ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੋਸ਼ਣ ਮਾਹ ਤਹਿਤ ਦੇਵ ਸਮਾਜ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦਾ ਆਯੋਜਨ
ਪੋਸ਼ਟਿਕ ਆਹਾਰ ਦਾ ਸੇਵਨ ਕਰਨ ਅਤੇ ਕੁਪੋਸ਼ਨ ਤੋਂ ਬਚਣ ਸਬੰਧੀ ਕੀਤਾ ਗਿਆ ਜਾਗਰੂਕ
5 Dariya News
ਫਿਰੋਜ਼ਪੁਰ 20-Sep-2023
ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਦੀਆਂ ਹਦਾਇਤਾਂ ਮੁਤਾਬਿਕ ਪੋਸ਼ਣ ਮਾਹ 2023 ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੇਵ ਸਮਾਜ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਐਸਡੀਐਮ ਸ. ਗੁਰਮੰਦਰ ਸਿੰਘ, ਸਹਾਇਕ ਕਮਿਸ਼ਨਰ (ਜ.) ਸ੍ਰੀ ਸੂਰਜ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਇਸ ਮੌਕੇ ਐਸ.ਡੀ.ਐਮ. ਸ. ਗੁਰਮੰਦਰ ਸਿੰਘ ਅਤੇ ਸਹਾਇਕ ਕਮਿਸ਼ਨਰ (ਜ.) ਸ਼੍ਰੀ ਸੂਰਜ ਵੱਲੋਂ ਆਮ ਜਨਤਾ, ਕਿਸ਼ੋਰੀਆਂ ਅਤੇ ਆਂਗਣਵਾੜੀ ਵਰਕਰਾਂ ਨੂੰ ਸਹੀ ਪੋਸ਼ਣ ਸਬੰਧੀ ਸੰਬੋਧਿਤ ਕੀਤਾ ਗਿਆ। ਉਨ੍ਹਾਂ ਸਹੀ ਪੋਸ਼ਣ, ਅਨੀਮੀਆ ਬਾਰੇ ਅਤੇ ਪੰਜਾਬ ਸਰਕਾਰ ਵੱਲੋਂ ਚਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੋਸ਼ਣ ਮਾਹ ਮਨਾਉਣ ਦਾ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਅਨੀਮੀਆ ਅਤੇ ਕੁਪੋਸ਼ਣ ਦੇ ਕਾਰਣਾਂ, ਲੱਛਣਾ, ਇਲਾਜ ਬਾਰੇ ਅਤੇ ਪੋਸ਼ਟਿਕ ਆਹਾਰ ਬਾਰੇ ਜਾਗਰੂਕ ਕਰਨਾ ਹੈ।
ਇਸ ਮੌਕੇ ਸਮਾਜ ਸੇਵੀ ਡਾਕਟਰ ਨੀਲਮ ਸੋਢੀ ਵਲੋ ਮਹਾਵਾਰੀ ਸਵੱਛਤਾ, ਪੋਸ਼ਟਿਕ ਆਹਾਰ ਆਦਿ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੋਸ਼ਣ ਦਾ ਮਤਲਬ ਪੌਸ਼ਟਿਕ ਆਹਾਰ ਦਾ ਸੇਵਨ ਕਰਨਾ ਹੈ, ਜਿਸ ਨਾਲ ਸਾਡੀ ਸਿਹਤ ਨਰੋਈ ਰਹੇ।
ਇਸ ਵਿੱਚ ਸਾਫ ਪਾਣੀ ਪੀਣ ਅਤੇ ਸਾਫ-ਸਫਾਈ ਰੱਖਣ ਦਾ ਵੀ ਬਹੁਤ ਜ਼ਿਆਦਾ ਮਹੱਤਵ ਹੈ। ਪ੍ਰੋਗਰਾਮ ਦੌਰਾਨ ਦੇਵ ਸਮਾਜ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ ਅਤੇ ਪਿਰਮਲ ਫਾਉਂਡੇਸ਼ਨ ਵਲੋਂ ਨੁੱਕੜ ਨਾਟਕ ਪੇਸ਼ ਕੀਤਾ ਗਿਆ।
ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੋਗਰਾਮ ਦਫਤਰ ਦੀਆਂ ਆਂਗਣਵਾੜੀ ਵਰਕਰਾਂ ਵੱਲੋਂ ਦੋ ਪੋਸ਼ਣ ਹੱਟ ਲਗਾਈਆਂ ਗਈਆਂ, ਜਿਸ ਵਿੱਚ ਘਰ ਤੋਂ ਬਣਾਏ ਹੋਏ ਭੋਜਨ ਅਤੇ ਮਸਾਲਿਆਂ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਬਾਰੇ ਜਾਣਕਾਰੀ ਦਿੱਤੀ ਗਈ। ਸਿਹਤ ਵਿਭਾਗ ਵੱਲੋਂ ਮੁਫਤ ਅਨੀਮੀਆ ਜਾਂਚ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ, ਆਯੂਸ਼ ਵਿਭਾਗ ਵੱਲੋਂ ਆਯੂਰਵੈਦਿਕ ਦਵਾਈਆਂ ਦਾ ਸਟਾਲ ਲਗਾ ਕੇ ਜਾਗਰੂਕ ਕੀਤਾ ਗਿਆ, ਮਿਉਸੀਂਪਲ ਕੌਸਲ ਫਿਰੋਜਪੁਰ ਵੱਲੋਂ ਬਾਇਉ ਕੰਪੋਸਟ ਖਾਦ ਅਤੇ ਕੱਪੜੇ ਤੋਂ ਬਣੇ ਬੈਗਾਂ ਦਾ ਸਟਾਲ ਲਗਾਇਆ ਗਿਆ। ਸੇਵਾ ਭਾਰਤ ਐੱਨ.ਜੀ.ਓ ਵੱਲੋਂ ਵੀ ਆਚਾਰ ਦਾ ਸਟਾਲ ਲਗਾਇਆ ਗਿਆ । ਸਖੀ ਵਨ ਸਟੌਪ ਵੱਲੋਂ ਲੜਕੀਆਂ ਅਤੇ ਔਰਤਾਂ ਨੂੰ ਵਿਭਾਗ ਵੱਲੋਂ ਮਿਲਣ ਵਾਲੀਆਂ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਵਰਸੇਟਾਈਲ ਐਂਟਰਪ੍ਰਾਈਜਿਜ਼ ਪ੍ਰਾਈਵੇਟ ਲਿਮਿਟੇਡ ਦੇ ਪ੍ਰੋਜੈਕਟ ਅਮੋਦਿਨੀ ਅਧੀਨ ਮਲਟੀ ਗਰੇਨ ਪੌਸ਼ਟਿਕ ਲੱਡੂ ਵੀ ਕਿਸ਼ੋਰੀ ਕੁੜੀਆਂ ਨੂੰ ਵੰਡੇ ਗਏ। ਅੰਤ ਵਿੱਚ ਜਿਲ੍ਹਾ ਪ੍ਰੋਗਰਾਮ ਅਫਸਰ ਫਿਰੋਜ਼ਪੁਰ ਸ਼੍ਰੀਮਤੀ ਰੀਚਿਕਾ ਨੰਦਾ ਵੱਲੋਂ ਵੀ ਪੋਸ਼ਣ ਅਭਿਆਨ, ਅਨੀਮੀਆ ਅਤੇ ਇਸ ਦੀ ਰੋਕਥਾਮ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ ਅਤੇ ਇਸ ਸਮਾਗਮ ਦੇ ਆਯੋਜਨ ਲਈ ਦੇਵ ਸਮਾਜ ਕਾਲਜ ਅਤੇ ਵਰਸੇਟਾਈਲ ਐਂਟਰਪ੍ਰਾਈਜਿਜ਼ ਪ੍ਰਾਈਵੇਟ ਲਿਮਿਟੇਡ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਇਸ ਮੌਕੇ ਐਸ.ਪੀ ਐਚ ਸ੍ਰੀ ਸੋਹਨ ਲਾਲ ਸੋਨੀ, ਸਕੱਤਰ ਰੈਡ ਕਰਾਸ ਸ਼੍ਰੀ ਅਸ਼ੋਕ ਬਹਿਲ, ਜ਼ਿਲ੍ਹਾ ਹੈਲਥ ਅਫ਼ਸਰ ਸ਼੍ਰੀ ਹਰਕੀਰਤ ਸਿੰਘ ਅਤੇ ਵਿਭਾਗ ਦੇ ਸੀ.ਡੀ.ਪੀ.ਓਜ਼, ਬਲਾਕ ਕੌਆਰਡੀਨੇਟਰ, ਸੁਪਰਵਾਈਜਰ, ਆਂਗਣਵਾੜੀ ਵਰਕਰਜ਼/ਹੈਲਪਰ ਵੀ ਹਾਜ਼ਰ ਸਨ।