5 Dariya News

'ਬਿੱਲ ਲਿਆਓ, ਇਨਾਮ ਪਾਓ' ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਫਿਰੋਜ਼ਪੁਰ ਵਾਸੀ- ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ

ਕਿਹਾ, ਬਿੱਲ ਅਪਲੋਡ ਕਰਨ ਤੇ ਲੋਕਾਂ ਨੂੰ ਮਿਲਣਗੇ ਹਰ ਮਹੀਨੇ ਇਨਾਮ

5 Dariya News

ਫਿਰੋਜ਼ਪੁਰ 01-Sep-2023

ਪੰਜਾਬ ਸਰਕਾਰ ਵੱਲੋਂ ਵਪਾਰੀਆਂ ਅਤੇ ਖਪਤਕਾਰਾਂ ਨੂੰ "ਮੇਰਾ ਬਿੱਲ" ਐਪ ਬਾਰੇ ਜਾਗਰੂਕ ਅਤੇ ਹੋਰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਜ਼ਿਲ੍ਹੇ ਵਿੱਚ ਐਪ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ੍ਰੀ. ਰਾਜੇਸ਼ ਧੀਮਾਨ ਨੇ ਆਪਣੇ ਦਫਤਰ ਵਿਖੇ ਲਾਈਵ ਬਿੱਲ ਅਪਲੋਡ ਕਰਕੇ ਕੀਤੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਟੈਕਸ ਕਾਨੂੰਨਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕੀਤੇ ਨਿਵੇਕਲੇ ਉਪਰਾਲੇ 'ਬਿੱਲ ਲਿਆਓ, ਇਨਾਮ ਪਾਓ' ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣਾ ਦਾ ਸੱਦਾ ਵੀ ਦਿੱਤਾ। 

ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਟੈਕਸ ਚੋਰੀ ਨੂੰ ਰੋਕਣ ਲਈ 'ਬਿੱਲ ਲਿਆਓ, ਇਨਾਮ ਪਾਓ' ਸਕੀਮ ਦੇ ਤਹਿਤ "ਮੇਰਾ ਬਿੱਲ" ਐਪ ਤਿਆਰ ਕੀਤੀ ਗਈ ਹੈ। ਉਨ੍ਹਾਂ "ਮੇਰਾ ਬਿੱਲ" ਐਪ ਸਬੰਧੀ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਆਦੇਸ਼ ਵੀ ਦਿੱਤੇ। 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਕੀਮ ਅੱਜ ਤੋਂ ਲਾਗੂ ਹੋ ਗਈ ਹੈ, ਇਸ ਸਕੀਮ ਦਾ ਉਦੇਸ਼ ਖਪਤਕਾਰਾਂ ਨੂੰ ਖ਼ਰੀਦ ਕਰਨ ਮੌਕੇ ਡੀਲਰਾਂ ਪਾਸੋਂ ਬਿੱਲ ਲੈਣ ਲਈ ਉਤਸ਼ਾਹਿਤ ਕਰਨਾ ਹੈ, ਜਿਸ ਨਾਲ ਸਰਕਾਰ ਦੇ ਮਾਲੀਏ ਵਿੱਚ ਵਾਧਾ ਕਰਨ ਵਿੱਚ ਵੀ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਨੁਸਾਰ ਸੂਬੇ ਵਿੱਚ 29 ਟੈਕਸੇਸ਼ਨ ਜ਼ਿਲ੍ਹੇ ਹਨ ਅਤੇ ਹਰੇਕ ਟੈਕਸੇਸ਼ਨ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ 10 ਇਨਾਮ ਦਿੱਤੇ ਜਾਣਗੇ ਜਿਸ ਤਹਿਤ ਹਰੇਕ ਮਹੀਨੇ 29 ਲੱਖ ਤੱਕ ਦੇ 290 ਇਨਾਮ ਦਿੱਤੇ ਜਾਣਗੇ। 

