5 Dariya News

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਂਵਾਵਾਲੀ ਪੁੱਲ੍ਹ ਪਾਰ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਲਈ ਰਾਹਤ ਸਮੱਗਰੀ ਭੇਜਣੀ ਜਾਰੀ

ਲੋਕਾਂ ਦੀ ਜਿੰਦਗੀ ਵਾਪਸ ਪੁਰਾਣੀਆਂ ਲੀਹਾਂ ਤੇ ਮੁੜਨੀ ਸ਼ੁਰੂ, ਕੁਝ ਹੜ੍ਹ ਪੀੜਤ ਲੋਕ ਆਪਣੇ ਘਰਾਂ ਨੂੰ ਪਰਤਣੇ ਸ਼ੁਰੂ

5 Dariya News

ਫਾਜ਼ਿਲਕਾ 28-Aug-2023

ਫਾਜ਼ਿਲਕਾ ਦੇ ਕਾਂਵਾਵਾਲੀ ਪਾਰ ਦੇ ਸਰਹੱਦੀ ਪਿੰਡ ਜੋ ਪਿਛਲੇ ਦਿਨਾਂ ਤੋਂ ਪਾਣੀ ਦੀ ਮਾਰ ਹੇਠ ਹਨ, ਉੱਥੇ ਹੁਣ ਲਗਾਤਾਰ ਪਾਣੀ ਦਾ ਪੱਧਰ ਘਟ ਰਿਹਾ ਹੈ ਤੇ ਲੋਕਾਂ ਦੀ ਜਿੰਦਗੀ ਵਾਪਸ ਪੁਰਾਣੀਆਂ ਲੀਹਾਂ ਤੇ ਮੁੜਨੀ ਸ਼ੁਰੂ ਹੋ ਗਈ ਹੈ ਤੇ ਜੋ ਲੋਕ ਆਪਣੇ ਰਿਸ਼ਤੇਦਾਰਾਂ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਗਏ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ ਉਨ੍ਹਾਂ ਵਿੱਚੋਂ ਕੁਝ ਲੋਕ ਵਾਪਸ ਆਪਣੇ ਘਰਾਂ ਨੂੰ ਪਰਤਣੇ ਸ਼ੁਰੂ ਹੋ ਗਏ ਹਨ। 

ਜਿਹੜੇ ਪਿੰਡਾਂ ਵਿੱਚ ਹਾਲੇ ਵੀ ਪਾਣੀ ਦਾ ਪੱਧਰ ਕੁਝ ਜ਼ਿਆਦਾ ਹੈ, ਉੱਥੋਂ ਦੇ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ. ਨੇ ਦੱਸਿਆ ਕਿ ਪਾਣੀ ਦਾ ਪੱਧਰ ਹੁਣ ਕਾਫੀ ਘੱਟ ਗਿਆ ਹੈ ਤੇ ਪਾਣੀ ਕਾਂਵਾਵਾਲੀ ਪੁੱਲ ਦੇ ਹੇਠਾ ਵਹਿ ਰਿਹਾ ਹੈ ਤੇ ਲਗਾਤਾਰ ਪਾਣੀ ਦਾ ਪੱਧਰ ਘੱਟ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਸਾਰੇ ਪਿੰਡ ਪਾਣੀ ਦੀ ਮਾਰ ਹੇਠੋਂ ਨਿਕਲ ਆਉਣਗੇ। 

ਉਨ੍ਹਾਂ ਕਿਹਾ ਕਿ ਹੁਣ 121915 ਕਿਊਸਿਕ ਪਾਣੀ ਦੀ ਨਿਕਾਸੀ ਹੁਸੈਨੀਵਾਲਾ ਹੈੱਡਵਰਕਸ ਤੋਂ ਹੋ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉੱਪਮੰਡਲ ਫਾਜ਼ਿਲਕਾ ਦੇ 16 ਪਿੰਡਾਂ ਦੀ ਆਬਾਦੀ ਹੜ੍ਹ ਪ੍ਰਭਾਵਿਤ ਹੋਈ ਹੈ, ਇਨ੍ਹਾਂ ਪਿੰਡਾਂ ਦੇ ਲੋਕਾ ਨੂੰ ਤਰਪਾਲਾਂ, ਰਾਸ਼ਨ ਕਿੱਟਾਂ ਤੇ ਪਸ਼ੂਆਂ ਲਈ ਚਾਰਾ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਰਤੋੜ ਯਤਨ ਕਰਕੇ ਪਹੁੰਚਾਏ ਜਾ ਰਹੇ ਹਨ। 

