5 Dariya News

ਨਰਮੇਂ ਦੀ ਫ਼ਸਲ ਦਾ ਪੂਰਾ ਝਾੜ ਲੈਣ ਲਈ ਆਉਣ ਵਾਲੇ 20 ਦਿਨ ਬਹੁਤ ਅਹਿਮ : ਸੰਯੁਕਤ ਡਾਇਰੈਕਟਰ

5 Dariya News

ਸ੍ਰੀ ਮੁਕਤਸਰ ਸਾਹਿਬ 22-Aug-2023

ਪੰਜਾਬ ਸਰਕਾਰ ਵੱਲੋਂ ਨਰਮੇਂ ਉਪਰ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਸ. ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਨਰਮਾ ਪੱਟੀ ਵਿੱਚ ਸੀਨੀਅਰ ਖੇਤੀਬਾੜੀ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਜਿ਼ਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਸ਼੍ਰੀ ਜਸਵੰਤ ਸਿੰਘ, ਸੰਯੁਕਤ ਡਾਇਰੈਕਟਰ ਖੇਤੀਬਾੜੀ, ਪੰਜਾਬ ਵੱਲੋਂ ਜਿ਼ਲ੍ਹੇ ਅੰਦਰ ਨਰਮੇਂ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ।

ਇਸ ਮੌਕੇ ਉਨ੍ਹਾਂ ਵਲੋਂ ਪਿੰਡ  ਮੌੜ ਵਿਖੇ ਲਗਾਏ ਜਾ ਰਹੇ ਪਿੰਡ ਪੱਧਰ ਦੇ ਕਿਸਾਨ ਸਿਖ਼ਲਾਈ ਕੈਂਪ ਵਿੱਚ ਸ਼ਮੂਲੀਅਤ ਕੀਤੀ ਅਤੇ ਪਿੰਡ ਮੌੜ, ਰਾਮਗੜ੍ਹ ਚੁੰਘਾਂ, ਬੱਲਮਗੜ੍ਹ, ਭਾਗਸਰ ਅਤੇ ਰਹੂੜਿਆਂਵਾਲੀ ਵਿਖੇ ਨਰਮੇਂ ਦੀ ਫ਼ਸਲ ਦਾ ਸਰਵੇਖਣ ਵੀ ਕੀਤਾ। ਇਸ ਮੌਕੇ ਉਨ੍ਹਾਂ ਖੇਤੀਬਾੜੀ ਵਿਭਾਗ ਦੇ ਸਮੂਹ ਸਟਾਫ਼ ਨਾਲ ਨਰਮੇਂ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਅਹਿਮ ਮੀਟਿੰਗ ਕੀਤੀ ਅਤੇ ਕੁਆਲਿਟੀ ਕੰਟਰੋਲ ਦੇ ਮੱਦੇਨਜ਼ਰ ਖੇਤੀ ਇਨਪੁਟਸ ਦੀ ਸੈਂਪਲਿੰਗ ਅਤੇ ਯੂਰੀਆ ਖਾਦ ਦੀ ਕਿਸਾਨਾਂ ਤੱਕ ਸਹੀ ਵੰਡ ਲਈ ਗੋਦਾਮਾਂ ਦੀ ਚੈਕਿੰਗ ਕੀਤੀ ਗਈ।

ਸ਼੍ਰੀ ਜਸਵੰਤ ਸਿੰਘ, ਸੰਯੁਕਤ ਡਾਇਰੈਕਟਰ ਖੇਤੀਬਾੜੀ, ਪੰਜਾਬ ਅਤੇ ਸ਼੍ਰੀ ਗੁਰਪ੍ਰੀਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਸ ਸਮੇਂ ਨਰਮੇਂ ਦੀ ਫ਼ਸਲ ਲਈ 20 ਦਿਨ ਬਹੁਤ ਅਹਿਮ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਇਸ ਸਮੇਂ ਨਰਮੇਂ ਦੀ ਫ਼ਸਲ ਲਈ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਿਆ ਜਾਵੇ।