ਉਨ੍ਹਾਂ ਦੱਸਿਆ ਕਿ ਜੀ.ਐਸ.ਟੀ. ਅਧੀਨ ਰਜਿਸਟਰ ਅਤੇ ਅਣ ਰਜਿਸਟਰਡ ਡੀਲਰ ਦਾ ਬਿੱਲ ਅਪਲੋਡ ਕੀਤਾ ਜਾ ਸਕਦਾ ਹੈ ਅਤੇ ਅਪਲੋਡ ਕੀਤੇ ਬਿੱਲਾਂ ਵਿੱਚੋਂ ਅਗਲੇ ਮਹੀਨੇ ਦੀ 7 ਤਰੀਕ ਨੂੰ ਲੱਕੀ ਡਰਾਅ ਕੱਢਿਆ ਜਾਵੇਗਾ।  ਉਨ੍ਹਾਂ ਦੱਸਿਆ ਕਿ ਪੈਟਰੋਲੀਅਮ ਉਤਪਾਦ ਅਤੇ ਸ਼ਰਾਬ ਦੇ ਵਿਕਰੀ ਬਿੱਲ ਡਰਾਅ ਲਈ ਯੋਗ ਨਹੀਂ ਹੋਣਗੇ।

ਉਨ੍ਹਾਂ ਫਿਰੋਜ਼ਪੁਰ ਵਾਸੀਆਂ ਨੂੰ ਇਸ ਸਕੀਮ ਦਾ ਫਾਇਦਾ ਲੈਣ ਲਈ ਆਪਣੇ ਫੋਨ 'ਤੇ ‘ਮੇਰਾ ਬਿੱਲ' ਐਪ ਡਾਊਨਲੋਡ ਕਰਕੇ ਰਜਿਸਟਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕਿ ਖਪਤਕਾਰ 'ਮੇਰਾ ਬਿੱਲ' ਐਪ 'ਤੇ ਖ਼ਰੀਦ ਕਰਨ ਦਾ ਬਿੱਲ ਅਪਲੋਡ ਕਰਕੇ ਲੱਕੀ ਡਰਾਅ ਵਿਚ ਸ਼ਾਮਲ ਹੋ ਸਕਦੇ ਹਨ ਅਤੇ ਬਿੱਲ ਦਾ ਘੱਟੋ-ਘੱਟ ਮੁੱਲ 200 ਰੁਪਏ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜੇਤੂਆਂ ਦੀ ਸੂਚੀ ਟੈਕਸੇਸ਼ਨ ਵਿਭਾਗ ਦੀ ਵੈਬਸਾਈਟ www.taxation.punjab.gov.in 'ਤੇ ਸਾਂਝੀ ਕੀਤੀ ਜਾਵੇਗੀ ਅਤੇ ਜੇਤੂਆਂ ਨੂੰ ਮੋਬਾਇਲ ਐਪ ਰਾਹੀਂ ਸੂਚਿਤ ਕੀਤਾ ਜਾਵੇਗਾ। 

ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੋਬਾਇਲ ਤੇ ਇਹ ਐਪ ਡਾਊਨਲੋਡ ਕਰਨ ਅਤੇ ਹਰੇਕ ਖਰੀਦਦਾਰੀ ਤੇ ਪੱਕਾ ਬਿੱਲ ਲੈ ਕੇ ਇਸ ਐਪ ਤੇ ਪਾਉਣ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਕਰ ਚੋਰੀ ਰੁੱਕੇਗੀ ਅਤੇ ਜ਼ਿਆਦਾ ਕਰ ਆਉਣ ਨਾਲ ਸਰਕਾਰ ਲੋਕਾਂ ਲਈ ਹੋਰ ਸਹੂਲਤਾਂ ਦੇ ਸਕੇਗੀ।

ਇਸ ਮੌਕੇ ਕਰ ਵਿਭਾਗ ਫਿਰੋਜ਼ਪੁਰ ਤੋਂ ਸਟੇਟ ਟੈਕਸ ਡਿਪਟੀ ਕਮਿਸ਼ਨਰ ਰਣਜੀਤ ਸਿੰਘ, ਸਟੇਟ ਟੈਕਸ ਸਹਾਇਕ ਕਮਿਸ਼ਨਰ ਗੁਲਸ਼ਨ ਹੁਰੀਆ, ਸਟੇਟ ਟੈਕਸ ਅਫਸਰ ਮੈਡਮ ਰਜਨੀ ਦੇਵਗਨ ਅਤੇ ਆਬਕਾਰੀ ਤੇ ਕਰ ਨਿਰੀਖਕ ਸ੍ਰੀ. ਅੰਮ੍ਰਿਤਪਾਲ, ਸ੍ਰੀ. ਨਿਰਮਲ ਸਿੰਘ, ਸੰਜੀਵ ਕੁਮਾਰ ਅਤੇ ਮੈਡਮ ਸੁਖਵਿੰਦਰ ਕੌਰ ਆਦਿ ਹਾਜ਼ਰ ਸਨ।