ਤੁੰਗ ਢਾਬ ਡਰੇਨ ਦੀ ਕਾਇਆ ਕਲਪ ਕਰਨ ਲਈ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵੱਲੋਂ ਮੀਟਿੰਗ
ਡਰੇਨ ਗੰਦੇ ਪਾਣੀ ਦਾ ਨਾਲਾ ਨਹੀਂ, ਨਦੀ ਵਾਂਗ ਸਾਫ ਹੋਵੇਗੀ-ਡਿਪਟੀ ਕਮਿਸ਼ਨਰ
5 Dariya News
ਅੰਮ੍ਰਿਤਸਰ 09-Aug-2023
ਸ਼ਹਿਰ ਦੇ ਬਾਹਰੀ ਸਰਹੱਦ ਨਾਲ ਲੱਗਦੀ ਤੁੰਗ ਢਾਬ ਡਰੇਨ, ਜੋ ਕਿ ਲੰਮੇ ਸਮੇਂ ਤੋਂ ਸ਼ਹਿਰ ਦੇ ਵਾਤਵਰਣ ਨੂੰ ਖਰਾਬ ਕਰ ਰਹੀ ਹੈ, ਹੁਣ ਨਿਕਟ ਭਵਿੱਖ ਵਿਚ ਨਦੀ ਵਾਂਗ ਸਾਫ ਹੋਵੇਗੀ। ਅੱਜ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਇਸ ਡਰੇਨ, ਜੋ ਕਿ ਇਸ ਵੇਲੇ ਗੰਦੇ ਨਾਲੇ ਦਾ ਰੂਪ ਧਾਰ ਚੁੱਕੀ ਹੈ, ਨੂੰ ਸਾਫ ਕਰਨ ਲਈ ਬੁਲਾਈ ਉਚ ਪੱਧਰੀ ਮੀਟਿੰਗ ਵਿਚ ਫੈਸਲਾ ਲਿਆ ਕਿ ਡਰੇਨ ਨੂੰ ਪੱਕਾ ਕਰਨ ਦੇ ਨਾਲ-ਨਾਲ ਇਸ ਦੇ ਦੋਵੇਂ ਪਾਸੇ ਸੀਵਰੇਜ ਲਾਈਨ ਪਾਈ ਜਾਵੇ, ਜੋ ਕਿ ਇਸ ਨਾਲ ਲੱਗਦੀਆਂ ਕਾਲੋਨੀਆਂ ਤੇ ਸਨਅਤਾਂ ਦਾ ਪਾਣੀ ਸੀਵਰੇਜ ਟਰੀਟਮੈਂਟ ਪਲਾਂਟ ਤੱਕ ਪੁੱਜਦਾ ਕਰੇ ਅਤੇ ਡਰੇਨ ਵਿਚ ਕੇਵਲ ਬਰਸਾਤੀ ਪਾਣੀ ਹੀ ਹੋਵੇ।
ਇਸ ਮੌਕੇ ਮਾਹਿਰਾਂ ਦੀ ਸਲਾਹ ਨਾਲ ਕਰੀਬ 10.81 ਕਿਲੋਮੀਟਰ ਲੰਮੀ ਇਸ ਡਰੇਨ ਦੇ ਦੋਵੇਂ ਪਾਸੇ ਗਰੀਨ ਬੈਲਟ, ਪਾਰਕਿੰਗ, ਸਾਈਕਲ ਟਰੈਕ ਸੈਰ ਲਈ ਚੌੜੀ ਪਟੜੀ ਬਨਾਉਣ ਦਾ ਪ੍ਰਸਤਾਵ ਪਾਸ ਕਰ ਦਿੱਤਾ ਗਿਆ, ਜਿਸ ਉਤੇ ਕਰੀਬ 104 ਕਰੋੜ ਰੁਪਏ ਦਾ ਖਰਚਾ ਆਉਣ ਦਾ ਅਨੁਮਾਨ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਨਾਲ ਲੱਗਦੀਆਂ 107 ਡੇਅਰੀਆਂ ਦੇ ਗੋਹੇ ਨੂੰ ਨਾਲੇ ਜਾਂ ਸੀਵਰੇਜ ਵਿਚ ਨਾ ਪਾ ਕੇ ਕੰਪਰੈਸਡ ਬਾਈਓ ਗੈਸ ਤਿਆਰ ਕਰਨ ਵਾਲੀ ਕੰਪਨੀ, ਜੋ ਕਿ ਸ਼ਹਿਰ ਦੇ ਬਾਹਰਵਾਰ ਆਪਣਾ ਪਲਾਂਟ ਬਣਾਵੇਗੀ, ਨੂੰ ਦਿੱਤਾ ਜਾਵੇ।
ਇਸ ਤੋਂ ਇਲਾਵਾ ਸਨਅਤਾਂ ਵਿਚ ਪਾਣੀ ਸਾਫ ਕਰਨ ਵਾਲੇ ਪਲਾਂਟ ਲਗਾਏ ਜਾਣ ਤੇ ਉਨਾਂ ਨੂੰ ਹਰ ਹਾਲ ਚਾਲੂ ਕਰਵਾ ਕੇ ਇਹ ਪਾਣੀ ਸੀਵਰੇਜ ਜਰੀਏ ਕਾਰਪੋਰੇਸ਼ਨ ਦੇ ਸੀਵਰੇਜ ਟਰੀਟਮੈਂਟ ਪਲਾਂਟ ਤੱਕ ਭੇਜਿਆ ਜਾਵੇ। ਉਨਾਂ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਵਿਚ ਫਾਲਤੂ ਪਾਣੀ ਸੁੱਟਦੀਆਂ ਸਾਰੀਆਂ ਸਨਅਤਾਂ ਦੀ ਲਗਾਤਾਰ ਜਾਂਚ ਕਰਨ, ਤਾਂ ਜੋ ਉਹ ਗੰਦਾ ਪਾਣੀ ਡਰੇਨ ਵਿਚ ਨਾ ਸੁੱਟਣ।
ਇਸ ਮੌਕੇ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ, ਐਸ ਡੀ ਐਮ ਸ੍ਰੀਮਤੀ ਦਮਨਪ੍ਰੀਤ ਕੌਰ, ਐਕਸੀਅਨ ਅੰਮ੍ਰਿਤਪਾਲ ਸਿੰਘ , ਐਸ ਡੀ ਓ ਗੁਰਮੀਤ ਸਿੰਘ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।