ਇਹਨਾਂ ਅਨੁਸਾਰ ਇਸ ਸਮੇਂ ਨਰਮੇਂ ਦੀ ਫ਼ਸਲ ਫੁੱਲ ਡੋਡੀ ਤੇ ਹੈ ਅਤੇ ਟੀਂਡੇ ਬਣ ਰਹੇ ਹਨ, ਇਸ ਲਈ ਨਰਮੇਂ ਦੀ ਫ਼ਸਲ ਨੂੰ ਪਾਣੀ ਦੀ ਘਾਟ ਨਾ ਆਉਣ ਦਿੱਤੀ ਜਾਵੇ। ਇਸ ਸਮੇਂ ਨਰਮੇਂ ਦੀ ਫ਼ਸਲ ਫੁੱਲ ਡੋਡੀ ਤੇ ਹੈ ਅਤੇ ਟੀਂਡੇ ਬਣ ਰਹੇ ਹਨ, ਇਸ ਲਈ ਨਰਮੇਂ ਦੀ ਫ਼ਸਲ ਨੂੰ ਖਾਦ(ਤੱਤਾਂ) ਦੀ ਜ਼ਰੂਰਤ ਹੈ। 

ਇਸ ਲਈ ਖਾਦ ਛਿੱਟੇ ਰਾਹੀਂ ਨਾ ਪਾਈ ਜਾਵੇ ਸਗੋਂ ਪੱਤਿਆਂ ਰਾਹੀਂ ਦਿੱਤੀ ਜਾਵੇ। ਖਾਦਾਂ ਦੀ ਪੂਰਤੀ ਲਈ ਨਰਮੇਂ ਦੀ ਫ਼ਸਲ ਉਪਰ ਪੋਟਾਸ਼ੀਅਮ ਨਾਈਟ੍ਰੇਟ (13:0:45) ਦੋ ਕਿ:ਗ੍ਰਾ: ਪ੍ਰਤੀ ਏਕੜ ਦੀਆਂ 4 ਸਪਰੇਆਂ 7 ਦਿਨਾਂ ਦੇ ਵਕਫ਼ੇ ਤੇ ਕੀਤੀਆਂ ਜਾਣ। 

ਇਸ ਨਾਲ ਨਰਮੇਂ ਦੀ ਫ਼ਸਲ ਨੂੰ ਤਾਕਤ ਦੇ ਨਾਲ-2 ਖਾਦਾਂ ਦੀ ਪੂਰਤੀ ਹੋਵੇਗੀ ਅਤੇ ਫੁੱਲ ਡੋਡੀ ਨਹੀਂ ਡਿੱਗੇਗੀ ਅਤੇ ਪੂਰੇ ਟੀਂਡੇ ਬਣਨਗੇ। ਇਸ ਉਪਰੰਤ ਪੱਤਿਆਂ ਦੀ ਲਾਲੀ ਦੀ ਰੋਕਥਾਮ ਲਈ ਇੱਕ ਕਿ:ਗ੍ਰਾ: ਮੈਗਨੀਸ਼ੀਅਮ ਸਲਫ਼ੇਟ 100 ਲੀਟਰ ਪਾਣੀ ਵਿੱਚ ਘੋਲ ਕੇ 2 ਸਪਰੇਆਂ 7 ਦਿਨਾਂ ਦੇ ਵਕਫ਼ੇ ਤੇ ਕੀਤੀਆਂ ਜਾਣ। ਇਸ ਨਾਲ ਝਾੜ ਵੀ ਵਧਦਾ ਹੈ।

