5 Dariya News

ਕੁਲਜੀਤ ਸਿੰਘ ਬੇਦੀ ਨੇ ਆਪਣੇ ਗ੍ਰਹਿ ਵਿਖੇ ਕੀਤਾ ਬਾਜਵਾ ਅਤੇ ਤਿਵਾੜੀ ਨੂੰ ਸਨਮਾਨਤ

ਬੇਦੀ ਨੂੰ ਛੇਤੀ ਕਰਾਵਾਂਗੇ ਕਾਂਗਰਸ ਵਿਚ ਘਰ ਵਾਪਸੀ : ਬਾਜਵਾ, ਤਿਵਾੜੀ

5 Dariya News

ਮੋਹਾਲੀ 08-Sep-2023

ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੋਹਾਲੀ ਵਿੱਚ ਯਾਤਰਾ ਦੀ ਵਰ੍ਹੇਗੰਢ ਤੇ ਪੁੱਜੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਮੈਂਬਰ ਪਾਰਲੀਮੈਂਟ ਹਲਕਾ ਅਨੰਦਪੁਰ ਸਾਹਿਬ ਮਨੀਸ਼ ਤਿਵਾੜੀ ਦਾ ਵਿਸ਼ੇਸ਼ ਸਨਮਾਨ ਆਪਣੇ ਗ੍ਰਹਿ ਵਿਖੇ ਕੀਤਾ।

ਇਸ ਮੌਕੇ ਬੋਲਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਡਿਪਟੀ ਮੇਅਰ ਬੇਦੀ ਉਹਨਾਂ ਦੇ ਛੋਟੇ ਭਰਾ ਹਨ ਅਤੇ ਉਹਨਾਂ ਦੇ ਜ਼ਿਲ੍ਹੇ ਦੇ ਵੀ ਹਨ। ਉਹਨਾਂ ਕਿਹਾ ਕਿ ਕੁਲਜੀਤ ਸਿੰਘ ਬੇਦੀ ਨੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਸਦਾ ਕੰਮ ਕੀਤਾ। ਉਹਨਾਂ ਕਿਹਾ ਕਿ ਕੁਝ ਕਾਰਨਾਂ ਕਰਕੇ ਕੁਲਜੀਤ ਸਿੰਘ ਬੇਦੀ ਕਾਂਗਰਸ ਪਾਰਟੀ ਤੋਂ ਬਣਵਾਸ ਕੱਟ ਰਹੇ ਹਨ ਪਰ ਛੇਤੀ ਹੀ ਚੰਡੀਗੜ੍ਹ ਵਿਖੇ ਕੁਲਜੀਤ ਸਿੰਘ ਬੇਦੀ ਨੂੰ ਰਸਮੀ ਤੌਰ ਤੇ ਘਰ ਵਾਪਸੀ ਕਰਵਾਈ ਜਾਵੇਗੀ। ਇਸ ਮੌਕੇ ਪੰਜਾਬ ਦੇ ਹਾਲਾਤਾਂ ਬਾਰੇ ਬੋਲਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਜਿਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਹਨ 15 ਸਾਲਾਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਗੈਰ ਪੰਜਾਬੀ ਹੋਵੇਗਾ।

ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ।ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ 40 ਸਾਲ ਦੇ ਰਾਜ ਸਮੇ ਜੇ ਕੋਈ ਔਰਤ ਰਾਤ ਨੂੰ 2:00 ਵਜੇ ਲਾਹੌਰ ਵਿਚ ਜਾਂ ਕਿਸੇ ਵੀ ਪਾਸੇ ਜ਼ੇਵਰਾਂ ਨਾਲ ਲੱਦੀ ਹੋਈ ਨਿਕਲ ਜਾਂਦੀ ਸੀ ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀ ਹੱਥ ਲਾਉਣ ਦੀ ਤੇ ਅੱਜ ਲੋਕ ਆਪਣੇ ਘਰਾਂ ਵਿੱਚ ਵੀ ਮਹਿਫੂਜ ਨਹੀਂ ਹਨ। ਕਿਸਾਨਾਂ ਦੀਆਂ ਸੌ ਫੁੱਟ ਹੇਠਾਂ ਲੱਗੀਆਂ ਮੋਟਰਾਂ, ਬਿਜਲੀ ਦੀਆਂ ਤਾਰਾਂ, ਟਰਾਂਸਫਾਰਮਰ, ਲੋਕਾਂ ਦੇ ਘਰਾਂ ਅੰਦਰ ਖੜ੍ਹੀਆਂ ਗੱਡੀਆਂ ਚੋਰ ਸਰੇਆਮ ਚੁੱਕ ਕੇ ਲੈ ਜਾਂਦੇ ਹਨ।

