ਪੰਜਾਬ ਸਰਕਾਰ ਨੌਜਵਾਨਾਂ ਨੂੰ ਪ੍ਰਦਾਨ ਕਰ ਰਹੀ ਹੈ ਰੋਜ਼ਗਾਰ ਦੇ ਮੌਕੇ-ਡੀਪੀਐਸ ਖਰਬੰਦਾ
ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਡਾਇਰੈਕਟਰ ਵੱਲੋਂ ਸਰਕਾਰੀ ਆਈ.ਟੀ.ਆਈ. ਵਿਖੇ ਸਵੈ ਰੋਜ਼ਗਾਰ ਮੇਲੇ 'ਚ ਸ਼ਿਰਕਤ
5 Dariya News
ਪਟਿਆਲਾ 08-Aug-2023
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਡਾਇਰੈਕਟਰ ਡੀ.ਪੀ.ਐਸ. ਖਰਬੰਦਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਬੇਰੁਜਗਾਰੀ ਨੂੰ ਜੜੋਂ ਖਤਮ ਕਰਨ ਲਈ ਅਤੇ ਸੂਬੇ ਦੀ ਖੁਸ਼ਹਾਲੀ ਲਈ ਜਿੱਥੇ ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਬੜੀ ਤੇਜ਼ ਗਤੀ ਦੇ ਨਾਲ ਸਰਕਾਰੀ ਨੌਕਰੀਆਂ ਦੇ ਰਹੀ ਹੈ, ਉਥੇ ਹੀ ਸਵੈ-ਰੋਜਗਾਰ ਵੀ ਲਗਾਏ ਜਾ ਰਹੇ ਹਨ।
ਉਹ ਇਸੇ ਮੁਹਿੰਮ ਤਹਿਤ ਇੱਥੇ ਨਾਭਾ ਰੋਡ 'ਤੇ ਸਥਿਤ ਸਰਕਾਰੀ ਆਈ.ਟੀ.ਆਈ. ਵਿਖੇ ਲਗਾਏ ਗਏ ਸਵੈ ਰੋਜ਼ਗਾਰ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ। ਉਨ੍ਹਾਂ ਦੇ ਨਾਲ ਵਧੀਕ ਡਾਇਰੈਕਟਰ ਮਨੋਜ ਗੁਪਤਾ, ਡਿਪਟੀ ਡਾਇਰੈਕਟਰ ਡਾ. ਵੀ.ਕੇ. ਬਾਂਸਲ ਵੀ ਮੌਜੂਦ ਸਨ।ਸੰਸਥਾ ਦੇ ਪ੍ਰਿੰਸੀਪਲ ਜੁੱਧਜੀਤ ਸਿੰਘ ਨੇ ਸਵਾਗਤ ਕੀਤਾ।
ਡੀ.ਪੀ.ਐਸ. ਖਰਬੰਦਾ ਨੇ ਕਿਹਾ ਕਿ ਹਰ ਵਿਅਕਤੀ ਨੂੰ ਸਰਕਾਰੀ ਨੌਕਰੀ ਮਿਲਣਾ ਸੰਭਵ ਨਹੀ ਹੈ ਪ੍ਰੰਤੂ ਕੁਝ ਕਰਨ ਦੀ ਇੱਛਾਸ਼ਕਤੀ ਰੱਖਣ ਵਾਲੇ ਜਾਂ ਕੋਈ ਹੁਨਰਮੰਦ, ਜਿਸ ਕੋਲ ਗਿਆਨ ਅਤੇ ਫੰਡਾਂ ਦੀ ਘਾਟ ਹੈ, ਨੂੰ ਸਵੈ- ਰੋਜਗਾਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਹਰ ਤਰੀਕੇ ਦੀ ਸੰਭਵ ਮੱਦਦ ਕੀਤੀ ਜਾ ਰਹੀ ਹੈ।
ਇਸ ਮੌਕੇ ਤਕਰੀਬਨ 300 ਸਿਖਿਆਰਥੀਆਂ ਨੇ ਸਵੈ-ਰੋਜਗਾਰ ਵਾਸਤੇ ਲੋਨ ਲੈਣ ਲਈ ਫਾਰਮ ਭਰੇ ਤੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਤੇ ਐਸ.ਸੀ. ਕਾਰਪੋਰੇਸ਼ਨ ਵੱਲੋਂ ਕਾਫੀ ਸਿਖਿਆਰਥੀਆਂ ਦੇ ਲੋਨ ਬਿਨਾਂ ਗਾਰੰਟੀ ਤੋਂ ਮੌਕੇ 'ਤੇ ਹੀ ਪ੍ਰਵਾਨ ਕੀਤੇ ਗਏ।ਆਈ.ਟੀ.ਆਈ. ਵਿਖੇ ਚੱਲ ਰਹੀਆਂ ਪਲੰਬਰ, ਕਾਰਪੇਂਟਰ, ਇਲੈਕਟ੍ਰੀਸ਼ਨ, ਵੈਲਡਰ ਟ੍ਰੇਡਾਂ ਦੇ ਪਾਸ ਆਊਟ ਐਸ.ਸੀ. ਸਿਖਿਆਰਥੀਆਂ ਨੂੰ ਆਪਣਾ ਰੋਜਗਾਰ ਸ਼ੁਰੂ ਕਰਨ ਲਈ ਤਕਰੀਬਨ 10,000 ਦੀ ਕੀਮਤ ਦੇ ਕਰੀਬ ਟੂਲ ਕਿਟਸ ਵੰਡੇ ਗਏ।
ਵਾਈਸ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਅੰਗਦ ਸਿੰਘ ਸੋਹੀ, ਅਨੁਸੂਚਿਤ ਜਾਤੀ ਅਤੇ ਵਿੱਤ ਕਾਰਪੋਰੇਸ਼ਨ, ਪਛੜੀ ਜਾਤੀ ਅਤੇ ਵਿੱਤ ਕਾਰਪੋਰੇਸ਼ਨ, ਖਾਦੀ ਬੋਰਡ, ਜ਼ਿਲ੍ਹ÷ ਾ ਮੈਨੇਜਰ ਲੀਡ ਬੈਂਕ, ਐਸ.ਬੀ.ਆਈ. ਬੈਂਕ, ਬੈਂਕ ਆਫ ਬੜੌਦਾ, ਸਟੇਟ ਬੈਂਕ ਆਫ ਇੰਡੀਆ, ਪੰਜਾਬ ਐਂਡ ਸਿੰਧ ਬੈਂਕ, ਗ੍ਰਾਮੀਣ ਬੈਂਕ, ਪੰਜਾਬ ਨੈਸ਼ਨਲ ਬੈਂਕ, ਪਟਿਆਲਾ ਆਦਿ ਦੇ ਨੁਮਾਇੰਦੇ ਵੀ ਮੌਜੂਦ ਸਨ।
ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਵੱਲੋਂ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇਂ ਕਿ ਮੁਦਰਾ ਯੋਜਨਾ, ਪ੍ਰਧਾਨ ਮੰਤਰੀ ਰੋਜਗਾਰ ਯੋਜਨਾ, ਰੋਜਗਾਰ ਗਰੰਟੀ ਸਕੀਮ ਆਦਿ ਤੋਂ ਇਲਾਵਾ ਸਬਸਿਡੀ ਵਾਲੇ ਲੋਨ ਦੀ ਸਹੂਲਤ ਤੋਂ ਵੀ ਜਾਣੂ ਕਰਵਾਇਆ ਗਿਆ।