5 Dariya News

ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਅਤੇ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ

5 Dariya News

ਰੂਪਨਗਰ 09-Sep-2023

ਖੇਤੀਬਾੜੀ ਅਤੇ ਕਿਸਾਨ ਵਿਭਾਗ ਰੂਪਨਗਰ ਬਲਾਕ ਮੋਰਿੰਡਾ ਵੱਲੋਂ ਮੁੱਖ ਖੇਤੀਬਾੜੀ ਅਫਸਰ ਡਾ. ਗੁਰਬਚਨ ਸਿੰਘ ਦੇ ਦਿਸ਼ਾ-ਨਿਰਦੇਸ਼ ਹੇਠ ਪਿੰਡ ਬੂਥਗੜ੍ਹ ਵਿਖੇ ਝੋਨੇ ਦੀ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਤੇ ਸੁਚੱਜੀ ਸਾਂਭ-ਸੰਭਾਲ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪਿੰਡ ਦੇ ਲੱਗਭਗ 22 ਕਿਸਾਨਾਂ ਨੇ ਭਾਗ ਲਿਆ। ਇਸ ਪਿੰਡ ਪੱਧਰੀ ਕੈਂਪ ਦੀ ਅਗਵਾਈ ਕਰਦਿਆਂ ਡਾ. ਅਮਰੀਕ ਸਿੰਘ ਜ਼ਿਲ੍ਹਾ ਸਿਖਲਾਈ ਅਫਸਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਲਈ ਪ੍ਰੇਰਿਤ ਕੀਤਾ। 

ਉਨਾਂ ਨੇ ਦੱਸਿਆ ਕਿ ਝੋਨੇ ਦੀਆਂ ਘੱਟ ਸਮਾਂ ਲੈਣ ਅਤੇ ਘੱਟ ਕੱਦ ਵਾਲੀਆਂ ਕਿਸਮਾਂ ਦੀ ਚੋਣ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਧਰਤੀ ਦਾ ਤਾਪਮਾਨ ਵੱਧਣ ਨਾਲ ਸੂਖਮ ਜੀਵ ਅਤੇ ਮਿੱਤਰ ਕੀੜੇ ਮਰ ਜਾਂਦੇ ਹਨ। 

ਇਸ ਤੋਂ ਬਿਨਾਂ ਉਨ੍ਹਾਂ ਨੇ ਝੋਨੇ ਦੀ ਪਰਾਲੀ ਸਾੜਨ ਨਾਲ ਪੈਦਾ ਹੋਏ ਧੂੰਏ ਨਾਲ ਵਾਤਾਵਰਣ ਅਤੇ ਮਨੁੱਖੀ ਸਿਹਤ ਨੂੰ ਹੋਣ ਵਾਲੇ ਨੁਕਸਾਨਾਂ ਤੇ ਵੀ ਚਾਨਣਾ ਪਾਇਆ। ਇਸ ਦੇ ਨਾਲ ਹੀ ਡਾ. ਕ੍ਰਿਸ਼ਨਾ ਨੰਦ ਖੇਤੀਬਾੜੀ ਅਫ਼ਸਰ ਰੂਪਨਗਰ ਵੱਲੋ ਝੋਨੇ ਦੀ ਪਰਾਲੀ ਦੀ ਰਹਿੰਦ-ਖੂੰਹਦ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਲਈ ਪੀ.ਏ.ਯੂ ਵੱਲੋਂ ਬਣਾਈ ਨਵੀ ਤਕਨੀਕ ਦੀ ਖੇਤੀ ਮਸ਼ੀਨਰੀ ਸਰਫ਼ੇਸ ਸੀਡਰ ਬਾਰੇ ਜਾਣਕਾਰੀ ਦਿੱਤੀ। 

ਉਨ੍ਹਾਂ ਨੇ ਦੱਸਿਆ ਕਿ ਸਰਫ਼ੇਸ ਸੀਡਰ ਮਸ਼ੀਨ ਤੇ ਨਿੱਜੀ ਤੌਰ ਤੇ ਲੈਣ ਵਾਲੇ ਕਿਸਾਨ ਨੂੰ 40,000/- ਰੁਪਏ ਅਤੇ ਕਸਟਮ ਹਾਇਰਿੰਗ ਸੈਂਟਰ ਤੇ 64000/- ਰੁਪਏ ਵਿਭਾਗ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ। ਸਰਫ਼ੇਸ ਸੀਡਰ ਮਸ਼ੀਨ ਤੇ ਸਬਸਿਡੀ ਪ੍ਰਾਪਤ ਕਰਨ ਵਾਲੇ ਕਿਸਾਨ ਮਿਤੀ 10.09.23 ਸਮਾਂ ਸਾਂਮ 05:00 ਵਜੇ ਤੱਕ agrimachinerypb.com ਉੱਪਰ ਅਪਲਾਈ ਕਰ ਸਕਦੇ ਹਨ। 

ਇਸ ਕੈਂਪ ਵਿੱਚ ਵਿਭਾਗ ਦੇ ਸਰਬਜੀਤ ਸਿੰਘ, ਪਵਿੱਤਰ ਸਿੰਘ ਏ.ਐੱਸ.ਆਈ, ਦਲਜੀਤ ਸਿੰਘ, ਲਵਪ੍ਰੀਤ ਗਿਰ ਏ.ਟੀ.ਐੱਮ, ਹਰਜੀਤ ਸਿੰਘ ਅਤੇ ਕਿਸਾਨਾਂ ਨੇ ਭਾਗ ਲਿਆ।