5 Dariya News

ਆਜ਼ਾਦੀ ਦਿਹਾੜੇ ਦੀ 76ਵੀਂ ਵਰ੍ਹੇਗੰਢ: ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਹੋਇਆ ਜ਼ਿਲ੍ਹਾ ਪੱਧਰੀ ਸਮਾਗਮ

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਲਹਿਰਾਇਆ ਕੌਮੀ ਝੰਡਾ

5 Dariya News

ਬਰਨਾਲਾ 15-Aug-2023

ਦੇਸ਼ ਦੀ ਆਜ਼ਾਦੀ ਦੀ 76ਵੀਂ ਵਰ੍ਹੇਗੰਢ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਇੱਥੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਸ਼ਾਨੋ-ਸ਼ੌਕਤ ਨਾਲ ਕਰਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਕੌਮੀ ਝੰਡਾ ਲਹਿਰਾਇਆ। ਮੁੱਖ ਮਹਿਮਾਨ ਨੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। 

ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਅਸੀਂ ਦੇਸ਼ ਦੀ ਆਜ਼ਾਦੀ ਦੀ 76ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ। 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਬਿਜਲੀ, ਖੇਤੀਬਾੜੀ, ਸਿੱਖਿਆ, ਲਾਅ ਐਂਡ ਆਡਰ, ਨਾਗਰਿਕ ਸੇਵਾਵਾਂ, ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਵਪੱਖੀ ਵਿਕਾਸ, ਸਿਹਤ ਤੇ ਨਿਵੇਸ਼ ਪੱਖੀ ਮਾਹੌਲ ਸਿਰਜਣ ਦੇ ਖੇਤਰ ਵਿੱਚ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਖੋਲ੍ਹੇ ਗਏ 583 ਆਮ ਆਦਮੀ ਕਲੀਨਿਕ ਸਫਲਤਾਪੂਰਵਕ ਚੱਲ ਰਹੇ ਹਨ ਅਤੇ 76 ਹੋਰ ਨਵੇਂ ਕਲੀਨਿਕ ਖੋਲ੍ਹੇ ਗਏ ਹਨ। 

ਇਨ੍ਹਾਂ ਕਲੀਨਿਕਾਂ ਤੋਂ 80 ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਰਹੀਆਂ ਹਨ ਅਤੇ 41 ਤਰ੍ਹਾਂ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ। ਹੁਣ ਤੱਕ ਸੂਬੇ ਭਰ ਵਿੱਚ 43.74 ਲੱਖ ਲੋਕਾਂ ਵੱਲੋਂ ਸਿਹਤ ਸੇਵਾਵਾਂ ਪ੍ਰਾਪਤ ਕੀਤੀਆਂ ਗਈਆਂ ਹਨ। 

ਲੋਕਾਂ ਨੂੰ ਘਰ ਦੇ ਨੇੜੇ ਅਤੇ ਵਾਜਬ ਕੀਮਤਾਂ ਉਤੇ ਰੇਤਾ ਮੁਹੱਈਆ ਕਰਵਾਉਣ ਲਈ ਜਨਤਕ ਖੱਡਾਂ ਦੀ ਸ਼ੁਰੂਆਤ ਕੀਤੀ ਗਈ। 60 ਜਨਤਕ ਖੱਡਾਂ ਤੋਂ ਸਾਢੇ 5 ਰੁਪਏ ਦੇ ਹਿਸਾਬ ਨਾਲ ਰੇਤਾ ਮੁਹੱਈਆ ਕਰਵਾਇਆ ਜਾ ਰਿਹਾ ਹੈ। 

ਪੰਜਾਬ ਸਰਕਾਰ ਨੇ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਸੈਨਿਕਾਂ ਦੇ ਸਨਮਾਨ ਵਜੋਂ ਪੰਜਾਬ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਣ ਵਾਲਾ ਮਾਣ ਭੱਤਾ ਵਧਾ ਕੇ 1 ਕਰੋੜ ਰੁਪਏ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਪਹਿਲੀ ਵਾਰ ‘ਖੇਡਾਂ ਵਤਨ ਪੰਜਾਬ ਦੀਆਂ' ਕਰਵਾਈਆਂ ਗਈਆਂ, ਜਿਸ ਵਿੱਚ 3 ਲੱਖ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। 

