5 Dariya News

ਵਿਸ਼ਵ ਹੈਪੇਟਾਈਟਸ ਦਿਵਸ ਦੇ ਸਬੰਧ ਵਿੱਚ ਜਿਲ੍ਹੇ ਭਰ ਦੀਆਂ ਸਿਹਤ ਸੰਸਥਾਵਾਂ ਵੱਲੋਂ ਹਫਤਾ ਭਰ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ

5 Dariya News

ਰੂਪਨਗਰ 25-Jul-2023

ਵਿਸ਼ਵ ਹੈਪੇਟਾਈਟਸ ਦਿਵਸ ਦੇ ਸਬੰਧ ਵਿੱਚ ਜਿਲ੍ਹੇ ਭਰ ਦੀਆਂ ਸਿਹਤ ਸੰਸਥਾਵਾਂ ਵੱਲੋਂ ਹਫਤਾ ਭਰ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਵੱਲੋਂ 28 ਜੁਲਾਈ ਨੂੰ ਵਿਸ਼ਵ ਹੈਪਾਟਾਈਟਸ ਦਿਵਸ ਮਨਾਉਣ ਅਤੇ ਇਸ ਸਬੰਧੀ ਹਫਤਾ ਭਰ ਗਤੀਵਿਧੀਆਂ ਕਰਨ ਦੇ ਨਿਰਦੇਸ਼ ਪ੍ਰਾਪਤ ਹੋਏ ਹਨ। 

ਇਸ ਮੌਕੇ ਤੇ ਉਨ੍ਹਾ ਨੇ ਹੈਪੇਟਾਈਟਸ ਬੀ, ਸੀ ਦਾ ਬੈਨਰ ਅਤੇ ਪੋਸਟਰ ਰਿਲੀਜ਼ ਕੀਤਾ। ਇਸ ਮੌਕੇ ਡਾ. ਪਰਮਿੰਦਰ ਕੁਮਾਰ ਸਿਵਲ ਸਰਜਨ ਨੇ ਕਿਹਾ ਕਿ ਹੈਪੇਟਾਈਟਸ ਇਕ ਜਿਗਰ ਦੀ ਬਿਮਾਰੀ ਹੈ ਜਿਹੜੀ ਕਿ ਹੈਪੇਟਾਈਟਸ ਵਾਇਰਸ ਕਾਰਣ ਫੈਲਦੀ ਹੈ, ਜੋ ਕਿ ਬਹੁਤ ਖਤਰਨਾਕ ਅਤੇ ਜਾਨਲੇਵਾ ਹੋ ਸਕਦਾ ਹੈ।

ਉਹਨਾਂ ਕਿਹਾ ਬਿਮਾਰੀ ਬਾਰੇ ਜਾਗਰੂਕ ਹੋ ਕੇ ਅਤੇ ਪੂਰਾ ਇਲਾਜ ਕਰਵਾ ਕੇ ਇਸ ਬਿਮਾਰੀ ਦੀ ਗੰਭੀਰਤਾ ਤੋਂ ਬੱਚਿਆ ਜਾ ਸਕਦਾ ਹੈ। ਹੈਪਾਟਾਈਟਸ ਬੀ ਪੋਜਟਿਵ ਮਾਂ ਤੋਂ ਨਵ ਜਨਮੇਂ ਬੱਚੇ ਨੂੰ ਜੇਕਰ 12 ਘੰਟੇ ਦੇ ਅੰਦਰ ਹੈਪਾਟਾਈਟਸ ਬੀ ਦੀ ਐਂਟੀ ਬਾਡੀਜ ਦਾ ਟੀਕਾ ਲਗਾ ਦਿੱਤਾ ਜਾਵੇ ਤਾਂ ਮਾਂ ਤੋਂ ਬੱਚੇ ਨੂੰ ਹੋਣ ਵਾਲੇ ਹੈਪਾਟਾਈਟਸ ਬੀ ਤੋਂ ਬਚਾਇਆ ਜਾ ਸਕਦਾ ਹੈ। 

ਉਨ੍ਹਾਂ ਦੱਸਿਆ ਕਿ ਹੈਪੇਟਾਈਟਸ (ਪੀਲੀਆ) ਏ ਅਤੇ ਈ ਦੂਸ਼ਿਤ ਪਾਣੀ ਪੀਣ ਨਾਲ, ਗਲੇ-ਸੜੇ ਫਲ ਆਦਿ ਖਾਣ, ਬਿਨ੍ਹਾਂ ਹੱਥ ਧੋਏ ਖਾਣਾ ਖਾਣ, ਦੂਸ਼ਿਤ ਭੋਜਣ ਖਾਣ ਆਦਿ ਨਾਲ ਹੁੰਦਾ ਹੈ ਹਲਕਾ ਬੁਖਾਰ, ਮਾਸਪੇਸ਼ੀਆਂ ਵਿਚ ਦਰਦ, ਭੁੱਖ ਨਾ ਲੱਗਣਾ, ਉਲਟੀ ਆਉਣਾ, ਪਿਸ਼ਾਬ ਦਾ ਰੰਗ ਗੂੜਾ ਪੀਲਾ ਹੋਣਾ, ਕਮਜੋਰੀ ਮਹਿਸੂਸ ਹੋਣਾ ਅਤੇ ਜਿਗਰ ਦਾ ਖਰਾਬ ਹੋਣਾ ਇਸ ਬਿਮਾਰੀ ਦੇ ਲੱਛਣ ਹਨ।

