ਵਿਸ਼ਵ ਸਤਨਪਾਨ ਹਫਤੇ ਦੀ ਸ਼ੁਰੂਆਤ ਮੌਕੇ ਗਰਭਵਤੀਆਂ ਨੂੰ ਕੀਤਾ ਜਾਗਰੂਕ
ਮਾਂ ਦਾ ਦੁੱਧ ਨਵ ਜਨਮੇਂ ਬੱਚੇ ਲਈ ਸੰਪੂਰਣ ਅਹਾਰ : ਡਾ. ਦਵਿੰਦਰਜੀਤ ਕੌਰ
5 Dariya News
ਫਤਿਹਗੜ੍ਹ ਸਾਹਿਬ 01-Aug-2023
ਡਾਇਰੈਕਟਰ,ਸਿਹਤ ਤੇ ਪਰਿਵਾਰ ਭਲਾਈ ਵਿਭਾਗ,ਪੰਜਾਬ, ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ, ਫਤਿਹਗੜ੍ਹ ਸਾਹਿਬ , ਡਾ ਦਵਿੰਦਰਜੀਤ ਕੌਰ ਦੀ ਅਗਵਾਈ ਵਿਚ ਜਿਲ੍ਹਾ ਸਿਹਤ ਵਿਭਾਗ ਵੱਲੋਂ ਅੱਜ "ਵਿਸ਼ਵ ਸਤਨਪਾਨ ਹਫਤੇ" ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਇਸ ਹਫਤੇ ਦੌਰਾਨ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਉੱਪਰ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾ ਕੇ ਵਿਭਾਗ ਵੱਲੋਂ "ਮਾਂ ਦੇ ਦੁੱਧ ਦੀ ਮਹੱਤਤਾ" ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਇਸ ਲੜੀ ਤਹਿਤ ਅੱਜ ਜਿਲ੍ਹਾ ਹਸਪਤਾਲ ਵਿਖੇ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਮਾਂ ਦਾ ਦੁੱਧ ਨਵ ਜਨਮੇਂ ਬੱਚੇ ਲਈ ਸੰਪੂਰਣ ਅਹਾਰ ਹੁੰਦਾ ਹੈ ਅਤੇ ਇਹ ਬੱਚੇ ਲਈ ਅਮ੍ਰਿਤ ਸਮਾਨ ਹੈ ਕਿਉਕਿ ਇਸਦਾ ਕੋਈ ਹੋਰ ਬਦਲ ਨਹੀ ਹੈ।
ਉਹਨਾਂ ਕਿਹਾ ਕਿ ਜੋ ਔਰਤਾਂ ਆਪਣੇ ਨਵ ਜੰਮਿਆਂ ਬੱਚਿਆਂ ਨੂੰ 6 ਮਹੀਨੇ ਤੱਕ ਸਿਰਫ ਆਪਣਾ ਦੁੱਧ ਹੀ ਪਿਲਾਉਂਦੀਆਂ ਹਨ, ਉਨ੍ਹਾਂ ਬੱਚਿਆਂ ਦਾ ਮਾਨਸਿਕ ਤੇਂ ਸ਼ਰੀਰਿਕ ਵਿਕਾਸ ਨਿਰੰਤਰ ਹੁੰਦਾ ਹੈ। ਭਾਰਤ ਵਿਚ ਨਵਜੰਮੇ ਬੱਚਿਆਂ ਦੀ ਮੌਤ ਦਾ ਮੁੱਖ ਕਾਰਣ ਟੱਟੀਆਂ ਉਲਟੀਆਂ ਅਤੇ ਨਿਮੋਨੀਆਂ ਦਾ ਹੋਂਣਾ ਹੈ ਜੋ ਕਿ ਮੁੱਖ ਤੌਰ ਤੇ ਬੱਚਿਆਂ ਵਿਚ ਬੋਤਲ ਨਾਲ ਓਪਰਾ ਦੁੱਧ ਪਿਲਾਉਣ ਕਰਕੇ ਹੁੰਦੀਆਂ ਹਨ।
