕੈਡਮੀ ਨੂੰ ਮੋਹਾਲੀ ਸ਼ਿਫਟ ਕੀਤਾ ਗਿਆ ਉਥੇ ਹੀ ਇਸ ਨੂੰ ਮੁੜ ਰੋਪੜ ਲਿਆਉਣ ਲਈ ਉਪਰਾਲੇ ਕੀਤੇ ਗਏ ਅਤੇ ਵਾਪਿਸ ਇਸ ਨੂੰ ਰੋਪੜ ਲਿਆਂਦਾ ਗਿਆ।
ਇਸ ਤੋਂ ਇਲਾਵਾ ਇਸ ਅਕੈਡਮੀ ਨੂੰ ਸਮੇਂ-ਸਮੇਂ ਤੇ ਆਉਂਦੀਆਂ ਸਮੱਸਿਆਵਾਂ ਦਾ ਹੱਲ ਵੀ ਕੀਤਾ ਜਾਂਦਾ ਹੈ। ਇਸੇ ਦੌਰਾਨ ਰੋਇੰਗ ਕੋਚ ਸ. ਗੁਰਜਿੰਦਰ ਸਿੰਘ ਚੀਮਾ ਨੇ ਲੋਕਲ ਪਿੰਡਾਂ ਦੀ ਰੋਇੰਗ ਚੈਂਪੀਅਨਸ਼ਿਪ ਕਰਾਉਣ ਲਈ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨਾਲ ਵਾਅਦਾ ਕੀਤਾ ਅਤੇ ਭਵਿੱਖ ਵਿੱਚ ਖਿਡਾਰੀਆਂ ਦੇ ਹੋਰ ਵੀ ਜਿਆਦਾ ਵਧੀਆਂ ਪ੍ਰਦਰਸ਼ਨ ਕਰਨ ਲਈ ਭਰੋਸਾ ਦਿੱਤਾ।
ਇਸ ਮੌਕੇ ਭਾਗ ਸਿੰਘ ਮਦਾਨ, ਸੁਰਜਨ ਸਿੰਘ, ਸੁਰਿੰਦਰ ਸਿੰਘ, ਸ਼ਿਵ ਕੁਮਾਰ ਲਾਲਪੁਰਾ, ਐਡਵੋਕੇਟ ਸਤਨਾਮ ਗਿੱਲ, ਐਮਸੀ ਰਾਜੂ ਸਤਿਆਲ, ਪਿੰਡ ਕਟਲੀ ਤੋਂ ਸਰਪੰਚ ਐਡਵੋਕੇਟ ਕਮਲ਼ ਸੈਣੀ, ਚੇਤਨ ਕਾਲੀਆ ਅਤੇ ਹੋਰ ਪਤਵੰਤੇ ਹਾਜਰ ਸਨ।