ਪੰਜਾਬ ਵਿੱਚ ਕੋਈ ਨਵਾਂ ਨਿਵੇਸ਼ ਨਹੀਂ ਆ ਰਿਹਾ ਅਤੇ ਨਾ ਹੀ ਕੋਈ ਨਵੀਂ ਸਨਅਤ ਪੰਜਾਬ ਵਿੱਚ ਆ ਰਹੀ ਹੈ ਸਗੋਂ ਉਦਯੋਗ ਪੰਜਾਬ ਵਿੱਚੋਂ ਭੱਜ ਰਿਹਾ ਹੈ। ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ ਅਤੇ ਉਲਟਾ ਲੋਕਾਂ ਉੱਤੇ ਟੈਕਸ ਦੇ ਵਾਧੂ ਬੋਝ ਪਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੋਈ ਮਹਿਫੂਜ਼ ਨਹੀਂ ਰਿਹਾ ਅਤੇ ਏਸੇ ਕਰਕੇ ਮਾਪੇ ਜਿਸ ਤਰ੍ਹਾਂ ਮਰਜ਼ੀ ਪੈਸੇ ਖਰਚ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਰਹੇ ਹਨ ਅਤੇ ਉਹੀ ਨੌਜਵਾਨ ਇੱਥੇ ਰਹਿ ਗਿਆ ਹੈ ਜੋ ਨਸ਼ੇੜੀ ਹੈ ਜਾਂ ਉਸ ਦੇ ਮਾਂ ਬਾਪ ਕੋਲ ਏਨੇ ਪੈਸੇ ਵੀ ਨਹੀਂ ਕਿ ਉਸਨੂੰ ਅਰਬ ਦੇਸ਼ਾਂ ਵਿੱਚ ਵੀ ਭੇਜ ਸਕਣ।

ਉਹਨਾਂ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਦੇਸ਼ ਵਿੱਚ ਨਫਰਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿਸ ਸੰਸਾਰ ਦਾ ਕੋਈ ਵੀ ਵਿਕਸਤ ਮੁਲਕ ਅਜਿਹਾ ਨਹੀਂ ਹੈ ਜੋ ਸੈਕੂਲਰ ਨਾ ਹੋਵੇ। ਵਿਕਸਿਤ ਮੁਲਕਾਂ ਵਿੱਚ ਹਰੇਕ ਨੂੰ ਆਪਣਾ ਧਰਮ ਮਨਾਉਣ ਦੀ ਆਜ਼ਾਦੀ ਹੈ ਜਦੋਂ ਕਿ ਉਨ੍ਹਾਂ ਮੁਲਕਾਂ ਦੀ ਵੀ 80 ਫੀਸਦੀ ਆਬਾਦੀ ਇੱਕ ਧਰਮ ਦੀ ਹੈ। ਇਹਨਾਂ ਮੁਲਕਾਂ ਵਿੱਚ ਪਹਿਰਾਵੇ ਖਾਣ ਪੀਣ ਜਾਂ ਆਪਣੀਆਂ ਪ੍ਰਥਾਵਾਂ ਅਨੁਸਾਰ ਜਿਉਣ ਤੇ ਕੋਈ ਪਾਬੰਦੀ ਹੈ।

ਉਹਨਾਂ ਕਿਹਾ ਕਿ ਹਿੰਦੁਸਤਾਨ ਦੀ ਪਛਾਣ ਕੱਟੜਪੁਣੇ ਨਾਲ ਨਹੀਂ ਸਗੋਂ ਮਹਾਤਮਾ ਬੁੱਧ, ਗੁਰੂ ਨਾਨਕ ਦੇਵ ਜੀ, ਸਵਾਮੀ ਵਿਵੇਕਾਨੰਦ, ਰਵਿੰਦਰ ਨਾਥ ਟੈਗੋਰ, ਮਹਾਤਮਾ ਗਾਂਧੀ ਦੇ ਨਾਲ ਹੈ। ਇਸ ਦੇਸ਼ ਵਿਚ ਹਰ ਕਿਸਮ ਦਾ ਫੁੱਲ ਗੁਲਦਸਤੇ ਵਿੱਚ ਹੋਏਗਾ ਤਾਂ ਹੀ ਇਹ ਮੁਲਕ ਤਰੱਕੀ ਕਰ ਸਕਦਾ ਹੈ। ਉਹਨਾਂ ਕਿਹਾ ਕਿ ਸਾਡੀ ਹਿੰਦੁਸਤਾਨ ਵਿੱਚ ਲੜਾਈ ਧਰਮਾਂ ਦੀ ਨਹੀਂ ਰੋਟੀ, ਕੱਪੜਾ ਅਤੇ ਮਕਾਨ ਦੀ ਹੈ।