ਇਸ ਲਈ ਜੇਕਰ ਜਨਮ ਤੋਂ ਘੱਟੋਂ—ਘੱਟ ਛੇ ਮਹੀਨੇ ਤੱਕ ਮਾਂਵਾ ਬੱਚਿਆਂ ਨੂੰ ਸਿਰਫ ਆਪਣਾ ਦੁੱਧ ਹੀ ਪਿਲਾਉਣ ਤਾਂ ਬਾਲ ਮੌਤ ਦਰ ਨੂੰ ਹੋਰ ਵੀ ਘਟਾਇਆ ਜਾ ਸਕਦਾ ਹੈ।ਉਨ੍ਹਾਂ ਕਿਹਾ ਉਹ ਜਨਮ ਤੋ ਤੁਰੰਤ ਬਾਅਦ ਇੱਕ ਘੰਟੇ ਦੇ ਅੰਦਰ—ਅੰਦਰ ਬੱਚੇ ਨੂੰ ਛਾਤੀ ਨਾਲ ਲਗਾ ਕੇ ਆਪਣਾ ਦੁੱਧ ਪਿਲਾਉਣ ਤਾਂ ਜੋ ਬੱਚੇ ਨੂੰ ਮਾਂ ਦਾ ਨਿੱਘ ਅਤੇ ਪਹਿਲਾ ਗਾੜਾ ਪੀਲਾ ਦੁੱਧ ਮਿਲ ਸਕੇ।ਉੁਨ੍ਹਾਂ ਕਿਹਾ ਕਿ ਪਹਿਲੇ ਗਾੜ੍ਹੇ ਪੀਲੇ ਦੁੱਧ ਵਿਚ ਕਲੋਸਟਰਮ ਦੀ ਭਰਪੁਰ ਮਾਤਰਾ ਹੁੰਦੀ ਹੈ ਜੋ ਬੱਚੇ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਂਦਾ ਹੈ।
ਉਹਨ੍ਹਾਂ ਕਿਹਾ ਕਿ ਜੇਕਰ ਮਾਂ ਬੱਚੇ ਨੂੰ ਆਪਣਾ ਦੁੱਧ ਪਿਲਾਉਂਦੀ ਹੈ ਤਾਂ ਮਾਂ ਨੂੰ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋਣ ਦਾ ਖਤਰਾ ਘੱਟ ਜਾਂਦਾ ਹੈ। ਉਹਨਾਂ ਇਹ ਵੀ ਦੱਸਿਆ ਕਿ 6 ਮਹੀਨੇ ਤੋਂ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ—ਨਾਲ , ਕੇਲਾ ਮੈਸ਼ ਕਰਕੇ, ਦਲੀਆ , ਦਾਲਾਂ ਦਾ ਪਾਣੀ ਆਦਿ ਪੋਸ਼ਟਿਕ ਖਾਧ ਪਦਾਰਥ ਦੇਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ ਅਤੇ ਡੱਬਾ ਬੰਦ ਦੁੱਧ ਬੱਚੇ ਨੂੰ ਨਹੀ ਦੇਣਾ ਚਾਹੀਦਾ।
ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਦਲਜੀਤ ਕੌਰ, ਬੱਚਿਆਂ ਦੇ ਮਾਹਿਰ ਡਾ. ਸਤਵਿੰਦਰ ਸਿੰਘ, ਜਿਲ੍ਹਾ ਮਾਸ ਮੀਡੀਆਂ ਅਫਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ, ਡੀ.ਪੀ.ਐਮ. ਕੀਤਿਸ਼ ਸੀਮਾ, ਜਿਲ੍ਹਾ ਬੀ.ਸੀ.ਸੀ. ਅਮਰਜੀਤ ਸਿੰਘ ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।