5 Dariya News

ਹੈਪੇਟਾਈਟਸ ਬੀਮਾਰੀ ਦੀ ਸਮੇਂ ਸਿਰ ਜਾਂਚ ਬੇਹੱਦ ਜ਼ਰੂਰੀ : ਸਿਵਲ ਸਰਜਨ

5 Dariya News

ਮੋਹਾਲੀ 28-Jul-2023

ਹੈਪੇਟਾਈਟਸ ਬੀਮਾਰੀ ਦਾ ਜੇ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਉਸ ਦੇ ਗੰਭੀਰ ਰੂਪ ਧਾਰਨ ਕਰਨ ਤੋਂ ਪਹਿਲਾਂ ਉਸਦਾ ਇਲਾਜ ਸੰਭਵ ਹੈ। ਇਹ ਗੱਲ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਨੇ ਅੱਜ ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਜ਼ਿਲ੍ਹਾ ਹਸਪਤਾਲ ਵਿਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਇਸ ਵਾਰ ਵਿਸ਼ਵ ਹੈਪੇਟਾਈਟਸ ਦਿਵਸ '' ਇਕ ਜੀਵਨ ਇਕ ਜਿਗਰ '' ਥੀਮ ਤਹਿਤ ਮਨਾਇਆ ਜਾ ਰਿਹਾ ਹੈ। 

ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਜਿਗਰ ਦੀ ਬੀਮਾਰੀ ਹੈ ਜੋ ਵਾਇਰਸ ਰਾਹੀਂ ਫੈਲਦੀ ਹੈ। ਇਹ ਬੀਮਾਰੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਦੂਸ਼ਿਤ ਖੂਨ ਚੜ੍ਹਾਉਣ ਨਾਲ ਹੋ ਜਾਂਦੀ ਹੈ। ਇਸ ਲਈ ਹੈਪਾਟਾਈਟਸ ਸੀ ਅਤੇ ਬੀ ਦਾ ਟੈਸਟ ਕਰਵਾਉਣਾ ਜ਼ਰੂਰੀ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਸਰਜਰੀ ਕਰਵਾਉਣ ਤੋਂ ਪਹਿਲਾਂ, ਦੰਦਾਂ ਦਾ ਇਲਾਜ ਕਰਵਾਉਣ ਸਮੇਂ, ਖੂਨ ਦਾਨ ਕਰਨ ਮੌਕੋ, ਗਰਭਵਤੀ ਔਰਤ ਨੂੰ, ਟੈਟੂ ਖੁਦਵਾਉਣ ਤੋਂ ਪਹਿਲਾਂ, ਹਾਇਮੋਡਾਇਆਲਸਿਸ ਮੌਕੇ ਅਤੇ ਸਿਹਤ ਕਾਮੇ ਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਤਾਕਿ ਇਸ ਬੀਮਾਰੀ ਦਾ ਛੇਤੀ ਪਤਾ ਲੱਗ ਸਕੇ।  

ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਲਿੰਦਰ ਕੌਰ ਨੇ ਦੱਸਿਆ ਕਿ ਹੈਪੇਟਾਈਟਸ ਸੀ ਅਤੇ ਬੀ ਦਾ ਇਲਾਜ, ਬੇਸਲਾਈਨ ਟੈਸਟ ਅਤੇ ਵਾਇਰਲ ਲੋਡ ਟੈਸਟ ਰਾਜ ਦੇ ਜ਼ਿਲ੍ਹਾ ਹਸਪਤਾਲਾਂ ਵਿਚ ਕੀਤਾ ਜਾਂਦਾ ਹੈ। ਇਨ੍ਹਾਂ ਸੰਸਥਾਵਾਂ ਵਿੱਚ ਮਰੀਜ਼ ਆਪਣਾ ਮੁਫ਼ਤ ਇਲਾਜ ਕਰਵਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਹੈਪੇਟਾਈਟਸ - ਬੀ ਅਤੇ ਸੀ ਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ, ਇਸ ਦੀ ਲਪੇਟ ਵਿੱਚ ਜਦੋਂ ਕੋਈ ਆਉਂਦਾ ਹੈ ਤਾਂ ਉਸ ਅੰਦਰ ਹਲਕਾ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਕਮਜ਼ੋਰੀ, ਉਲਟੀਆਂ ਆਉਣਾ ਅਤੇ ਭੁੱਖ ਨਹੀਂ ਲਗਣਾ ਆਦਿ ਲੱਛਣ ਨਜ਼ਰ ਆਉਂਦੇ ਹਨ ਜਿਸ ਨਾਲ ਜਿਗਰ ਦੀ ਸੋਜਿਸ਼ ਅਤੇ ਜਿਗਰ ਦਾ ਕੈਂਸਰ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਤੋਂ ਬਚਾਅ ਲਈ ਬੱਚਿਆਂ ਦਾ ਹੈਪੇਟਾਈਟਸ ਬੀ ਦਾ ਟੀਕਾਕਰਨ ਹੋਣਾ ਜ਼ਰੂਰੀ ਹੈ ਜੋ ਸਿਹਤ ਵਿਭਾਗ ਵਲੋਂ ਬੱਚਿਆਂ ਦੀ ਟੀਕਾਕਰਨ ਸੂਚੀ ਵਿੱਚ ਸ਼ਾਮਲ ਹੈ ਤੇ ਮੁਫ਼ਤ ਲਗਾਇਆ ਜਾਂਦਾ ਹੈ। 

ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਜੇ ਭਗਤ, ਮੈਡੀਸਨ ਮਾਹਰ ਡਾ. ਰਾਜਵੀਰ ਸਿੰਘ, ਲਿਵਰ ਮਾਹਰ ਡਾ. ਅਮਨਦੀਪ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਹਰਚਰਨ ਸਿੰਘ ਬਰਾੜ, ਮੀਡੀਆ ਕੋਆਰਡੀਨੇਟਰ ਬਲਜਿੰਦਰ ਸੈਣੀ ਆਦਿ ਮੌਜੂਦ ਸਨ।