5 Dariya News

ਮੁੱਖ ਖੇਤੀਬਾੜੀ ਅਫ਼ਸਰ ਵਲੋਂ ਬਾਸਮਤੀ ਚੌਲਾ ਦੀ ਬਰਾਮਦ 'ਚ ਰੁਕਾਵਟ ਪਾਉਣ ਵਾਲੇ 10 ਕੀਟਨਾਸ਼ਕ 'ਤੇ ਪਾਬੰਦੀ ਲਗਾਉਣ ਦੇ ਨਿਰਦੇਸ਼

5 Dariya News

ਰੂਪਨਗਰ 07-Aug-2023

ਪੰਜਾਬ ਸਰਕਾਰ ਵਲੋਂ ਬਾਸਮਤੀ ਚੌਲਾਂ ਦੀ ਬਰਾਮਦ ਵਿੱਚ ਰੁਕਾਵਟ ਪਾਉਣ ਵਾਲੇ ਕੁੱਝ ਕੀਟਨਾਸ਼ਕ ਦੀ ਵਿਕਰੀ ਅਤੇ ਵਰਤੋਂ ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਬਾਰੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਨੇ ਕੀਟਨਾਸ਼ਕ ਦਵਾਈਆਂ ਵੇਚਣ ਵਾਲੇ ਡੀਲਰਾਂ ਦੀ ਮੀਟਿੰਗ ਕਰਕੇ ਵਿਸਥਾਰ ਵਿੱਚ ਦੱਸਿਆ ਕਿ ਇਹ ਨਿਰਦੇਸ਼ ਬਾਸਮਤੀ ਚੌਲਾਂ ਦੀ ਗੁਣਵੱਤਾ ਵਿੱਚ ਸੁਧਾਰ ਲਈ ਕਿਸਾਨਾਂ ਦੇ ਪੱਖ ਵਿੱਚ ਜਾਰੀ ਕੀਤੇ ਗਏ ਹਨ। 

ਇਨ੍ਹਾਂ ਕੀਟਨਾਸ਼ਕਾਂ ਵਿੱਚ ਐਸੀਫੇਟ, ਬੁਪਰੋਫੇਜਿਨ, ਕਲੋਰਪਾਈਰੀਫਾਸ, ਪਰੋਫੈਨੋਫੋਸ, ਆਈਸੋਪਰੋਥੀੳਲੇਨਾ, ਥਾਇਆਮਿਥੌਕਸਮ, ਟਰਾਈਸਾਈਕਲਾਜੋਲ, ਕਾਰਬੈਂਡਾਜਿਪ, ਪ੍ਰੋਪੀਕੋਨਾਜ਼ੋਲ, ਮੈਥਾਮਾਈਡੋਫੋਸ ਵਰਗੇ ਕੀਟ ਨਾਸ਼ਕ ਸ਼ਾਮਲ ਹਨ ਜੋ ਚੌਲਾਂ ਖਾਸ ਕਰਕੇ ਬਾਸਮਤੀ ਚੌਲਾਂ ਦੀ ਬਰਾਮਦ ਅਤੇ ਖਪਤ ਵਿੱਚ ਸੰਭਾਵੀ ਰੁਕਾਵਟਾਂ ਬਣ ਰਹੇ ਸਨ। ਇਸ ਲਈ ਇਨ੍ਹਾਂ ਕੀਟਨਾਸ਼ਕ ਤੇ ਪੰਜਾਬ ਸਰਕਾਰ ਵੱਲੋ ਪਾਬੰਦੀ ਲਗਾਈ ਗਈ ਹੈ ਤਾਂ ਜੋ ਬਿਨਾਂ ਕਿਸੇ ਰਹਿੰਦ-ਖੂੰਹਦ ਦੇ ਵਧੀਆ ਗੁਣਵੱਤਾ ਵਾਲੇ ਬਾਸਮਤੀ ਚੌਲ ਪੈਦਾ ਕੀਤੇ ਜਾ ਸਕਣ। 

ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਮਾਹਿਰਾਂ ਅਨੁਸਾਰ ਇਨ੍ਹਾਂ ਖੇਤੀ ਰਸਾਇਣਾਂ ਦੀ ਵਰਤੋਂ ਕਰਨ ਨਾਲ ਬਾਸਮਤੀ ਚੌਲਾਂ ਵਿੱਚ ਸਮਰੱਥ ਅਥਾਰਿਟੀ ਦੁਆਰਾ ਨਿਰਧਾਰਤ ਮੈਕਸੀਮਮ ਰੈਜੀਡਿਊਲ ਲੈਵਲ (ਐਮਆਰਐਲ) ਤੋ ਵੱਧ ਕੀਟਨਾਸ਼ਕ ਰਹਿੰਦ-ਖੂੰਹਦ ਹੋਣ ਦਾ ਖਤਰਾ ਹੈ। ਪੰਜਾਬ ਦੀ ਵਿਰਾਸਤੀ ਬਾਸਮਤੀ ਉਪਜ ਨੂੰ ਬਚਾਉਣ ਅਤੇ ਬਾਸਮਤੀ ਚੌਲਾਂ ਦੀ ਦੂਜੇ ਦੇਸ਼ਾਂ ਨੂੰ ਬਰਾਮਦ ਯਕੀਨੀ ਬਣਾਉਣ ਲਈ ਇਨ੍ਹਾਂ ਖੇਤੀ ਰਸਾਇਣਾਂ ਤੇ ਪਾਬੰਦੀ ਲਗਾਈ ਗਈ ਹੈ।

ਇਸ ਮੌਕੇ ਉਨ੍ਹਾਂ ਸਾਰੇ ਕੀਟਨਾਸ਼ਕ ਦਵਾਈਆ ਵੇਚਣ ਵਾਲੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਇਹ ਕੀਟਨਾਸ਼ਕ ਬਾਸਮਤੀ ਦੀ ਫਸਲ ਲਈ ਨਾ ਦਿੱਤੇ ਜਾਣ, ਅਗਰ ਕੋਈ ਕਿਸਾਨ ਹੋਰ ਫਸਲ ਉਤੇ ਵਰਤਣ ਲਈ ਮੰਗ ਕਰਦਾ ਹੈ ਤਾਂ ਬਿੱਲ ਤੇ ਫਸਲ ਦਾ ਨਾਮ ਵਗੈਰਾ ਲਿਖਕੇ ਦਿੱਤੀ ਜਾਵੇ। 

ਇਸ ਮੌਕੇ ਉਨ੍ਹਾਂ ਬਾਸਮਤੀ ਬੀਜਣ ਵਾਲੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਪੀ.ਏ.ਯੂ ਵੱਲੋ ਸ਼ਿਫ਼ਾਰਿਸ਼ ਕੀਤੀਆਂ ਕੀਟਨਾਸ਼ਕ ਦਵਾਈਆਂ ਦੀ ਹੀ ਵਰਤੋਂ ਕੀਤੀ ਜਾਵੇ। ਇਸ ਮੀਟਿੰਗ ਵਿੱਚ ਵਿਭਾਗ ਦੇ ਡਾ ਦਵਿੰਦਰ ਸਿੰਘ ਏ.ਡੀ.ੳ (ਪੀ ਪੀ) ਅਤੇ ਕੀਟਨਾਸ਼ਕ ਦਵਾਈਆਂ ਵੇਚਣ ਵਾਲੇ ਡੀਲਰ ਵਗੈਰਾ ਹਾਜ਼ਰ ਸਨ।