5 Dariya News

ਇਫਕੋ ਵਲੋਂ ਨੈਨੋ ਯੂਰੀਆ ਅਤੇ ਨੈਨੋ ਡੀ ਏ ਪੀ ਦੇ ਸਬੰਧ ਵਿੱਚ ਵਰਕਸ਼ਾਪ ਆਯੋਜਿਤ

5 Dariya News

ਫਿਰੋਜ਼ਪੁਰ 18-Aug-2023

ਵਿਸ਼ਵ ਦੀ ਸਭ ਤੋ ਵੱਡੀ ਸਹਿਕਾਰੀ ਸੰਸਥਾ ਇਫਕੋ ਵੱਲੋਂ ਜ਼ਿਲ੍ਹੇ ਦੇ ਇੱਕ ਨਿੱਜੀ ਹੋਟਲ ਵਿਚ ਨੈਨੋ ਯੂਰੀਆ ਅਤੇ ਨੈਨੋ ਡੀ.ਏ.ਪੀ. ਖਾਦਾਂ ਦੀ ਵਰਤੋਂ ਸਬੰਧੀ ਵਰਕਸ਼ਾਪ ਕਰਵਾਈ ਗਈ। ਜਿਸ ਵਿੱਚ ਸ. ਹਰਮੇਲ ਸਿੰਘ ਸਿੱਧੂ ਸਟੇਟ ਮਾਰਕੀਟਿੰਗ ਮੈਨੇਜਰ ਇਫਕੋ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। 

ਇਸ ਮੌਕੇ ਉਨ੍ਹਾਂ ਨਾਲ ਅਮਿਤ ਪੁੰਜ ਖੇਤਬਾੜੀ ਵਿਕਾਸ ਅਫ਼ਸਰ ,ਸਰਕਲ ਜ਼ੀਰਾ, ਸੁਖਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਸਰਕਲ ਮਮਦੋਟ ਤੇ ਇਫਕੋ ਐਮ.ਸੀ. ਸਤਨਾਮ ਸਿੰਘ ਵੀ ਸ਼ਾਮਿਲ ਹੋਏ। ਇਸ ਵਰਕਸ਼ਾਪ ਵਿੱਚ ਜ਼ਿਲ੍ਹੇ ਦੇ ਲੱਗਭਗ 80 ਖਾਦ ਵਿਕ੍ਰੇਤਾਵਾਂ ਨੇ ਹਿੱਸਾ ਲਿਆ। ਇਸ ਮੌਕੇ ਸੰਦੀਪ ਕੁਮਾਰ, ਜ਼ਿਲ੍ਹਾ ਅਧਿਕਾਰੀ ਇਫਕੋ ਫਿਰੋਜ਼ਪੁਰ ਨੇ ਇਫਕੋ ਵਲੋਂ ਸਪਲਾਈ ਕੀਤੀਆਂ ਜਾਣ ਵਾਲੀਆਂ ਖਾਦਾਂ ਦੇ ਸਬੰਧ ਵਿੱਚ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। 

ਹਰਮੇਲ ਸਿੰਘ ਸਿੱਧੂ ਨੇ ਇਫਕੋ ਦੀਆਂ ਨੈਨੋ ਖਾਦਾ, ਨੈਨੋ ਯੂਰੀਆ ਤਰਲ ਅਤੇ ਨੈਨੋ ਡੀ.ਏ.ਪੀ. ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਤਕ ਇਨ੍ਹਾਂ ਖਾਦਾਂ ਦੀ ਪਹੁੰਚ ਅਤੇ ਇਹਨਾਂ ਦੀ ਵਰਤੋਂ ਲਈ ਪ੍ਰੇਰਤ ਕਰਨ ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਨੈਨੋ ਯੂਰੀਆ ਦੀ ਇਕ 500 ਮਿਲਿਲਿੱਟਰ ਦੀ ਬੋਤਲ ਖਾਦ ਦੇ ਇੱਕ ਬੋਰੀ ਦੇ ਬਰਾਬਰ ਕੰਮ ਕਰਦੀ ਹੈ ਅਤੇ ਇਹ ਖਾਦਾਂ ਵਾਤਾਵਰਨ ਪੱਖੀ ਕੋਈ ਮਾੜਾ ਅਸਰ ਨਹੀਂ ਪਾਉਂਦੀਆਂ। 

ਇਨ੍ਹਾਂ ਨਾਲ਼ ਫਸਲ ਦਾ ਝਾੜ ਵੀ ਵਧਦਾ ਹੈ ਅਤੇ ਖੇਤੀ ਖਰਚੇ ਵਿੱਚ ਵੀ ਕਮੀ ਆਉਣ ਕਰਕੇ ਕਿਸਾਨ ਦੀ ਆਮਦਨ ਵਿੱਚ ਵੀ ਵਾਧਾ ਹੁੰਦਾ ਹੈ। ਇਸ ਮੌਕੇ ਅਮਿਤ ਪੁੰਜ ਨੇ ਪਰਾਲੀ ਦੀ ਸਾਂਭ ਸੰਭਾਲ ਲਈ ਖੇਤੀਬਾੜੀ ਮਹਿਕਮੇ ਵੱਲੋਂ ਚਲਾਈ ਜਾ ਰਹੀਆਂ ਮਸ਼ੀਨਰੀ ਦੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। 

ਉਨ੍ਹਾਂ ਸਾਰੇ ਡੀਲਰ ਸਾਹਿਬਾਨਾਂ ਨੂੰ ਬੇਨਤੀ ਕੀਤੀ ਕਿ ਨੈਨੋ ਖਾਦਾਂ ਨੂੰ ਹਰੇਕ ਪਿੰਡ ਵਿੱਚ ਹਰੇਕ ਕਿਸਾਨ ਤੱਕ ਪਹੁੰਚਾਇਆ ਜਾਵੇ। ਸਤਨਾਮ ਸਿੰਘ ਨੇ ਇਫਕੋ ਵੱਲੋਂ ਦਿੱਤੀਆਂ ਜਾ ਰਹੀਆਂ ਦਵਾਈਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। 

ਹਰਮੇਲ ਸਿੰਘ ਸਿੱਧੂ ਵਲੋਂ ਭਾਗੀਦਾਰਾਂ ਵਲੋਂ ਕੀਤੇ ਨੈਨੋ ਖਾਦਾਂ ਸੰਬੰਧੀ ਸਵਾਲਾਂ ਦੇ ਜਵਾਬ ਦਿੱਤੇ ਗਏ। ਅੰਤ ਵਿੱਚ ਸੰਦੀਪ ਕੁਮਾਰ ਵਲੋਂ ਸਾਰੇ ਡੀਲਰ ਸਾਹਿਬਾਨਾਂ ਦਾ ਧੰਨਵਾਦ ਕੀਤਾ ਗਿਆ।