5 Dariya News

ਹਰਭਜਨ ਸਿੰਘ ਈ ਟੀ ਓ ਅਤੇ ਜਸਬੀਰ ਸਿੰਘ ਡਿੰਪਾ ਵੱਲੋਂ ਨਿੱਜਰਪੁਰਾ ਤੋਂ ਅੰਮ੍ਰਿਤਸਰ-ਪਠਾਨਕੋਟ ਲਿੰਕ ਸੜਕ ਦਾ ਉਦਘਾਟਨ

ਹਲਕੇ ਦੇ ਕੰਮ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕਰਵਾਉਣੇ ਮੇਰੀ ਤਰਜੀਹ- ਈ ਟੀ ਓ

5 Dariya News

ਅੰਮ੍ਰਿਤਸਰ 30-Jul-2023

ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਅਤੇ ਲੋਕ ਸਭਾ ਮੈਂਬਰ ਸ੍ਰੀ ਜਸਬੀਰ ਸਿੰਘ ਡਿੰਪਾ ਵੱਲੋਂ ਅੱਜ ਨਿਜਰਪੁਰਾ ਤੋਂ ਅੰਮ੍ਰਿਤਸਰ-ਪਠਾਨਕੋਟ ਲਿੰਕ ਸੜਕ ਦਾ ਉਦਘਾਟਨ ਸਾਂਝੇ ਤੌਰ ਉਤੇ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ ਹਰਭਜਨ ਸਿੰਘ ਈ ਟੀ ਓ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸੜਕ ਨਿਰਮਾਣ ਯੋਜਨਾ ਅਧੀਨ ਤਿਆਰ ਕੀਤੀ ਗਈ ਇਹ ਸੜਕ ਕਰੀਬ 8 ਕਿਲੋਮੀਟਰ ਲੰਬੀ ਹੈ, ਜੋ ਕਿ ਮਿਹਰਬਾਨਪੁਰਾ, ਅਮਰਕੋਟ, ਵਡਾਲਾ ਜੌਹਲ, ਤੀਰਥਪੁਰ ਤੇ ਨਵਾਂ ਪਿੰਡ ਨੂੰ ਸਿੱਧੇ ਤੌਰ ਉਤੇ ਜੋੜਦੀ ਹੈ, ਜਦਕਿ ਇਸ ਦੇ ਬਣਨ ਨਾਲ ਦੇਵੀਦਾਸਪੁਰਾ, ਗਹਿਰੀ ਮੰਡੀ, ਮਲਕਪੁਰ, ਬੰਮਾ ਆਦਿ ਪਿੰਡਾਂ ਨੂੰ ਜਾਣ ਵਾਲੇ ਰਾਹਗੀਰਾਂ ਨੂੰ ਵੀ ਵੱਡਾ ਲਾਹਾ ਮਿਲੇਗਾ। 

ਉਨਾਂ ਦੱਸਿਆ ਕਿ ਇਸ ਸੜਕ ਉਤੇ ਕਰੀਬ ਸਾਢੇ ਪੰਜ ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਹ ਕੇਂਦਰ ਤੇ ਰਾਜ ਸਰਕਾਰ ਦੇ ਸਾਂਝੇ ਉਦਮ ਨਾਲ ਬਣਾਈ ਗਈ ਹੈ। ਉਨਾਂ ਇਸ ਮੌਕੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਜਸਬੀਰ ਸਿੰਘ ਡਿੰਪਾ ਦਾ ਧੰਨਵਾਦ ਕਰਦੇ ਕਿਹਾ ਕਿ ਇੰਨਾ ਦੀਆਂ ਕੋਸ਼ਿਸ਼ਾਂ ਨਾਲ ਇਸ ਸੜਕ ਦਾ ਨਿਰਮਾਣ ਸੰਭਵ ਹੋਇਆ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਦਾ ਸੁਪਨਾ ਸਾਰੀਆਂ ਸੰਪਰਕ ਸੜਕਾਂ ਨੂੰ 18 ਫੁੱਟ ਚੌੜਾ ਕਰਨ ਦਾ ਹੈ ਅਤੇ ਇਸ ਉਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। 

ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਨੇ ਸ੍ਰੀ ਡਿੰਪਾ ਨੂੰ ਸੱਦਾ ਦਿੰਦੇ ਕਿਹਾ ਕਿ ਆਪਾਂ ਹਲਕੇ ਦੇ ਵਿਕਾਸ ਕੰਮਾਂ ਲਈ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕੰਮ ਕਰੀਏ ਤਾਂ ਜੋ ਦੋਵਾਂ ਸਰਕਾਰਾਂ ਦੇ ਯਤਨਾਂ ਨਾਲ ਵੱਧ ਤੋਂ ਵੱਧ ਫੰਡ ਇਸ ਹਲਕੇ ਦੇ ਵਿਕਾਸ ਕੰਮਾਂ ਉਤੇ ਖਰਚ ਕੀਤੇ ਜਾ ਸਕਣ। ਉਨਾਂ ਸ੍ਰੀ ਡਿੰਪਾ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਵਿਚ ਪੰਜਾਬ ਦੇ ਫੰਡਾਂ ਦੀ ਬਹਾਲੀ ਲਈ ਵੀ ਅਵਾਜ਼ ਬੁਲੰਦ ਕਰਨ, ਤਾਂ ਜੋ ਪੰਜਾਬ ਦੇ ਵਿਕਾਸ ਵਿਚ ਹੋਰ ਤੇਜ਼ੀ ਲਿਆਂਦੀ ਜਾ ਸਕੇ।

ਉਨਾਂ ਦੱਸਿਆ ਕਿ ਇਸ ਸੜਕ ਦੀ ਇਹ ਖਾਸੀਅਤ ਹੋਵੇਗੀ ਕਿ ਅਗਲੇ ਪੰਜ ਸਾਲਾਂ ਤੱਕ ਇਸ ਦੀ ਮਰੁੰਮਤ ਵੀ ਸਬੰਧਤ ਠੇਕੇਦਾਰ ਵੱਲੋਂ ਹੀ ਕੀਤੀ ਜਾਵੇਗੀ ਜਿਸ ਨਾਲ ਸੜਕ ਦੀ ਸੰਭਾਲ ਵੀ ਸੌਖੇ ਹੋਵੇਗੀ। ਇਸ ਮੌਕੇ ਲੋਕ ਸਭਾ ਮੈਂਬਰ ਸ੍ਰੀ ਜਸਬੀਰ ਸਿੰਘ ਡਿੰਪਾ ਨੇ ਦੱਸਿਆ ਕਿ ਉਹ ਆਪਣੇ ਲੋਕ ਸਭਾ ਹਲਕੇ ਦੇ ਲੋਕਾਂ ਨਾਲ ਹਰ ਵੇਲੇ ਚਟਾਨ ਬਣ ਕੇ ਖੜੇ ਹਨ । 

ਉਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਆਪਣੇ ਅਖਿਤਆਰੀ ਫੰਡਾਂ ਤੋਂ ਇਲਾਵਾ ਵੀ ਵੱਧ ਤੋਂ ਵੱਧ ਪੈਸੇ ਆਪਣੇ ਹਲਕੇ ਲਈ ਲਿਆ ਸਕਣ।