ਸਰਵੇਖਣ ਦੌਰਾਨ ਕਿਤੇ-2 ਨਰਮੇਂ ਦੀ ਫ਼ਸਲ ਉਪਰ ਗੁਲਾਬੀ ਸੁੰਡੀ ਦਾ ਹਮਲਾ ਪਾਇਆ ਗਿਆ। ਇਸ ਸੁੰਡੀ ਦੀ ਰੋਕਥਾਮ ਲਈ 100 ਗ੍ਰਾਮ ਐਮਾਮੈਕਟੀਨ ਬੈਨਜ਼ੋਏਟ 5 ਐਸ ਜੀ(ਪਰੋਕਲੇਮ) ਜਾਂ 500 ਮਿ:ਲੀ: ਪਰੋਫੈਨੋਫ਼ਾਸ 50 ਈ ਸੀ(ਕਿਊਰਾਕਰਾਨ) ਜਾਂ 200 ਮਿ:ਲੀ: ਇੰਡੋਕਸਾਕਾਰਬ 15 ਈ ਸੀ(ਅਵਾਂਟ) ਜਾਂ 800 ਮਿ:ਲੀ: ਈਥੀਆਨ 50 ਈ ਸੀ(ਫਾਸਮਾਈਟ) ਕੀਟਨਾਸ਼ਕਾਂ ਦਾ ਛਿੜਕਾਅ ਕਰੋ। 

ਇਨ੍ਹਾਂ ਕੀਟਨਾਸ਼ਕਾਂ ਦੀ ਵਰਤੋਂ 7 ਤੋਂ 10 ਦਿਨਾਂ ਦੇ ਵਕਫ਼ੇ ਤੇ ਲੋੜ ਪੈਣ ਤੇ ਦੁਬਾਰਾ ਅਦਲ ਬਦਲ ਕੇ ਕੀਤੀ ਜਾਵੇ। ਸੋਕੇ ਕਾਰਨ/ਬਾਰਿਸ਼ਾਂ ਨਾ ਹੋਣ ਕਾਰਨ ਅਤੇ ਹਵਾ ਵਿੱਚ ਨਮੀਂ ਦੀ ਮਾਤਰਾ ਜਿ਼ਆਦਾ ਹੋਣ ਕਾਰਨ ਕੁਝ ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ ਪਾਇਆ ਗਿਆ ਹੈ ਕਿਉਂਕਿ ਇਹ ਮੌਸਮ ਚਿੱਟੀ ਮੱਖੀ ਲਈ ਅਨੁਕੂਲ ਹੈ। 

ਨਰਮੇਂ ਵਾਲੇ ਖੇਤਾਂ ਦਾ ਲਗਾਤਾਰ ਸਰਵੇਖਣ ਕੀਤਾ ਜਾਵੇ ਅਤੇ ਜੇਕਰ ਕਿਤੇ ਵੀ ਚਿੱਟੀ ਮੱਖੀ ਦੇ ਬਾਲਗਾਂ ਦੀ ਗਿਣਤੀ ਪ੍ਰਤੀ ਪੱਤਾ 6 ਹੋ ਜਾਵੇ ਤਾਂ ਸਪਰੇਅ ਕਰਨ ਦੀ ਜ਼ਰੂਰਤ ਹੈ। ਚਿੱਟੀ ਮੱਖੀ ਦੇ ਬਾਲਗਾਂ ਦੀ ਰੋਕਥਾਮ ਲਈ ਅਫਿਡੋਪਾਇਰੋਪਿਨ 50 ਡੀ.ਸੀ.(ਸਫ਼ੀਨਾ) 400 ਮਿ:ਲੀ: ਜਾਂ ਡਾਇਨੋਟੈਫੂਰਾਨ 20 ਐਸ.ਜੀ.(ਓਸ਼ੀਨ) 60 ਗ੍ਰਾਮ ਜਾਂ ਡਾਇਆਫੈਨਥੂਯੂਰੋਨ 50 ਡਬਲਯੂ ਪੀ.(ਪੋਲੋ) 200 ਗ੍ਰਾਮ ਜਾਂ ਫਲੋਨਿਕਾਮਿਡ(ਓਲਾਲਾ) 50 ਡਬਲਯੂ ਜੀ 80 ਗ੍ਰਾਮ ਜਾਂ ਕਲੋਥੀਅਨਡਿਨ 50 ਡਬਲਯੂ ਜੀ(ਡੈਂਟਟੋਟਸੂ) 20 ਗ੍ਰਾਮ ਜਾਂ ਈਥੀਆਨ 50 ਈ.ਸੀ. 800 ਮਿ:ਲੀ: ਪ੍ਰਤੀ ਏਕੜ ਕੀਤੀ ਜਾ ਸਕਦੀ ਹੈ। 

