5 Dariya News

ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਘਰ-ਘਰ ਜਾ ਕੀਤਾ ਸਰਵੇਖਣ

ਵਸਨੀਕਾਂ ਨੂੰ ਦਵਾਈਆਂ ਅਤੇ ਓ.ਆਰ.ਐਸ. ਦੇ ਪੈਕੇਟ ਵੀ ਵੰਡੇ

5 Dariya News

ਲੁਧਿਆਣਾ 17-Jul-2023

ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵਲੋਂ ਬੁੱਢੇ ਨਾਲੇ ਦੇ ਓਵਰਫਲੋਅ ਕਾਰਨ ਪ੍ਰਭਾਵਿਤ ਤਾਜਪੁਰ ਰੋਡ ਦੇ ਆਲੇ-ਦੁਆਲੇ ਢੋਕਾ ਮੁਹੱਲਾ ਅਤੇ ਹੋਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਘਰ-ਘਰ ਜਾ ਕੇ ਸਰਵੇਖਣ ਕੀਤਾ ਗਿਆ ਤਾਂ ਜੋ ਪਾਣੀ ਅਤੇ ਵੈਕਟਰ ਤੋਂ ਪੈਦਾ ਹੋਣ ਵਾਲੀਆਂ ਸੰਭਾਵਿਤ ਬਿਮਾਰੀਆਂ ਦੀ ਰੋਕਥਾਮ ਕੀਤੀ ਜਾ ਸਕੇ।

ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਖੜ੍ਹਾ ਪਾਣੀ ਵੈਕਟਰ ਅਤੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬੁਖਾਰ, ਪੇਟ ਦਰਦ, ਉਲਟੀਆਂ, ਦਸਤ ਅਤੇ ਹੋਰ ਸਮੱਸਿਆਵਾਂ ਦੀਆਂ ਸ਼ਿਕਾਇਤਾਂ 'ਤੇ ਚੌਕਸੀ ਰੱਖਣ ਲਈ ਸਿਹਤ ਟੀਮਾਂ ਨੇ ਇਨ੍ਹਾਂ ਖੇਤਰਾਂ ਦਾ ਸਰਵੇਖਣ ਕੀਤਾ। 

ਉਨ੍ਹਾਂ ਕਿਹਾ ਕਿ ਟੀਮਾਂ ਨੇ ਸਾਵਧਾਨੀ ਦੇ ਤੌਰ 'ਤੇ ਵਸਨੀਕਾਂ ਨੂੰ ਦਵਾਈਆਂ, ਓ.ਆਰ.ਐਸ. ਪੈਕੇਟ ਆਦਿ ਵੀ ਵੰਡੇ। ਇਸ ਤੋਂ ਇਲਾਵਾ ਸਿਵਲ ਸਰਜਨ ਨੇ ਦੱਸਿਆ ਕਿ ਵਿਭਾਗ ਵੱਲੋਂ ਇਨ੍ਹਾਂ ਇਲਾਕਿਆਂ ਵਿੱਚ ਵਿਸ਼ੇਸ਼ ਕੈਂਪ ਵੀ ਲਗਾਏ ਗਏ ਅਤੇ ਲੋਕਾਂ ਦੀ ਚੈਕਿੰਗ ਕੀਤੀ ਗਈ। 

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖੜ੍ਹੇ ਪਾਣੀ 'ਤੇ ਮੱਛਰਾਂ ਦੀ ਪੈਦਾਵਾਰ ਬਾਰੇ ਜਾਗਰੂਕ ਕੀਤਾ ਗਿਆ ਤਾਂ ਜੋ ਇਨ੍ਹਾਂ ਨੂੰ ਤੁਰੰਤ ਨਸ਼ਟ ਕੀਤਾ ਜਾ ਸਕੇ। ਇਸ ਤੋਂ ਇਲਾਵਾ ਲੋਕਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਲਈ ਉਬਾਲ ਕੇ ਜਾਂ ਕਲੋਰੀਨੇਸ਼ਨ ਤੋਂ ਬਾਅਦ ਸਾਫ਼ ਪਾਣੀ ਪੀਣ ਲਈ ਵੀ ਜਾਗਰੂਕ ਕੀਤਾ ਗਿਆ ਅਤੇ ਜੇਕਰ ਕਿਸੇ ਨੂੰ ਬੁਖਾਰ ਜਾਂ ਦਸਤ ਲੱਗਦੇ ਹਨ ਤਾਂ ਉਹ ਮੈਡੀਕਲ ਕੈਂਪ ਸਮੇਤ ਸਰਕਾਰੀ ਸਿਹਤ ਸਹੂਲਤਾਂ ਦਾ ਲਾਭ ਲੈਣ ਅਤੇ ਸਵੈ-ਇਲਾਜ ਤੋਂ ਗੁਰੇਜ਼ ਕਰਨ।