5 Dariya News

ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਜਲਦ ਸ਼ੁਰੂ ਹੋਣਗੇ ਈ-ਚਾਲਾਨ : ਕੋਮਲ ਮਿੱਤਲ

ਡਿਪਟੀ ਕਮਿਸ਼ਨਰ ਨੇ ਮਹੀਨਾਵਾਰ ਮੀਟਿੰਗ ’ਚ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦੀ ਕੀਤੀ ਸਮੀਖਿਆ

5 Dariya News

ਹੁਸ਼ਿਆਰਪੁਰ 14-Sep-2023

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਰੋਡ ਸੇਫਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹੇ ਵਿਚ ਸ਼ਨਾਖਤ ਕੀਤੇ ਗਏ ਬਲਾਇੰਡ ਸਪਾਟਾਂ ’ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਇਥੇ ਐਨ.ਐਚ.ਆਈ.ਏ ਤੇ ਪੀ.ਡਬਲਯੂ.ਡੀ ਨਾਲ ਮਿਲ ਕੇ ਹਰ ਜ਼ਰੂਰੀ ਪ੍ਰਬੰਧ ਯਕੀਨੀ ਬਣਾਏ ਜਾਣ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। 

ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਮਹੀਨਾਵਾਰ ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦੀ ਸਮੀਖਿਆ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਵੀ ਮੌਜੂਦ ਸਨ।

ਡਿਪਟੀ ਕਮਸ਼ਨਰ ਨੇ ਦੱਸਿਆ ਕਿ ਟੈ੍ਰਫਿਕ ਨਿਯਮਾਂ ਨੂੰ ਹੋਰ ਦਰੁਸਤ ਕਰਨ ਲਈ ਜ਼ਿਲ੍ਹੇ ਵਿਚ ਈ-ਚਾਲਾਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਤਹਿਤ ਜ਼ਿਲ੍ਹੇ ਵਿਚ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਾਲਾਨ ਇਲੈਕਟ੍ਰੋਨਿਕ ਢੰਗ ਨਾਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਯੂ.ਪੀ.ਆਈ, ਗੁਗਲ ਪੇ ਜਾਂ ਏ.ਟੀ.ਐਮ ਨਾਲ ਚਾਲਾਨ ਮੌਕੇ ’ਤੇ ਵੀ ਭੁਗਤਾਏ ਜਾ ਸਕਣਗੇ। ਈ-ਚਾਲਾਨ ਮਸ਼ੀਨ ਵਿਚ ਰਜਿਸਟ੍ਰੇਸ਼ਨ ਸਰਟੀਫਿਕੇਟ ਤੇ ਲਾਇਸੰਸ ਐਂਟਰ ਕਰਨ ’ਤੇ ਗੱਡੀ ਤੇ ਡਰਾਈਵਰ ਦੀ ਸਾਰੀ ਹਿਸਟਰੀ ਡਿਟੇਲ ਦਿਸ ਜਾਵੇਗੀ ਅਤੇ ਜੇਕਰ ਐਕਟ ਅਨੁਸਾਰ ਜ਼ਰੂਰਤ ਹੋਵੇ, ਤਾਂ ਲਾਇਸੰਸ ਸਸਪੈਂਡ ਵੀ ਆਪਣੇ ਆਪ ਹੋ ਜਾਂਦਾ ਹੈ। 

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੜਕ ਹਾਦਸਿਆਂ ਦੇ ਪੀੜਤਾਂ ਦੀ ਜਾਨ ਬਚਾਉਣ ਵਾਲਿਆਂ ਦੀ ਸਹਾਇਤਾ ਕਰਨ ਵਾਲੇ ਵਿਅਕਤੀਆਂ ਨੂੰ 5-5 ਹਜ਼ਾਰ ਰੁਪਏ ਪੁਰਸਕਾਰ ਰਾਸ਼ੀ ਵਜੋਂ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਮਦਦਗਾਰ ਵਿਅਕਤੀ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਗੁਡ ਸਮਾਰੀਟਨ ਸਰਟੀਫਿਕੇਟ ਦਿੱਤਾ ਜਾਵੇਗਾ। 

ਇਸ ਦੌਰਾਨ ਉਨ੍ਹਾਂ ਨੇ ਜਿਥੇ ਸੇਫ਼ ਸਕੂਲ ਵਾਹਨ ਸਕੀਮ ਦੀ ਸਮੀਖਿਆ ਕੀਤੀ, ਉਥੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਯਕੀਨੀ ਬਣਾਉਣ ਕਿ ਜ਼ਿਲ੍ਹੇ ਦੇ ਕਿਸੇ ਵੀ ਬੱਸ ਸਟੈਂਡ ਦੇ ਬਾਹਰ ਵਾਹਨ ਨਾ ਖੜ੍ਹੇ ਹੋਣ। ਕੋਮਲ ਮਿੱਤਲ ਨੇ ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦੀ ਸਮੀਖਿਆ ਕਰਦੇ ਹੋਏ ਉਨ੍ਹਾਂ ਨੂੰ ਪੈਂਡਿੰਗ ਮਾਮਲਿਆਂ ਦਾ ਜਲਦ ਨਿਪਟਾਰਾ ਕਰਨ ਲਈ ਕਿਹਾ। 

ਉਨ੍ਹਾਂ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਰਿਕਵਰੀ ਸਬੰਧੀ ਮਾਮਲਿਆਂ ਵਿਚ ਗੰਭੀਰਤਾ ਦਿਖਾਈ ਜਾਵੇ ਅਤੇ ਡਿਫਾਲਟਰਾਂ ਦੀ ਲਿਸਟ ਬਣਾ ਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ। ਉਨ੍ਹਾਂ ਇਸ ਦੌਰਾਨ ਸੇਵਾ ਕੇਂਦਰਾਂ ਦੀ ਪੈਂਡੈਂਸੀ ਦੀ ਵੀ ਸਮੀਖਿਆ ਕੀਤੀ ਅਤੇ ਰੈਵੀਨਿਊ ਵਿਭਾਗ ਨਾਲ ਸਬੰਧਤ ਕੋਰਟ ਕੇਸਾਂ ਤੋਂ ਇਲਾਵਾ ਹੋਰ ਵਿਸ਼ਿਆਂ ’ਤੇ ਜਾਣਕਾਰੀ ਵੀ ਹਾਸਲ ਕੀਤੀ।

ਇਸ ਮੌਕੇ ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤ ਇੰਦਰ ਸਿੰਘ ਬੈਂਸ, ਐਸ.ਡੀ.ਐਮ ਦਸੂਹਾ ਪ੍ਰਦੀਪ ਸਿੰਘ, ਐਸ.ਡੀ.ਐਮ ਮੁਕੇਰੀਆਂ ਅਸ਼ੋਕ ਕੁਮਾਰ, ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਆਰ.ਐਸ. ਗਿੱਲ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।