ਇਸ ਦੌਰਾਨ 9961 ਮੈਡਲ ਜੇਤੂਆਂ ਨੂੰ 6 ਕਰੋੜ 85 ਲੱਖ ਰੁਪਏ ਦੇ ਇਨਾਮ ਵੰਡੇ ਗਏ। ਰਾਸ਼ਟਰਮੰਡਲ ਖੇਡਾਂ ਵਿੱਚ ਤਮਗਾ ਜਿੱਤਣ ਅਤੇ ਹਿੱਸਾ ਲੈਣ ਵਾਲੇ ਪੰਜਾਬ ਦੇ 23 ਖਿਡਾਰੀਆਂ ਨੂੰ 9 ਕਰੋੜ 30 ਲੱਖ ਰੁਪਏ ਦੀ ਨਗਦ ਇਨਾਮੀ ਰਾਸ਼ੀ ਦਿੱਤੀ ਗਈ। ਨੈਸ਼ਨਲ ਗੇਮਜ਼ ਦੇ ਮੈਡਲ ਜੇਤੂ 146 ਖਿਡਾਰੀਆਂ ਨੂੰ 5 ਕਰੋੜ ਰੁਪਏ ਤੋਂ ਵੱਧ ਦੀ ਨਗਦ ਇਨਾਮੀ ਰਾਸ਼ੀ ਦਿੱਤੀ। ਇਸ ਦੌਰਾਨ ਪਰੇਡ ਕਮਾਂਡਰ ਡੀ ਐੱਸ ਪੀ ਤਪਾ ਡਾ. ਮਾਨਵਜੀਤ ਸਿੰਘ ਦੀ ਅਗਵਾਈ ਵਿਚ ਵੱਖ-ਵੱਖ ਟੁਕੜੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। 

ਪੰਜਾਬ ਪੁਲੀਸ ਦੀ ਪੁਰਸ਼ਾਂ ਦੀ ਟੁਕੜੀ ਦੀ ਅਗਵਾਈ ਏਐਸਆਈ ਪਵਨ ਕੁਮਾਰ, ਮਹਿਲਾ ਟੁਕੜੀ ਦੀ ਅਗਵਾਈ ਐੱਸਆਈ ਰੇਣੂ ਪ੍ਰੋਚਾ, ਪੰਜਾਬ ਹੋਮ ਗਾਰਡਜ਼ ਦੀ ਟੁਕੜੀ ਦੀ ਅਗਵਾਈ ਪਰਮਜੀਤ ਸਿੰਘ ਨੇ ਕੀਤੀ। ਐਨਸੀਸੀ ਦੀ ਪਹਿਲੀ ਐਸ ਡੀ ਕਾਲਜ ਦੀ ਟੁਕੜੀ ਦੀ ਅਗਵਾਈ ਪਲਕ, ਦੂਜੀ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਟੁਕੜੀ ਦੀ ਅਗਵਾਈ ਦਵਿੰਦਰ ਸਿੰਘ ਤੇ ਮਨਪ੍ਰੀਤ ਕੌਰ ਨੇ ਕੀਤੀ। 

ਅਕਾਲ ਅਕੈਡਮੀ ਟੱਲੇਵਾਲ ਦੀ ਟੁਕੜੀ ਦੀ ਅਗਵਾਈ ਜੋਬਨਪ੍ਰੀਤ ਸਿੰਘ, ਅਕਾਲ ਅਕੈਡਮੀ ਟੱਲੇਵਾਲ ਦੀ ਦੂਜੀ ਟੁਕੜੀ ਦੀ ਅਗਵਾਈ ਅਨਮੋਲ ਕੌਰ, ਸੈਕਰੇਡ ਹਾਰਟ ਸਕੂਲ ਦੀ ਟੁਕੜੀ ਦੀ ਅਗਵਾਈ ਵਿਸ਼ਵਨੂਰ ਕੌਰ, ਬਾਬਾ ਗਾਂਧਾ ਸਿੰਘ ਸਕੂਲ ਦੀ ਟੁਕੜੀ ਦੀ ਅਗਵਾਈ ਬਲਰਾਜ ਸਿੰਘ, ਐਲ ਬੀ ਐੱਸ ਦੀ ਟੁਕੜੀ ਦੀ ਅਗਵਾਈ ਰਮਿੰਦਰਜੀਤ ਕੌਰ, ਸੈਕਰੇਡ ਹਾਰਟ ਸਕੂਲ ਦੇ ਬੈਂਡ ਦੀ ਅਗਵਾਈ ਚਮਨ ਸਿੰਘ ਤੇ ਪੁਲੀਸ ਬੈਂਡ ਦੀ ਅਗਵਾਈ ਏਐਸਆਈ ਗੁਰਚਰਨ ਸਿੰਘ ਨੇ ਕੀਤੀ।

