ਜ਼ਿਲ੍ਹਾ ਜੇਲ੍ਹ ਰੂਪਨਗਰ ਵਿੱਚ ਜੇਲ੍ਹ ਕੈਦੀਆਂ ਲਈ ਵੋਕੇਸ਼ਨਲ ਸਾਖਰਤਾ ਮੁਹਿੰਮ ਦੀ ਸ਼ੁਰੂਆਤ
5 Dariya News
ਰੂਪਨਗਰ 20-Sep-2023
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਦੇ ਯਤਨਾਂ ਸਦਕਾ ਜ਼ਿਲ੍ਹਾ ਜੇਲ੍ਹ, ਰੂਪਨਗਰ ਵਿੱਚ ਕੈਦੀਆਂ ਦੀ ਕਿੱਤਾਮੁਖੀ ਸਿਖਲਾਈ ਸਬੰਧੀ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜ਼ਿਲ੍ਹਾ ਅਤੇ ਸੈਸ਼ਨ ਜੱਜ, ਰੂਪਨਗਰ ਸ਼੍ਰੀਮਤੀ ਰਮੇਸ਼ ਕੁਮਾਰੀ ਅਤੇ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਸ਼੍ਰੀ ਮਨਜਿੰਦਰ ਸਿੰਘ, ਇਸ ਮੌਕੇ ਹਾਜ਼ਰ ਰਹੇ ਅਤੇ ਮਹੀਨਾ ਭਰ ਚੱਲਣ ਵਾਲੇ ਇਸ ਸਮਾਗਮ ਦਾ ਉਦਘਾਟਨ ਕੀਤਾ ਜੋ ਕਿ 20 ਅਕਤੂਬਰ, 2023 ਨੂੰ ਸਮਾਪਤ ਹੋਵੇਗਾ।
ਇਸ ਵਿਸ਼ੇਸ਼ ਮੁਹਿੰਮ ਤਹਿਤ ਮਹਿਲਾ ਵਾਰਡ ਲਈ ਬਿਊਟੀਸ਼ੀਅਨ ਅਤੇ ਟੇਲਰਿੰਗ ਦੇ ਵਿਸ਼ੇਸ਼ ਕੋਰਸ ਸ਼ੁਰੂ ਕੀਤੇ ਗਏ ਹਨ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਵੱਲੋਂ ਪੁਰਸ਼ ਕੈਦੀਆਂ ਲਈ ਇਲੈਕਟ੍ਰੀਸ਼ੀਅਨ, ਪਲੰਬਰਿੰਗ ਅਤੇ ਬਾਗਬਾਨੀ ਦੇ ਹੁਨਰ ਸਿਖਲਾਈ ਕੋਰਸ ਸ਼ੁਰੂ ਕੀਤੇ ਗਏ ਹਨ। ਆਈ.ਟੀ.ਆਈ.(ਮਹਿਲਾ), ਆਈ.ਟੀ.ਆਈ.(ਪੁਰਸ਼), ਰੂਪਨਗਰ ਅਤੇ ਜ਼ਿਲ੍ਹਾ ਜੰਗਲਾਤ ਦਫ਼ਤਰ ਰੂਪਨਗਰ ਨੇ ਟ੍ਰੇਨਰ ਪ੍ਰਦਾਨ ਕੀਤੇ ਜਦੋਂ ਕਿ ਮੋਨਿਕਾ ਐਨ.ਜੀ.ਓ ਏ.ਸੀ.ਸੀ.ਪੀ ਕੌਪਸ ਦੁਆਰਾ ਵੱਖ ਵੱਖ ਕੋਰਸਾਂ ਲਈ ਟੂਲ-ਕਿੱਟਾਂ ਪ੍ਰਦਾਨ ਕੀਤੀਆਂ ਗਈਆਂ।
ਮੀਡੀਆ ਨਾਲ ਗੱਲਬਾਤ ਕਰਦਿਆਂ ਸੀ.ਜੇ.ਐਮ-ਸਕੱਤਰ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਹਿਮਾਂਸ਼ੀ ਗਲਹੋਤਰਾ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜੇਲ੍ਹ ਦੇ ਕੈਦੀਆਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਵਿਸ਼ੇਸ਼ ਕਿੱਤਾ-ਮੁਖੀ ਸਿਖਲਾਈ ਮੁਹਿੰਮ ਅਪਰਾਧਿਕ ਨਿਆਂ ਪ੍ਰਣਾਲੀ ਦੀ ਆਧੁਨਿਕ ਸੁਧਾਰਵਾਦੀ ਵਿਚਾਰਧਾਰਾ 'ਤੇ ਅਧਾਰਤ ਹੈ। ਹੁਨਰ ਵਿਕਾਸ ਕੋਰਸ ਕੈਦੀਆਂ ਨੂੰ ਵਿਅਸਤ ਰੱਖਣਗੇ ਅਤੇ ਉਨ੍ਹਾਂ ਦੀ ਸੋਚ ਨੂੰ ਅਪਰਾਧ ਤੋਂ ਦੂਰ ਕਰਨਗੇ।
ਉਨ੍ਹਾਂ ਕਿਹਾ ਕਿ ਇਹ ਸਿਖਲਾਈ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਰੁਜ਼ਗਾਰ ਦੇ ਮੌਕੇ ਪ੍ਰਾਪਤ ਕਰਨ ਅਤੇ ਸਨਮਾਨਜਨਕ ਅਤੇ ਸਵੈ-ਨਿਰਭਰ ਜੀਵਨ ਜਿਉਣ ਵਿੱਚ ਮਦਦ ਕਰੇਗੀ। ਇਸ ਮੌਕੇ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਸ਼੍ਰੀ ਸੰਜੇ ਅਗਨੀਹੋਤਰੀ ਅਤੇ ਸੀ.ਜੇ.ਐੱਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਸ਼੍ਰੀ ਬਲਜਿੰਦਰ ਸਿੰਘ ਮਾਨ, ਜੇਲ੍ਹ ਸੁਪਰਡੈਂਟ ਸ਼੍ਰੀ ਗੁਰਨਾਮ ਲਾਲ ਅਤੇ ਡਿਪਟੀ ਸੁਪਰਡੈਂਟ ਜੇਲ੍ਹ ਸ਼੍ਰੀ ਅਨਮੋਲਜੀਤ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਜੇਲ੍ਹ ਦੇ ਕੈਦੀਆਂ ਨੇ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਕਿ ਗਾਇਕੀ, ਕਵਿਤਾ ਅਤੇ ਭੰਗੜਾ ਪੇਸ਼ ਕੀਤਾ ਅਤੇ ਉਨ੍ਹਾਂ ਦੇ ਸੁਧਾਰ ਅਤੇ ਮੁੜ ਵਸੇਬੇ ਲਈ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਵਾਗਤਯੋਗ ਕਦਮ ਲਈ ਧੰਨਵਾਦ ਪ੍ਰਗਟ ਕੀਤਾ।