ਚਿੱਟੀ ਮੱਖੀ ਦੇ ਬੱਚਿਆਂ ਦੀ ਰੋਕਥਾਮ ਲਈ ਪਾਈਰੀਪਰੋਕਸੀਫਿਨ 10 ਈ.ਸੀ.(ਲੈਨੋ) 500 ਮਿ:ਲੀ: ਦਾ ਪ੍ਰਤੀ ਏਕੜ ਛਿੜਕਾਅ ਕੀਤਾ ਜਾ ਸਕਦਾ ਹੈ। ਲੋੜ ਪੈਣ ਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਕੀਟਨਾਸ਼ਕ ਦਵਾਈਆਂ ਬਦਲ ਕੇ ਦੁਬਾਰਾ ਸਪਰੇਅ ਕੀਤੀ ਜਾ ਸਕਦੀ ਹੈ।

ਨਰਮੇਂ ਦੀ ਫ਼ਸਲ ਉਪਰ ਹਰੇ ਤੇਲੇ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਕੀਤਾ ਜਾਵੇ ਜਦੋਂ 50 ਪ੍ਰਤੀਸ਼ਤ ਬੂਟਿਆਂ ਵਿੱਚ ਪੂਰੇ ਬਣ ਚੁੱਕੇ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਣ। ਇਸਦੀ ਰੋਕਥਾਮ ਲਈ ਡਾਇਨੋਟੈਫੂਰਾਨ 20 ਐਸ.ਜੀ. (ਓਸ਼ੀਨ) 60 ਗ੍ਰਾਮ, ਫਲੋਨਿਕਾਮਿਡ 50 ਡਬਲਯੂ.ਜੀ(ਓਲਾਲਾ) 80 ਗ੍ਰਾਮ, ਟੋਲਫੈਨਪਾਇਰੈਡ 15 ਈ.ਸੀ.(ਕੀਫ਼ਨ) ਮਿ:ਲੀ:, ਫੈਨਪਾਇਰੋਕਸੀਮੇਟ 5 ਈ.ਸੀ.(ਨਿਓਨ) 300 ਮਿ:ਲੀ:, ਥਾਇਆਮੀਥਾਕਸਮ 25 ਡਬਲਯੂ.ਜੀ.(ਐਕਟਾਰਾ) 40 ਗ੍ਰਾਮ ਪ੍ਰਤੀ ਏਕੜ ਛਿੜਕਾਅ ਕੀਤਾ ਜਾਵੇ।

ਸਪਰੇਅ ਕਰਨ ਸਮੇਂ ਸਾਫ਼ ਪਾਣੀ ਦੀ ਵਰਤੋਂ ਕੀਤੀ ਜਾਵੇ। ਨਰਮੇਂ ਦੀ ਫ਼ਸਲ ਭਾਰੀ ਹੋਣ ਕਾਰਨ ਸਪਰੇਅ ਇਸ ਢੰਗ ਨਾਲ ਕੀਤੀ ਜਾਵੇ ਕਿ ਖੇਤ ਦੇ ਸਾਰੇ ਬੂਟੇ ਕਵਰ ਹੋ ਜਾਣ। ਕਿਸੇ ਵੀ ਕਿਸਮ ਦੀ ਮੁਸ਼ਕਿਲ ਜਾਂ ਹੋਰ ਜਾਣਕਾਰੀ ਲੈਣ ਲਈ ਆਪਣੇ ਪਿੰਡ ਨਾਲ ਸਬੰਧਤ ਖੇਤੀਬਾੜੀ ਵਿਕਾਸ/ਵਿਸਥਾਰ ਅਫ਼ਸਰ ਜਾਂ ਬਲਾਕ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।