5 Dariya News

ਭਾਸ਼ਾ ਵਿਭਾਗ ਪੰਜਾਬ ਨੇ ਹਿੰਦੀ ਦਿਵਸ ਮਨਾਇਆ

ਨਾਮਵਰ ਕਵੀਆਂ ਨੇ ਬੰਨਿਆ ਰੰਗ

5 Dariya News

ਪਟਿਆਲਾ 14-Sep-2023

ਭਾਸ਼ਾ ਵਿਭਾਗ ਪੰਜਾਬ ਵੱਲੋਂ ਅੱਜ ਇੱਥੇ ਮੁੱਖ ਦਫ਼ਤਰ ਵਿਖੇ ਹਿੰਦੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਵਧੀਕ ਨਿਰਦੇਸ਼ਕਾਂ ਡਾ. ਵੀਰਪਾਲ ਕੌਰ ਦੀ ਅਗਵਾਈ 'ਚ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਪਦਮ ਸ੍ਰੀ ਡਾ. ਹਰਮੋਹਿੰਦਰ ਸਿੰਘ ਬੇਦੀ ਨੇ ਕੀਤੀ। 

ਸ. ਬਚਿੱਤਰ ਸਿੰਘ ਨੇ ਮੁੱਖ ਮਹਿਮਾਨ ਤੇ ਡਾ. ਭੀਮਇੰਦਰ ਸਿੰਘ ਨਿਰਦੇਸ਼ਕ ਵਿਸ਼ਵ ਪੰਜਾਬੀ ਸੈਂਟਰ ਪਟਿਆਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਵੀਰਪਾਲ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਦੇ ਨਾਲ-ਨਾਲ ਹੋਰਨਾਂ ਭਾਸ਼ਾਵਾਂ ਲਈ ਕੀਤੇ ਜਾਂਦੇ ਯਤਨਾਂ ਬਾਰੇ ਜਾਣਕਾਰੀ ਦਿੱਤੀ। 

ਉਨ੍ਹਾਂ ਹਿੰਦੀ ਦਿਵਸ ਦੀ ਸਭ ਨੂੰ ਮੁਬਾਰਕਬਾਦ ਦਿੱਤੀ। ਡਾ. ਹਰਮੋਹਿੰਦਰ ਸਿੰਘ ਨੇ ਆਪਣੇ ਸੰਬੋਧਨ 'ਚ ਆਖਿਆ ਕਿ ਭਾਰਤ 'ਚ 70 ਕਰੋੜ ਲੋਕ ਹਿੰਦੀ ਬੋਲਦੇ ਹਨ ਅਤੇ ਇਹ ਏਸ਼ੀਆ ਦੀ ਸਭ ਤੋਂ ਵੱਡੀ ਭਾਸ਼ਾ ਹੈ। ਦੁਨੀਆ 'ਚ ਚੀਨੀ ਤੋਂ ਬਾਅਦ ਹਿੰਦੀ ਭਾਸ਼ਾ ਸਭ ਤੋਂ ਵੱਧ ਵਿਕਾਸ ਕਰ ਰਹੀ ਹੈ। 

ਅਮਰੀਕਾ ਵਰਗੇ ਮੁਲਕਾਂ 'ਚ ਵੀ ਹਿੰਦੀ ਪੜ੍ਹਾਈ ਜਾਣ ਲੱਗੀ ਹੈ। ਉਨ੍ਹਾਂ ਕਿਹਾ ਕਿ ਭਾਰਤ 'ਚ 22 ਭਾਸ਼ਾਵਾਂ ਨੂੰ ਰਾਸ਼ਟਰੀ ਭਾਸ਼ਾਵਾਂ ਦਾ ਦਰਜਾ ਪ੍ਰਾਪਤ ਹੈ। 

ਜਿਨ੍ਹਾਂ 'ਚ ਹਿੰਦੀ, ਪੰਜਾਬੀ, ਮਰਾਠੀ ਆਦਿ ਮੁੱਖ ਤੌਰ 'ਤੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਯੂ.ਐਨ.ਓ. ਵੱਲੋਂ ਆਉਣ ਵਾਲੇ ਪੰਜ ਸਾਲਾਂ ਦੌਰਾਨ ਹਿੰਦੀ ਨੂੰ ਵਿਸ਼ਵ ਦੀ ਭਾਸ਼ਾ ਐਲਾਨੇ ਜਾਣ ਦੀ ਉਮੀਦ ਹੈ।

ਡਾ. ਬੇਦੀ ਨੇ ਕਿਹਾ ਹਿੰਦੀ ਸਾਹਿਤਕਾਰਾਂ ਵਜੋਂ ਨਾਮਣਾ ਖੱਟਣ ਵਾਲੇ ਬਹੁਤ ਸਾਰੇ ਲਿਖਾਰੀਆਂ ਦੀ ਮਾਤਭਾਸ਼ਾ ਪੰਜਾਬੀ ਹੈ। ਡਾ. ਭੀਮਇੰਦਰ ਸਿੰਘ ਨੇ ਕਿਹਾ ਕਿ ਸਾਨੂੰ ਆਪਣੀਆਂ ਸਵਦੇਸ਼ੀ ਭਾਸ਼ਾਵਾਂ ਬੋਲਣ 'ਚ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਜਦੋਂ ਹੀ ਕਿਸੇ ਖਿੱਤੇ ਦੇ ਲੋਕ ਆਪਣੀ ਮੂਲ ਭਾਸ਼ਾ ਬੋਲਣ 'ਚ ਹੇਠੀ ਮਹਿਸੂਸ ਕਰਨ ਲੱਗ ਜਾਣ ਤਾਂ ਸਮਝੋ ਉਸ ਭਾਸ਼ਾ ਦਾ ਪਤਨ ਸ਼ੁਰੂ ਹੋ ਗਿਆ ਹੈ। 