ਇਸ ਬਿਮਾਰੀ ਤੋਂ ਬਚਾਅ ਲਈ ਪੀਣ ਵਾਲਾ ਪਾਣੀ ਸਾਫ ਸੁੱਥਰੇ ਸੋਮਿਆਂ ਤੋਂ ਲਿਆ ਜਾਵੇ,ਗਲੇ-ਸੜੇ ਤੇ ਜਿਆਦਾ ਪੱਕੇ ਹੋਏ ਫਲ ਖਾਣ ਤੋਂ ਪਰਹੇਜ, ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣੇ ਲਾਜ਼ਮੀ ਅਤੇ ਪਖਾਨਿਆਂ ਲਈ ਖੁੱਲੇ ਮੈਦਾਨ ਵਿਚ - ਪਖਾਨਾ ਜਾਣ ਦੀ ਥਾਂ ਪਖਾਨਿਆਂ ਦੀ ਵਰਤੋਂ ਕਰਨੀ ਅਤੇ ਸਾਬਣ ਨਾਲ ਹੱਥ ਧੋਣੇ ਯਕੀਨੀ ਬਣਾਏ ਜਾਣ।

ਹੈਪੇਟਾਈਟਸ ਬੀ ਅਤੇ ਸੀ ਦੂਸ਼ਿਤ ਖੂਨ ਚੜਾਉਣ ਨਾਲ, ਦੂਸ਼ਿਤ ਸਰਿੰਜਾਂ ਦੇ ਇਸਤੇਮਾਲ ਕਰਨ ਨਾਲ, ਬਿਮਾਰੀ ਗ੍ਰਸਤ ਮਰੀਜ਼ ਦੇ ਖੂਨ ਦੇ ਸੰਪਰਕ ਵਿਚ ਆਉਣ ਨਾਲ, ਅਣ-ਸੁਰੱਖਿਅਤ ਸੰਭੋਗ ਤੋਂ ਸਰੀਰ ਉਤੇ ਟੈਟੂ ਬਣਵਾਉਣ ਅਤੇ ਨਵਜੰਮੇ ਬੱਚੇ ਨੂੰ ਗ੍ਰਸਤ ਮਾਂ ਤੋਂ ਹੋ ਸਕਦਾ ਹੈ ਬਿਮਾਰੀ ਤੋਂ ਬਚਾਅ ਲਈ ਡਿਸਪੋਜੋਬਲ ਸਰਿੰਜਾਂ ਸੂਈਆਂ ਦੀ ਵਰਤੋਂ, ਸੁਰੱਖਿਅਤ ਸੰਭੋਗ, ਕੰਡੋਮ ਦਾ ਇਸਤੇਮਾਲ, ਸਮੇਂ-ਸਮੇਂ ਤੇ ਡਾਕਟਰੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। 

ਰਾਸ਼ਟਰੀ ਵਾਇਰਲ ਹੈਪਾਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਹੈਪੇਟਾਈਟਸ ਬੀ ਅਤੇ ਹੈਪੇਟਾਈਟਸ ਸੀ ਦੇ ਮਰੀਜਾਂ ਦਾ ਇਲਾਜ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਬਿੱਲਕੁੱਲ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਤੇ ਡਾ ਅੰਜੂ ਸਹਾਇਕ ਸਿਵਲ ਸਰਜਨ, ਡਾ. ਪ੍ਰਭਲੀਨ ਕੌਰ ਅਤੇ ਡਾ. ਸੋਨਾਲੀ ਵੋਹਰਾ ਜਿਲ੍ਹਾ ਐਪੀਡੀਮੋਲੋਜਿਸਟ , ਭੁਪਿੰਦਰ ਸਿੰਘ ਏ.ਐਮ.ਓ, ਰਾਜ ਰਾਣੀ ਮਾਸ ਮੀਡੀਆ ਅਫਸਰ,ਰਣਜੀਤ ਸਿੰਘ ਹੈਲਥ ਇੰਸਪੈਕਟਰ, ਆਦਿ ਮੌਕੇ ਤੇ ਹਾਜਰ ਸਨ।