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ ਤੇ ਮੰਡੀ ਬੋਰਡ ਦੀਆਂ ਟੀਮਾਂ ਨੂੰ ਪ੍ਰਭਾਵਿਤ ਸੜਕੀ ਮਾਰਗ ਖੋਲਣ ਲਈ ਸਖਤ ਨਿਰਦੇਸ ਦਿੱਤੇ ਗਏ ਹਨ ਜੋ ਕਿ ਸੜਕੀ ਮਾਰਗ ਬਹਾਲ ਕਰਨ ਲਈ ਕੰਮ ਰਹੀਆਂ ਹਨ।  ਉਨ੍ਹਾਂ ਕਿਹਾ ਕਿ ਜਿਹਨਾਂ ਪਿੰਡਾਂ ਵਿੱਚ ਪਾਣੀ ਕੁਝ ਜ਼ਿਆਦਾ ਹੈ ਉਨ੍ਹਾਂ ਪਿੰਡਾਂ ਦੇ ਬੱਚੇ, ਬਜੁਰਗ ਅਤੇ ਔਰਤਾਂ ਰਾਹਤ ਕੈਂਪਾਂ ਜਾਂ ਆਪਣੇ ਰਿਸਤੇਦਾਰਾਂ ਕੋਲ ਹੀ ਕੁਝ ਸਮਾਂ ਠਹਿਰਣ ਅਤੇ ਪਾਣੀ ਦਾ ਪੱਧਰ ਪੂਰੀ ਤਰ੍ਹਾਂ ਘਟਣ ਤੇ ਸਥਿਤੀ ਠੀਕ ਹੋਣ ਉਪਰੰਤ ਹੀ ਉਹ ਆਪਣੇ ਘਰ ਵਾਪਸ ਵਰਤਣ। ਉਨ੍ਹਾਂ ਕਿਹਾ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹੂਲਤ ਲਈ ਬਣਾਏ ਰਾਹਤ ਕੈਂਪਾਂ ਵਿੱਚ ਪ੍ਰਸ਼ਾਸਨ ਵੱਲੋਂ ਰਾਹਤ ਸਮੱਗਰੀ ਤੇ ਜ਼ਰੂਰੀ ਵਸਤਾਂ ਦੀਆਂ ਚੀਜ਼ਾਂ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ ਤੇ ਹਰ ਤਰ੍ਹਾਂ ਦੀ ਸਹੂਲਤ ਪਹੁੰਚਾਈ ਜਾ ਰਹੀ ਹੈ।

ਉੱਧਰ ਰਾਹਤ ਕੈਂਪ ਹਸਤਾ ਕਲਾਂ ਤੋਂ ਹਰਨੇਕ ਸਿੰਘ ਅਤੇ ਗੁਰਚਰਨ ਸਿੰਘ ਵਾਸੀ ਢਾਣੀ ਸੱਦਾ ਸਿੰਘ ਨੇ ਪੰਜਾਬ ਸਰਕਾਰ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਦਾ ਪਿੰਡ ਪਾਣੀ ਦੀ ਮਾਰ ਹੇਠ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਰਾਹਤ ਕੈਂਪ ਹਸਤਾ ਕਲਾਂ ਲਿਆਂਦਾ ਗਿਆ, ਇੱਥੇ ਉਨ੍ਹਾਂ ਨੂੰ ਰਹਿਣ ਲਈ ਕਮਰੇ, ਬਿਜਲੀ, ਰੋਟੀ ਅਤੇ ਪਾਣੀ ਮਿਲ ਰਿਹਾ ਹੈ ਤੇ ਇੱਥੇ ਉਨ੍ਹਾਂ ਨੂੰ ਆਪਣੇ ਘਰ ਵਰਗਾ ਮਾਹੌਲ ਹੀ ਲੱਗ ਰਿਹਾ ਹੈ। 

ਉਨ੍ਹਾਂ ਕਿਹਾ ਕਿ ਇੱਥੇ ਸਾਡੇ ਖਾਣ ਪੀਣ ਲਈ ਜਿੱਥੇ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤਾ ਗਿਆ ਹੈ ਉੱਥੇ ਸਾਡੇ ਪਸ਼ੂਆਂ ਦੇ ਠਹਿਰਣ ਲਈ ਵੀ ਪ੍ਰਬੰਧ ਕੀਤਾ ਗਿਆ ਹੈ ਤੇ ਪਸ਼ੂਆਂ ਨੂੰ ਚਾਰਾ ਤੇ ਫੀਡ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ਬਾਅਦ ਜਦੋਂ ਸਾਡੇ ਪਿੰਡ ਵਿੱਚੋਂ ਪਾਣੀ ਪੂਰੀ ਤਰ੍ਹਾਂ ਘੱਟ ਜਾਵੇਗਾ ਤੇ ਉਹ ਆਪਣੇ ਘਰ ਵਾਪਸ ਪਰਤ ਜਾਣਗੇ ਪਰ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮੁਸ਼ਕਲ ਦੀ ਘੜੀ ਵਿੱਚ ਕੀਤੀ ਮਦਦ ਨੂੰ ਕਦੇ ਵੀ ਭੁੱਲ ਨਹੀਂ ਸਕਣਗੇ।