ਉਹਨਾਂ ਕਿਹਾ ਕਿ 140 ਕਰੋੜ ਦੀ ਆਬਾਦੀ ਵਿੱਚ 70 ਫੀਸਦੀ ਲੋਕਾਂ ਨੂੰ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੁੰਦੀ। ਕਿਹਾ ਕਿ ਇਹ ਬੁਨਿਆਦੀ ਲੋੜਾਂ ਪੂਰੀਆਂ ਹੋਣਗੀਆਂ ਤਾਹੀਂ ਅਸੀਂ ਕਹਿ ਸਕਦੇ ਹਾਂ ਕਿ ਮੁਲਕ ਵਿਚ ਰਾਮ ਰਾਜ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਜਿਹੜੇ ਨਵੇਂ ਆਏ ਹਨ ਉਹਨਾਂ ਦਾ ਇਕੱਲੇ ਦਾ ਕੋਈ ਯੋਗਦਾਨ ਨਹੀਂ ਹੈ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਲਗਾਤਾਰ ਤਰੱਕੀ ਦਾ ਸਿਲਸਿਲਾ ਚੱਲ ਰਿਹਾ ਹੈ।

ਇਸ ਮੌਕੇ ਬੋਲਦਿਆਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਕਿਹਾ ਕਿ ਅੱਜ ਦੇਸ਼ ਦੇ ਸਾਹਮਣੇ ਬਹੁਤ ਵੱਡੀ ਚੁਣੌਤੀ ਹੈ। 2024 ਦੀ ਲੜਾਈ ਹਿੰਦੁਸਤਾਨ ਦੇ ਬੁਨਿਆਦੀ ਖਿਆਲ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ 1947 ਦੇ ਉਜਾੜੇ 'ਚੋਂ ਤਿੰਨ ਚੀਜਾਂ ਨਿਕਲੀਆਂ ਜਿਨ੍ਹਾਂ ਵਿੱਚੋਂ ਪਹਿਲੀ ਇਸਲਾਮਿਕ ਮੁਲਕ ਦੀ ਅਤੇ ਭਾਰਤ ਦੀਆਂ ਦੋ ਸੋਚਾਂ ਸ਼ਾਮਲ ਸਨ। ਇੱਕ ਸੋਚ ਧਰਮ ਦੇ ਨਾਂ ਤੇ ਬਟਵਾਰੇ ਦੇ ਬਾਵਜੂਦ ਸੈਕਲੂਰ ਮੁਲਕ ਬਨਾਉਣ ਦੇ ਪੱਖ ਵਿੱਚ ਸੀ ਤੇ ਉਸ ਨੂੰ ਹੀ ਭਾਰਤ ਦੇ ਸੰਵਿਧਾਨ ਵਿੱਚ ਪਰੋਇਆ ਗਿਆ।

ਦੂਜੀ ਸੋਚ ਇਸਲਾਮਿਕ ਮੁਲਕ ਵਾਂਗੂ ਹਿੰਦੂ ਰਾਸ਼ਟਰ ਬਣਾਉਣ ਦੀ ਸੀ। ਉਹਨਾਂ ਕਿਹਾ ਕਿ ਪ੍ਰਗਤੀਸ਼ੀਲ ਅਗਾਂਹਵਧੂ ਅਤੇ ਧਰਮ ਨਿਰਪੇਖ ਲੋਕਾਂ ਨੇ 70 ਸਾਲ ਇਸ ਦੂਜੀ ਸੋਚ ਨੂੰ ਦੇਸ਼ ਦੀ ਸਿਆਸਤ ਦੇ ਹਾਸ਼ੀਏ ਤੇ ਰੱਖਿਆ। 2014 ਵਿੱਚ ਇਹ ਦੂਜੀ ਸੋਚ ਅੱਛੇ ਦਿਨ ਲਿਆਉਣ ਦਾ ਝੂਠ ਪਰੋਸ ਕੇ ਸੱਤਾ ਵਿੱਚ ਆ ਗਈ। ਉਹਨਾਂ ਕਿਹਾ ਕਿ ਪਿਛਲੇ ਨੌ ਵਰ੍ਹਿਆਂ ਵਿੱਚ ਜੋ ਹੋਇਆ ਹੈ ਉਸ ਦੀ ਘੋਖ ਕੀਤੀ ਜਾਵੇ ਤਾਂ ਮਣੀਪੁਰ ਅਤੇ ਨੂੰਹ ਤੋਂ ਇਲਾਵਾ ਵਾਪਰ ਦੀਆਂ ਹੋਰ ਘਟਨਾਵਾਂ ਇਸ ਦੂਜੀ ਸੋਚ ਦੇ ਰੂਪ ਵਿੱਚ ਸਾਹਮਣੇ ਆਉਂਦੀਆਂ ਹਨ।

ਉਹਨਾਂ ਕਿਹਾ ਕਿ ਇਸ ਲਈ 2024 ਦੀ ਲੜਾਈ ਹਿੰਦੁਸਤਾਨ ਦੀ ਹੋਂਦ, ਸੰਵਿਧਾਨ ਅਤੇ ਸਾਨੂੰ ਮਿਲੇ ਅਖ਼ਤਿਆਰਾਂ ਨੂੰ ਬਚਾਉਣ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਜੇ ਆਉਂਦੀਆਂ ਚੋਣਾਂ ਵਿੱਚ ਮੁੜ ਇਹ ਦੂਸਰੀ ਹਾਵੀ ਹੋਈ ਤਾਂ ਹਿੰਦੁਸਤਾਨ ਦੇ ਖਿਆਲ ਦਾ ਕੀ ਬਣੇਗਾ ਉਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਲਈ ਸਾਰਿਆਂ ਨੂੰ ਹੀ ਇੱਕ ਜੁਟ ਹੋਣ ਦੀ ਲੋੜ ਹੈ ਤੇ ਇਸੇ ਲਈ ਕਾਂਗਰਸ ਪਾਰਟੀ ਨੇ ਪਹਿਲ ਕਰਕੇ ਇੰਡੀਆ ਗੱਠਜੋੜ ਬਣਾਉਣ ਦੀ ਪਹਿਲ ਕੀਤੀ ਹੈ।

ਉਹਨਾਂ ਕਿਹਾ ਕਿ ਇਸ ਲਈ ਆਪਣੇ ਆਪ ਤੋਂ ਉਪਰ ਉੱਠ ਕੇ ਇਸ ਬੁਨਿਆਦੀ ਲੜਾਈ ਵਾਸਤੇ ਤਿਆਰ ਰਹਿਣ ਦੀ ਲੋੜ ਹੈ। ਉਹਨਾਂ ਕਿਹਾ ਕਿ ਇਸ ਵਿੱਚ ਚੁਣੌਤੀਆਂ ਆਉਣਗੀਆਂ ਕਿਉਂਕਿ ਕਈ ਲੋਕ ਅਤੇ ਪਾਰਟੀਆਂ ਵਿਚਾਰਿਕ ਤੌਰ ਤੇ ਕੇਂਦਰ ਸਰਕਾਰ ਦੇ ਜ਼ਿਆਦਾ ਨੇੜੇ ਹਨ। ਇਸੇ ਕਰਕੇ 2014 ਦੇ ਵਿੱਚ ਵਿਚਾਰਾਤਮਕ ਰਿੜਕਣ ਹੋਣੀ ਹੈ ਜੋ ਇਹ ਫੈਸਲਾ ਕਰੇਗੀ ਕਿ ਇਹ ਮੁਲਕ ਜਿਸ ਦੀ ਕਲਪਨਾ 1947 ਵਿੱਚ ਆਜ਼ਾਦੀ ਦੇ ਘੁਲਾਟੀਆਂ ਨੇ ਕੀਤੀ ਸੀ, ਇਹ ਮੁਲਕ ਉਨ੍ਹਾਂ ਦੀਆਂ ਬਰਕਰਾਰ ਰਹੇਗਾ ਜਾਂ ਨਹੀਂ।

ਇਸ ਤੋਂ ਪਹਿਲਾਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਭਾਰਤ ਜੋੜੋ ਯਾਤਰਾਂ ਦੀ ਪਹਿਲੀ ਵਰ੍ਹੇ ਗੰਢ ਮੌਕੇ ਮੋਹਾਲੀ ਵਿਖੇ ਆਉਣ ਤੇ ਪ੍ਰਤਾਪ ਸਿੰਘ ਬਾਜਵਾ ਅਤੇ ਮਨੀਸ਼ ਤਿਵਾੜੀ ਦਾ ਨਿੱਘਾ ਸੁਆਗਤ ਕੀਤਾ ਅਤੇ ਦੋਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਉਹਨਾਂ ਨੇ ਆਪਣਾ ਸਿਆਸੀ ਸਫਰ ਕਾਂਗਰਸ ਪਾਰਟੀ ਰਾਹੀਂ ਸ਼ੁਰੂ ਕੀਤਾ ਅਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਸਦਾ ਕੰਮ ਕੀਤਾ ਤੇ ਅੱਜ ਉਹ ਮੁਹਾਲੀ ਨਗਰ ਨਿਗਮ ਡਿਪਟੀ ਮੇਅਰ ਵੀ ਕਾਂਗਰਸ ਪਾਰਟੀ ਦੀ ਹੀ ਬਦੌਲਤ ਹਨ। ਉਹਨਾਂ ਕਿਹਾ ਕਿ ਪਾਰਟੀ ਉਹਨਾਂ ਨਾਲ ਭਾਵੇਂ ਵਾਧਾ ਘਾਟਾ ਕਰ ਗਈ ਪਰ ਉਹਨਾਂ ਨੇ ਕਦੇ ਪਾਰਟੀ ਨਾਲ ਦਗਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਉਹ ਕਾਂਗਰਸ ਪਾਰਟੀ ਤੋਂ ਬਣਵਾਸ ਕੱਟ ਰਹੇ ਹਨ ਸਰਦਾਰ ਬਾਜਵਾ ਅਤੇ ਸ਼੍ਰੀ ਤਿਵਾੜੀ ਜੋ ਵੀ ਉਹਨਾਂ ਦੀ ਡਿਊਟੀ ਲਗਾਉਣਗੇ ਉਹ ਉਸ ਨੂੰ ਤਨਦੇਹੀ ਨਾਲ ਪੂਰਾ ਕਰਨਗੇ।

ਕੁਲਜੀਤ ਸਿੰਘ ਬੇਦੀ ਨੇ ਇਸ ਮੌਕੇ ਜੁੜੇ ਪਤਵੰਤੇ ਸੱਜਣਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਪਰਮਜੀਤ ਸਿੰਘ ਰੰਧਾਵਾ ਸਾਬਕਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਮਿਉਂਸਪਲ ਕੌਸਲਰ ਬਲਜੀਤ ਕੌਰ ਅਤੇ ਸੁੱਚਾ ਸਿੰਘ ਕਲੌੜ, ਗੁਰਚਰਨ ਸਿੰਘ ਭਮਰਾ ਪ੍ਰਧਾਨ ਐਨਵਾਇਰਮੈਂਟ ਸੋਸ਼ਲ ਵੈਲਫੇਅਰ ਸੋਸਾਇਟੀ, ਕ੍ਰਿਸ਼ਨਾ ਮਿੱਤੂ ਜਨ. ਸਕੱਤਰ, ਹਰਜਿੰਦਰ ਧਵਨ, ਜੀਐਸ ਗਿੱਲ, ਰਣਜੋਧ ਸਿੰਘ, ਫ਼ਕੀਰ ਸਿੰਘ ਖਿੱਲਣ, ਜਤਿੰਦਰ ਸਿੰਘ ਜੌਲੀ, ਅਮਿਤ ਮਰਵਾਹਾ, ਅਮਰਜੀਤ ਸਿੰਘ ਬਜਾਜ, ਅਮਨਜੀਤ ਸਿੰਘ ਗੁਲਾਟੀ, ਡਿੰਪਲ ਸਭਰਵਾਲ, ਮਨਜੋਤ ਸਿੰਘ, ਜਸਵਿੰਦਰ ਸਿੰਘ ਕਾਕਾ, ਡਾ. ਜੇ. ਐਸ. ਕੋਛੜ, ਅਪਿੰਦਰ ਜੀਤ ਸਿੰਘ ਚੀਮਾ,ਰਣਜੋਧ ਸਿੰਘ, ਫ਼ਕੀਰ ਸਿੰਘ ਖਿਲਨ ,ਮਾਸਟਰ ਮਦਨ ਸਿੰਘ ,ਤਿਲਕ ਰਾਜ, ਵਿਕਰਮਜੀਤ ਸਿੰਘ ਹੂੰਜਲ ,ਪਰਮਜੀਤ ਸਿੰਘ ਰਿਹਲ ਸਮੇਤ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਵਾਰਡ ਦੇ ਵਸਨੀਕ ਅਤੇ ਪਤਵੰਤੇ ਹਾਜ਼ਰ ਸਨ।