ਸਰਕਾਰੀ ਕਾਲਜ ਡੇਰਾਬੱਸੀ ਵਿੱਖੇ ਪਰਾਲੀ ਨਾ ਸਾੜਨ ਤਹਿਤ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕਰਵਾਇਆ ਗਿਆ ਸੈਮੀਨਾਰ
5 Dariya News
ਐਸ. ਏ. ਐਸ. ਨਗਰ 28-Aug-2023
ਸਰਕਾਰੀ ਕਾਲਜ ਡੇਰਾਬੱਸੀ ਵਿੱਖੇ ਪ੍ਰਿੰਸੀਪਲ ਸ਼੍ਰੀਮਤੀ ਕਾਮਨਾ ਗੁਪਤਾ ਦੀ ਯੋਗ ਅਗਵਾਈ ਹੇਠ ਐਨ. ਐਸ.ਐਸ. ਅਤੇ ਵਾਤਾਵਰਨ ਕਮੇਟੀ ਵਲੋਂ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ਪਰਾਲੀ ਨਾ ਸਾੜਨ ਦੇ ਤਹਿਤ ਵਿਦਿਆਰਥੀਆਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ।
ਇਸ ਸੈਮੀਨਾਰ ਵਿਚ ਪ੍ਰੋਫੈਸਰ ਰਾਜਬੀਰ ਢਿੱਲੋ ਨੇ ਇਸ ਸਬੰਧੀ ਪੀ. ਪੀ. ਟੀ. ਦੇ ਰਾਹੀਂ ਵਿਦਿਆਰਥੀਆਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪਰਾਲੀ ਸਾੜਨ ਕਰਕੇ ਵਾਤਾਵਰਨ ਤੇ ਪੈਣ ਵਾਲੇ ਦੁਰਪ੍ਰਭਾਵ ਅਤੇ ਵਾਤਾਵਰਨ ਦੂਸ਼ਿਤ ਹੋਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣੂ ਕਰਵਾਉਂਦੇ ਹੋਏ,ਉਨ੍ਹਾਂ ਨੂੰ ਪਰਾਲੀ ਨਾ ਸਾੜਨ ਬਾਰੇ ਪ੍ਰੇਰਿਤ ਕੀਤਾ।
ਇਸ ਮੌਕੇ ਤੇ ਡਾ. ਸੁਜਾਤਾ ਕੌਸ਼ਲ ਨੇ ਵੀ ਵਿਦਿਆਰਥੀਆਂ ਨੂੰ ਪਰਾਲੀ ਨਾ ਸਾੜਨ ਬਾਰੇ ਪ੍ਰੇਰਿਤ ਕਰਦੇ ਹੋਏ,ਇਸ ਸਬੰਧੀ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ। ਇਸ ਮੌਕੇ ਪ੍ਰੋਫੈਸਰ ਆਮੀ ਭੱਲਾ, ਪ੍ਰੋਫੈਸਰ ਬੋਮਿੰਦਰ ਕੌਰ, ਸ਼੍ਰੀਮਤੀ ਭੁਪਿੰਦਰ ਕੌਰ ਅਤੇ ਸ਼੍ਰੀ ਜਗਮੋਹਨ ਸਿੰਘ ਵੀ ਸ਼ਾਮਿਲ ਸਨ।