ਇਸ ਮੌਕੇ ਸਿੱਖਿਆ ਵਿਭਾਗ, ਸਿਹਤ ਵਿਭਾਗ, ਖੇਡ ਵਿਭਾਗ, ਖੇਤੀਬਾੜੀ ਵਿਭਾਗ, ਪੁਲੀਸ ਵਿਭਾਗ, ਮਾਰਕਫੈੱਡ ਬਰਨਾਲਾ, ਜ਼ਿਲ੍ਹਾ ਉਦਯੋਗ ਕੇਂਦਰ, ਵਣ ਵਿਭਾਗ, ਨਹਿਰੀ ਵਿਭਾਗ, ਰੋਜ਼ਗਾਰ ਬਿਊਰੋ, ਪ੍ਰਦੂਸ਼ਣ ਕੰਟਰੋਲ ਬੋਰਡ ਤੇ ਟਰਾਈਡੈਂਟ ਗਰੁੱਪ, ਜ਼ਿਲ੍ਹਾ ਪ੍ਰੀਸ਼ਦ ਵਲੋਂ ਵੱਖ ਵੱਖ ਵਿਸ਼ਿਆਂ 'ਤੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਪ੍ਰੋਜੈਕਟ 'ਪਹੁੰਚ' ਬਾਰੇ ਝਾਕੀ ਕੱਢੀ ਗਈ। ਇਸ ਉਪਰੰਤ ਮੁੱਖ ਮਹਿਮਾਨ ਵੱਲੋਂ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਦਾ ਸਨਮਾਨ ਕੀਤਾ ਗਿਆ। 

ਇਸ ਤੋਂ ਇਲਾਵਾ ਵੱਖ ਵੱਖ ਖੇਤਰਾਂ ਵਿੱਚ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਟ੍ਰਾਈਸਾਈਕਲਾਂ, ਵ੍ਹੀਲ ਚੇਅਰਾਂ ਤੇ ਮਸ਼ੀਨਾਂ ਦੀ ਵੰਡ ਕੀਤੀ ਗਈ। ਇਸ ਮੌਕੇ ਵੱਖ ਵੱਖ ਸਕੂਲਾਂ ਦੇ 600 ਬੱਚਿਆਂ ਵੱਲੋਂ ਪੀਟੀ ਸ਼ੋਅ ਪੇਸ਼ ਕੀਤਾ ਗਿਆ।  

ਇਸ ਮੌਕੇ ਸਰਵਹਿੱਤਕਾਰੀ ਵਿਦਿਆ ਮੰਦਰ ਬਰਨਾਲਾ,  ਸ ਸ ਸ ਸਕੂਲ ਫਰਵਾਹੀ, ਮਦਰ ਟੀਚਰ ਸਕੂਲ ਬਰਨਾਲਾ, ਜੈ ਵਾਟਿਕਾ ਬਰਨਾਲਾ, ਬਾਬਾ ਗਾਂਧਾ ਸਿੰੰਘ ਸਕੂਲ, ਪਵਨ ਸੇਵਾ ਸੰਮਤੀ ਸਕੂਲ, ਟੰਡਨ ਇੰਟਰਨੈਸ਼ਨਲ ਸਕੂਲ, ਸ ਸ ਸ ਸਕੂਲ ਕੋਟਦੁੱਨਾ ਅਤੇ ਸ ਸ ਸ ਸਕੂਲ (ਕੰਨਿਆ) ਬਰਨਾਲਾ, ਐਸ ਬੀ ਐਸ ਬਰਨਾਲਾ, ਸ ਸ ਸ ਸ ਸੰਧੂ ਪੱਤੀ ਦੇ ਵਿਦਿਆਰਥੀਆਂ ਵੱਲੋਂ ਕੋਰੋਗ੍ਰਾਫੀਆਂ ਪੇਸ਼ ਕੀਤੀਆਂ ਗਈਆਂ ਤੇ ਰਾਸ਼ਟਰ ਗਾਣ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਅਤੇ ਸਰਬੋਤਮ ਅਕੈਡਮੀ ਖੁੱਡੀ ਦੇ ਬੱਚਿਆਂ ਨੇ ਪੇਸ਼ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਲੋਂ 16 ਅਗਸਤ ਨੂੰ ਜ਼ਿਲ੍ਹੇ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ।

ਇਸ ਮੌਕੇ ਵਿਧਾਇਕ ਮਹਿਲ ਕਲਾਂ ਸ. ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਭਦੌੜ ਸ. ਲਾਭ ਸਿੰਘ ਉਗੋਕੇ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਗੁਰਦੀਪ ਸਿੰਘ ਬਾਠ, ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਏ ਡੀ ਜੀ ਪੀ ਸ੍ਰੀ ਮੁਨੀਸ਼ ਚਾਵਲਾ, ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਬਰਨਾਲਾ ਸ੍ਰੀ ਬੀ ਬੀ ਐੱਸ ਤੇਜੀ ਤੇ ਹੋਰ ਜੱਜ ਸਾਹਿਬਾਨ, ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ, ਐਸਐਸਪੀ ਸ੍ਰੀ ਸੰਦੀਪ ਕੁਮਾਰ ਮਲਿਕ, ਐੱਸ ਡੀ ਐਮ ਗੋਪਾਲ ਸਿੰਘ, ਸਹਾਇਕ ਕਮਿਸ਼ਨਰ ਸੁਖਪਾਲ ਸਿੰਘ, ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ, ਅਧਿਆਪਕ ਅਤੇ ਸਕੂਲੀ ਵਿਦਿਆਰਥੀ ਤੇ ਹੋਰ ਪਤਵੰਤੇ ਹਾਜ਼ਰ ਸਨ।