ਉਨ੍ਹਾਂ ਕਿਹਾ ਹਿੰਦੀ ਦੇ ਵਿਕਾਸ ਲਈ ਸੰਵਾਦ ਰਚਾਉਣ ਦੀ ਬੇਹੱਦ ਜਰੂਰਤ ਹੈ। ਇਸ ਦੇ ਨਾਲ ਹੀ ਹਿੰਦੀ ਪ੍ਰਤੀ ਸਾਡੇ ਲੋਕਾਂ ਨੂੰ ਜਾਗਰੂਕ ਕਰਨ ਦੀ ਜਰੂਰਤ ਹੈ। ਸ. ਬਚਿੱਤਰ ਸਿੰਘ ਨੇ ਹਿੰਦੀ ਦਿਵਸ ਦੀ ਮੁਬਾਰਕਬਾਦ ਦਿੰਦਿਆ ਕਿਹਾ ਕਿ ਸਾਨੂੰ ਆਪਣੀਆਂ ਮੂਲ ਭਾਸ਼ਾਵਾਂ ਦੇ ਸ਼ਬਦਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। 

ਸਗੋਂ ਆਪਣੀ ਮੂਲ ਭਾਸ਼ਾ ਨੂੰ ਮਾਣ ਨਾਲ ਬੋਲਣਾ ਚਾਹੀਦਾ ਹੈ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਵੱਖ-ਵੱਖ ਭਾਸ਼ਾਵਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਹੋਏ ਕਵੀ ਦਰਬਾਰ ਦੌਰਾਨ ਬਾਬੂ ਰਾਮ ਦੀਵਾਨਾ, ਸਾਗਰ ਸੂਦ, ਡਾ. ਅਨੂ ਗੌੜ, ਡਾ. ਮੀਨਾਕਸ਼ੀ, ਜਸਪ੍ਰੀਤ ਫਲਕ, ਮਹਿੰਦਰ ਸਿੰਘ ਜੱਗੀ, ਡਾ. ਹਰਵਿੰਦਰ ਕੌਰ, ਪਰਮਿੰਦਰ ਸ਼ੋਖ, ਪਰਮਿੰਦਰ ਕੌਰ, ਕੈਪਟਨ ਚਮਕੌਰ ਸਿੰਘ ਚਹਿਲ, ਕਿਰਨ ਸਿੰਗਲਾ, ਮੀਨਾਕਸ਼ੀ, ਨਵੀਨ ਕਮਲ ਭਾਰਤੀ ਆਦਿ ਨੇ ਵੱਖ-ਵੱਖ ਵੰਨਗੀਆਂ ਦੀ ਕਵਿਤਾਵਾਂ ਨਾਲ ਰੰਗ ਬੰਨਿਆ। ਇਸ ਮੌਕੇ ਭਾਸ਼ਾ ਵਿਭਾਗ ਦੇ 'ਪੰਜਾਬ ਸੌਰਭ' ਹਿੰਦੀ ਰਸਾਲੇ ਦਾ ਕਹਾਣੀ ਵਿਸ਼ੇਸ਼ ਅੰਕ ਰਿਲੀਜ਼ ਕੀਤਾ ਗਿਆ। ਡਾ. ਹਰਮੋਹਿੰਦਰ ਸਿੰਘ ਬੇਦੀ ਅਤੇ ਮਹਿੰਦਰ ਸਿੰਘ ਜੱਗੀ ਦੀ ਪੁਸਤਕ ਦਾ ਵੀ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੌਰਾਨ ਡਿਪਟੀ ਡਾਇਰੈਕਟਰ ਹਰਪ੍ਰੀਤ ਕੌਰ, ਸਹਾਇਕ ਨਿਰਦੇਸ਼ਕ ਅਲੋਕ ਚਾਵਲਾ, ਅਸ਼ਰਫ ਮਹਿਮੂਦ ਨੰਦਨ, ਅਮਰਿੰਦਰ ਸਿੰਘ, ਜਸਪ੍ਰੀਤ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਨਾਮਵਰ ਲੇਖਕ ਧਰਮ ਕੰਮੇਆਣਾ, ਅਮਰਜੀਤ ਕਾਉਂਕੇ, ਅਵਤਾਰਜੀਤ ਅਟਵਾਲ, ਸੁਖਮੰਦਰ ਸੇਖੋਂ, ਦਰਸ਼ਨ ਸਿੰਘ ਪ੍ਰੀਤੀਮਾਨ, ਹਰਜੀਤ ਕੈਂਥ, ਚਰਨ ਪੁਆਧੀ ਆਦਿ ਹਾਜ਼ਰ ਸਨ। ਅਖੀਰ ਵਿੱਚ ਡਿਪਟੀ ਡਾਇਰੈਕਟਰ ਸਤਨਾਮ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਕੀਤਾ।