ਫਾਜਿਲਕਾ ਜ਼ਿਲੇ ਦੀ ਸਮੁੱਚੀ ਲੀਡਰਸ਼ਿਪ ਅਤੇ ਕਲੈਰੀਕਲ ਕਾਮਿਆਂ ਵੱਲੋਂ ਮੁਲਾਜ਼ਮ ਵਿਰੋਧੀ "ਐਸਮਾਂ" ਐਕਟ ਦੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ
ਸਰਕਾਰ ਮੁਲਾਜਮ ਵਿਰੋਧੀ ਪੱਤਰਾਂ ਨੂੰ ਜਾਰੀ ਕਰਕੇ ਲੋਕਾਂ ਸਾਹਮਣੇ ਮੁਲਾਜਮਾਂ ਦਾ ਕਰ ਰਹੀ ਅਕਸ ਖਰਾਬ
5 Dariya News
ਫਾਜ਼ਿਲਕਾ 04-Sep-2023
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੂਬਾ ਬਾਡੀ ਵਲੋਂ ਪ੍ਰਾਪਤ ਆਦੇਸ਼ਾਂ ਮੁਤਾਬਿਕ ਡੀ.ਸੀ ਦਫ਼ਤਰ ਫਾਜ਼ਿਲਕਾ ਦੇ ਸਾਹਮਣੇ ਫਾਜਿਲਕਾ ਜ਼ਿਲੇ ਦੀ ਸਮੁੱਚੀ ਲੀਡਰਸ਼ਿਪ ਅਤੇ ਕਲੈਰੀਕਲ ਕਾਮਿਆਂ ਵੱਲੋਂ ਮੁਲਾਜ਼ਮ ਵਿਰੋਧੀ " ਐਸਮਾਂ " ਐਕਟ ਦੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਇਹ ਸਾਰੀ ਕਾਰਵਾਈ ਪੀ.ਐਸ.ਐਮ.ਐਸ.ਯੂ. ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ, ਜਨਰਲ ਸਕੱਤਰ ਸੁਖਦੇਵ ਚੰਦ ਕੰਬੋਜ਼, ਪ੍ਰਧਾਨ ਡੀ.ਸੀ. ਦਫਤਰ ਯੁਨੀਅਨ ਸੁਨਿਲ ਕੁਮਾਰ ਦੀ ਅਗਵਾਈ ਹੇਠ ਕੀਤੀ ਗਈ।
ਯੁਨੀਅਨ ਦੇ ਨੁਮਾਇੰਦਿਆਂ ਨੇ ਆਪਣਾ ਰੋਸ਼ ਜਾਹਰ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਮੁਲਾਜ਼ਮਾਂ ਉਪਰ ਐਸਮਾਂ ਲਗਾ ਕੇ ਸਾਡੇ ਸੰਵਿਧਾਨਕ ਹੱਕ ਉਪਰ ਹਮਲਾ ਕੀਤਾ ਗਿਆ ਹੈ, ਮੁਲਾਜ਼ਮ ਜੋ ਪੜੀ ਲਿਖੀ ਜਮਾਤ ਹੈ ਉਸ ਅਕਸ ਨੂੰ ਸਮਾਜ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮੁਲਾਜਮਾਂ ਦੀ ਮੰਗਾਂ ਸਬੰਧੀ ਗੱਲਬਾਤ ਕਰਨ ਦੀ ਬਜਾਏ ਮੁਲਾਜਮਾਂ ਵਿਰੋਧੀ ਪੱਤਰ ਜਾਰੀ ਕਰ ਰਹੀ ਹੈ।
ਆਗੂਆਂ ਨੇ ਕਿਹਾ ਕਿ ਹੜ੍ਹਾਂ ਦੀ ਸਥਿਤੀ ਵਿਚ ਮਾਲ ਵਿਭਾਗ ਦੇ ਨਾਲ-ਨਾਲ ਹਰ ਇਕ ਮੁਲਾਜਮ ਵੱਲੋ ਆਪਣੀ ਡਿਉਟੀ ਪੂਰੀ ਤਨਦੇਹੀ ਨਾਲ ਨਿਭਾਈ ਗਈ ਪਰ ਸਰਕਾਰ ਵੱਲੋਂ ਐਸਮਾ ਐਕਟ ਵਰਗੇ ਨੋਟੀਫਿਕੇਸ਼ਨ ਜਾਰੀ ਕਰਕੇ ਲੋਕਾਂ ਅੱਗੇ ਮੁਲਾਜਮਾਂ ਦਾ ਮਾੜਾ ਅਕਸ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਾਜਮ ਦਿਨ ਰਾਤ ਕੰਮ ਕਰਦੇ ਹਨ ਤੇ ਕਰਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਲੋਕਾਂ ਦੇ ਕੰਮ ਸਮੇਂ ਸਿਰ ਮੁਕੰਮਲ ਕਰਨ ਅਤੇ ਬਿਨਾਂ ਕਿਸੇ ਰੁਕਾਵਟ ਦੇ ਕਰਨ ਲਈ ਮੁਲਾਜਮ ਪੂਰੀ ਇਮਾਨਦਾਰੀ ਨਾਲ ਆਪਣੀ ਡਿਉਟੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲਾਜਮਾਂ ਦੀਆਂ ਜਾਇਜ ਮੰਗਾਂ ਹਨ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀਆਂ ਹਨ, ਉਨ੍ਹਾਂ ਨੂੰ ਪੂਰਾ ਕਰਨ ਦੀ ਬਜਾਏ ਹੋਰ ਮੁਲਾਜਮ ਵਿਰੋਧੀ ਪੱਤਰ ਜਾਰੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਮੁਲਾਜਮਾਂ ਦੀਆਂ ਮੰਗਾਂ ਦੀ ਪੂਰਤੀ ਸਬੰਧੀ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਭਰਦੀ ਤਾਂ ਆਉਣ ਵਾਲੇ ਦਿਨਾਂ ਵਿਚ ਹੋਰ ਸੰਘਰਸ਼ ਉਲੀਕੇ ਜਾਣਗੇ। ਇਸ ਮੌਕੇ ਡੀ.ਸੀ. ਦਫਤਰ ਦੇ ਕਲੈਰੀਕਲ ਸਟਾਫ ਦੇ ਨਾਲ-ਨਾਲ ਹੋਰ ਵੱਖ-ਵੱਖ ਵਿਭਾਗਾਂ ਦਾ ਸਟਾਫ ਮੌਜੂਦ ਸੀ।