5 Dariya News

ਪੰਜਾਬ ਕੇਂਦਰੀ ਯੂਨੀਵਰਸਿਟੀ ਨੇ 16ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ

5 Dariya News

ਬਠਿੰਡਾ 19-Jul-2023

ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀ.ਯੂ.ਪੀ.ਬੀ.) ਦੇ ਵਿਦਿਆਰਥੀਆਂ ਨੇ ਲਗਾਤਾਰ ਦੂਜੀ ਵਾਰ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਦੇ ਜੇਤੂ ਬਣ ਕੇ ਇਤਿਹਾਸ ਰਚਿਆ ਹੈ। ਉਹਨਾਂ ਨੇ ਭਾਰਤ ਸਰਕਾਰ ਦੇ ਸੰਸਦੀ ਮਾਮਲਿਆਂ ਦੇ ਮੰਤਰਾਲੇ ਦੀ ਅਗਵਾਈ ਹੇਠ ਯੂਨੀਵਰਸਿਟੀ/ਕਾਲਜ ਪੱਧਰ 'ਤੇ ਆਯੋਜਿਤ 16ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ।

ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਇਸ ਤੋਂ ਪਹਿਲਾਂ 2019 ਵਿੱਚ ਆਯੋਜਿਤ 15ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਵਿੱਚ ਜੇਤੂ ਦਾ ਖਿਤਾਬ ਜਿੱਤਿਆ ਸੀ। ਇਸ ਸਾਲ ਆਯੋਜਿਤ 16ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਵਿੱਚ ਆਪਣਾ ਖਿਤਾਬ ਬਰਕਰਾਰ ਰੱਖਦੇ ਹੋਏ ਯੂਨੀਵਰਸਿਟੀ ਨੇ ਉੱਚ ਮਾਪਦੰਡ ਸਥਾਪਤ ਕਰਨ ਦੀ ਆਪਣੀ ਪਰੰਪਰਾ ਨੂੰ ਕਾਇਮ ਰੱਖਿਆ ਹੈ। 

ਇਸ ਵੱਕਾਰੀ ਮੁਕਾਬਲੇ ਵਿੱਚ ਦੇਸ਼ ਭਰ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 55 ਵਿਦਿਆਰਥੀਆਂ ਦੀਆਂ ਕੁੱਲ 38 ਟੀਮਾਂ ਨੇ ਭਾਗ ਲਿਆ। ਰਾਸ਼ਟਰੀ ਯੁਵਾ ਸੰਸਦ ਮੁਕਾਬਲਾ ਦੇਸ਼ ਭਰ ਦੇ ਨੌਜਵਾਨਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ, ਵਿਚਾਰਸ਼ੀਲ ਬਹਿਸ ਵਿੱਚ ਸ਼ਾਮਲ ਹੋਣ ਅਤੇ ਸੰਸਦੀ ਕਾਰਵਾਈ ਨੂੰ ਸਮਝਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ। 

ਸੀ.ਯੂ.ਪੀ.ਬੀ. ਦੇ ਵਿਦਿਆਰਥੀਆਂ ਨੇ 26 ਮਈ, 2022 ਨੂੰ ਹੋਏ ਸ਼ੁਰੂਆਤੀ ਦੌਰ ਦੇ ਮੁਕਾਬਲੇ ਅਤੇ 30 ਮਈ, 2023 ਨੂੰ ਆਯੋਜਿਤ ਫਾਈਨਲ ਰਾਊਂਡ ਦੇ ਮੁਕਾਬਲੇ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਜਿਊਰੀ ਮੈਂਬਰਾਂ ਤੋਂ ਪ੍ਰਸ਼ੰਸਾ ਪ੍ਰਾਪਤ ਕੀਤੀ ਸੀ। ਉਹਨਾਂ ਨੇ ਸੰਸਦੀ ਹੁਨਰ, ਰਾਸ਼ਟਰੀ ਮਹੱਤਵ ਦੇ ਮਾਮਲਿਆਂ 'ਤੇ ਉਸਾਰੂ ਬਹਿਸ ਅਤੇ ਲੋਕਤੰਤਰੀ ਕਾਰਜ ਪ੍ਰਣਾਲੀ ਦੀ ਡੂੰਘੀ ਸਮਝ ਰਾਹੀਂ 16ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ।

ਪਰੰਪਰਾ ਅਨੁਸਾਰ ਇਸ 16ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਵਿੱਚ ਜੇਤੂ ਰਹੇ ਸੀਯੂਪੀਬੀ ਦੇ ਵਿਦਿਆਰਥੀਆਂ ਨੂੰ ਇਨਾਮ ਵੰਡ ਸਮਾਰੋਹ ਦੌਰਾਨ ਭਾਰਤ ਦੀ ਸੰਸਦ ਵਿੱਚ ਆਪਣੀ ਕਾਰਗੁਜ਼ਾਰੀ ਦਿਖਾਉਣ ਦਾ ਮੌਕਾ ਵੀ ਮਿਲੇਗਾ। ਇਸ ਖੁਸ਼ੀ ਦੇ ਮੌਕੇ 'ਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ.  ਤਰੁਣ ਅਰੋੜਾ ਨੂੰ ਯੂਨੀਵਰਸਿਟੀ ਦਾ ਮਾਣ ਵਧਾਉਣ ਲਈ ਵਧਾਈ ਦਿੱਤੀ। 

ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਵਿਚ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ 'ਤੇ ਮਾਣ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਦੇਸ਼ ਦੇ ਵਿਕਾਸ ਵਿੱਚ ਹਿੱਸਾ ਲੈਣ ਵਾਲੇ ਜ਼ਿੰਮੇਵਾਰ ਗ੍ਰੈਜੂਏਟ ਪੈਦਾ ਕਰਨ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਦਾ ਪ੍ਰਮਾਣ ਹੈ।

ਜਦਕਿ ਸੀਯੂਪੀਬੀ ਦੇ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਤਰੁਣ ਅਰੋੜਾ ਨੇ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦੇ ਨਾਲ-ਨਾਲ ਸਾਡੀ ਯੂਨੀਵਰਸਿਟੀ ਵਿੱਚ ਮੁਹੱਈਆ ਕਰਵਾਈਆਂ ਗਈਆਂ ਖੋਜ ਸਹੂਲਤਾਂ ਅਤੇ ਸੰਪੂਰਨ ਸਿੱਖਿਆ ਨੂੰ ਜਾਂਦਾ ਹੈ।