5 Dariya News

ਮੋਹਾਲੀ ਵਿੱਚ ਢਹਿਣ ਦੀ ਕਗਾਰ ਤੇ ਪੁੱਜੇ ਡਰੇਨੇਜ਼ ਅਤੇ ਸੀਵਰੇਜ ਸਿਸਟਮ ਦੀ ਬਹਾਲੀ ਲਈ ਮੇਅਰ ਜੀਤੀ ਸਿੱਧੂ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ

ਫੌਰੀ ਤੌਰ ਤੇ ਵਿਸਤ੍ਰਿਤ ਪਲਾਨ ਤਿਆਰ ਕਰਨ ਦੀਆਂ ਦਿੱਤੀਆਂ ਹਦਾਇਤਾਂ

5 Dariya News

ਮੋਹਾਲੀ 01-Aug-2023

ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੋਹਾਲੀ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਦੀ ਵੱਧਦੀ ਜਾ ਰਹੀ ਸਮੱਸਿਆ ਨੂੰ ਮੁੱਖ ਰਖਦਿਆਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਇਹਨਾਂ ਸਮੱਸਿਆਵਾਂ ਦਾ ਫੌਰੀ ਤੌਰ ਤੇ ਹੱਲ ਕਰਨ ਲਈ ਵਿਸਤ੍ਰਿਤ ਪਲਾਨ ਤਿਆਰ ਕਰਨ ਦੀਆ ਹਦਾਇਤਾਂ ਦਿੱਤੀਆਂ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਨਵਜੋਤ ਕੌਰ ਸਮੇਤ ਨਗਰ ਨਿਗਮ ਦੇ ਹੋਰ ਅਧਿਕਾਰੀ ਹਾਜਰ ਸਨ।

ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਵਿੱਚ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਦੀ ਨਿਕਾਸੀ ਵਾਲੀਆਂ ਪਾਈਪਾਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਤਕਨੀਕ ਨਾਲ ਇੱਟਾਂ ਨਾਲ ਬਣੀਆਂ ਇਹ ਪਾਈਪਾਂ ਆਪਣਾ ਸਮਾਂ ਪੁਗਾ ਚੁੱਕੀ ਰਹੀਆਂ ਅਤੇ ਵੱਖ-ਵੱਖ ਥਾਵਾਂ ਤੋਂ ਢਹਿ ਰਹੀਆਂ ਹਨ। 

ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਅੰਦਰੂਨੀ ਸ਼ਹਿਰ ਵਿੱਚ ਸੀਵਰੇਜ ਦੀਆਂ ਜ਼ਿਆਦਾਤਰ ਪਾਈਪਾਂ ਜਾਮ ਹਨ। ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਇਸ ਦਾ ਵਿਸਤ੍ਰਿਤ ਪਲਾਨ ਤਿਆਰ ਕੀਤਾ ਜਾਵੇ ਤਾਂ ਜੋ ਉਹ ਪੰਜਾਬ ਸਰਕਾਰ ਨਾਲ ਗੱਲਬਾਤ ਕਰਕੇ ਏਸ ਕੰਮ ਨੂੰ ਨੇਪਰੇ ਚੜ੍ਹਾਉਣ ਲਈ ਅਗਲੀ ਕਾਰਵਾਈ ਕਰ ਸਕਣ।

ਉਨ੍ਹਾਂ ਇਸ ਮੌਕੇ ਅਧਿਕਾਰੀਆਂ ਨੂੰ ਇਹ ਵੀ ਕਿਹਾ  ਕਿ ਪੰਜਾਬ ਇੰਜੀਨੀਅਰਿੰਗ ਕਾਲਜ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਇਸ ਦੀ ਮਾਰ ਤੋਂ ਬਚਾਅ ਲਈ ਇੱਕ ਪਲਾਨ ਤਿਆਰ ਕਰਕੇ ਨਗਰ ਨਿਗਮ ਨੂੰ ਦਿੱਤਾ ਗਿਆ ਸੀ। ਮੇਅਰ ਜੀਤੀ ਸਿੱਧੂ ਨੇ ਅਧਿਕਾਰੀਆਂ ਨੂੰ ਉਸ ਪਲਾਨ ਨੂੰ ਵੀ ਮੁੜ ਸਟੱਡੀ ਕਰਨ ਲਈ ਕਿਹਾ ਤਾਂ ਜੋ ਉਸ ਪਲਾਨ ਉੱਤੇ ਵੀ ਜੇਕਰ ਅਮਲ ਹੋ ਸਕਦਾ ਹੋਵੇ ਤਾਂ ਉਸ ਸਬੰਧੀ ਤੌਰ ਤੇ ਕਾਰਵਾਈ ਅਰੰਭ ਕੀਤੀ ਜਾ ਸਕੇ।

ਇਸ ਮੌਕੇ ਕੌਂਸਲਰ ਜਸਵੀਰ ਸਿੰਘ ਮਣਕੂ, ਕਮਲਜੀਤ ਸਿੰਘ ਬੰਨੀ, ਸਮਾਜਸੇਵੀ ਨਛੱਤਰ ਸਿੰਘ, ਗੁਰਸਾਹਿਬ ਸਿੰਘ, ਲਖਮੀਰ ਸਿੰਘ, ਇੰਦਰਜੀਤ ਸਿੰਘ ਢਿੱਲੋਂ, ਜਾਇੰਟ ਕਮਿਸ਼ਨਰ ਕਿਰਨ ਸ਼ਰਮਾ, ਜਨ ਸਿਹਤ ਵਿਭਾਗ ਦੇ ਐਕਸੀਅਨ ਗੁਰਪ੍ਰਕਾਸ਼ ਸਿੰਘ, ਨਗਰ ਨਿਗਮ ਦੇ ਐਕਸੀਅਨ ਮੋਹਨ ਲਾਲ, ਵੱਖ ਵੱਖ ਵਿਭਾਗਾਂ ਦੇ ਐਸਡੀਓ ਹਾਜ਼ਰ ਸਨ।