5 Dariya News

ਇੰਗਲੈਂਡ ਵੱਸਦੇ ਸ਼੍ਰੋਮਣੀ ਗੀਤਕਾਰ ਚੰਨ ਜੰਡਿਆਲਵੀ ਦਾ ਨਵਾਂ ਗੀਤ ਸੰਗ੍ਰਹਿ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

5 Dariya News

ਲੁਧਿਆਣਾ 13-Jul-2023

ਇੰਗਲੈਡ ਵੱਸਦੇ ਸ਼੍ਰੋਮਣੀ ਪੰਜਾਬੀ ਗੀਤਕਾਰ ਤਰਲੋਚਨ ਸਿੰਘ “ਚੰਨ ਜੰਡਿਆਲਵੀ” ਦਾ ਨਵਾਂ ਗੀਤ ਸੰਗ੍ਰਹਿ “ਪੰਜਾਬ ਹੈ ਪੰਜਾਬ” ਲੋਕ ਅਰਪਣ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸਰਬ ਸ਼੍ਰੇਸ਼ਟ ਗੀਤਕਾਰ ਨੰਦ ਲਾਲ ਨੂਰਪੁਰੀ ਜੀ ਦੇ ਸ਼ਾਗਿਰਦ ਤੇ “ਮਧਾਣੀਆਂ , ਹਾਏ ਓ ਮੇਰੇ ਡਾਢਿਆ ਰੱਬਾ, ਕਿੰਨ੍ਹਾਂ ਜੰਮੀਆਂ ਕਿੰਨ੍ਹਾਂ ਨੇ ਲੈ ਜਾਣੀਆਂ” ਲਿਖਣ ਵਾਲੇ ਇੰਗਲੈਂਡ ਵਾਸੀ ਗੀਤਕਾਰ ਤਰਲੋਚਨ ਸਿੰਘ ਚੰਨ ਜੰਡਿਆਲਵੀ ਦੀ ਨਵਾਂ ਗੀਤ ਸੰਗ੍ਰਹਿ ਨਿਰੰਤਰਤਾ ਦੀ ਲੜੀ ਵਿੱਚ ਸੱਜਰਾ ਮਾਣਕ ਮੋਤੀ ਹੈ। 

ਇਸ ਤੋਂ ਪਹਿਲਾਂ ਉਹ ਪੰਜਾਬ ਦੇ ਗੀਤ, ਤੋਰ ਪੰਜਾਬਣ ਦੀ, ਤੇਰੀ ਮੇਰੀ ਇੱਕ ਜਿੰਦੜੀ, ਦਿਨ ਚੜ੍ਹਦੇ ਦੀ ਲਾਲੀ, ਸੱਪਣੀਆਂ ਵਰਗੀਆਂ, ਚਿੱਟਿਆਂ ਦੰਦਾਂ ਦਾ ਹਾਸਾ, ਰੂਹ ਪੰਜਾਬ ਦੀ, ਮੈਂ ਪੰਜਾਬਣ, ਨਾਨਕੀ ਨਸੀਬਾਂ ਵਾਲੜੀ, ਪੁੱਤ ਪੰਜਾਬ ਦੇ, ਆਨੰਦਪੁਰ ਰੰਗ ਬਰਸੇ, ਚੰਨ ਜੰਡਿਆਲਵੀ ਦੀਆਂ ਰਚਨਾਵਾਂ ਭਾਗ ਪਹਿਲਾ ਤੇ ਭਾਗ ਦੂਜਾ , ਪ੍ਰਾਣਾਂ ਤੋਂ ਪਿਆਰੀ ਸਿੱਖੀ, ਪੰਜਾਬੀ ਆਂ ਪੰਜਾਬੀ, ਰੂਹਾਂ ਨਸੀਬਾਂ ਵਾਲੀਆਂ, ਸਿੰਘ ਜੈਕਾਰੇ ਛੱਡਦੇ ਅਤੇ ਮਿੱਤਰਾਂ ਦਾ ਰੱਬ ਰਾਖਾ ਪਹਿਲਾਂ ਹੀ ਨਾਮਣਾ ਖੱਟ ਚੁਕੀਆਂ ਹਨ।

ਉਨ੍ਹਾਂ ਕਿਹਾ ਕਿ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਚਾਦੀ ਰਾਮ, ਸ਼ੌਕਤ ਅਲੀ ਜਗਮੋਹਨ ਕੌਰ ਤੇ ਮਲਕੀਤ ਸਿੰਘ ਗੋਲਡਨ ਸਟਾਰ ਤੋਂ ਇਲਾਵਾ ਲਗਪਗ 60 ਚੋਟੀ ਦੇ ਕਲਾਕਾਰ ਚੰਨ ਜੀ ਦੇ ਗੀਤ ਗਾ ਚੁਕੇ ਹਨ। ਜਗਮੋਹਨ ਕੌਰ ਦਾ ਗਾਇਆ ਚੰਨ ਜੀ ਦਾ ਗੀਤ “ਮੈਂ ਕੱਲ੍ਹੀ ਨਹੀਂ ਰਹਿੰਦੀ ਚੋਬਰਾ, ਦੁਨੀਆ ਸਾਰੀ ਕਹਿੰਦੀ। ਨੱਚਾਂ ਮੈਂ ਲੁਧਿਆਣੇ ਮੇਰੀ ਧਮਕ ਜਲੰਧਰ ਪੈਦੀ” ਤਾਂ ਲੋਕ ਗੀਤ ਦੇ ਪੱਧਰ ਤੇ ਪ੍ਰਵਾਨਤ ਹੈ।

ਉੱਘੇ ਲੋਕ ਗਾਇਕ ਤੇ ਗੀਤਕਾਰ ਪਾਲੀ ਦੇਤਵਾਲੀਆ ਨੇ ਕਿਹਾ ਕਿ ਚੰਨ ਜੰਡਿਆਲਵੀ ਜੀ ਵਰਤਮਾਨ ਗੀਤਕਾਰਾਂ ਦੇ ਰਾਹ ਦਿਸੇਰਾ ਗੀਤਕਾਰ ਹਨ, ਜਿੰਨ੍ਹਾਂ ਨੇ ਸਕੂਲ ਵਿੱਚ ਪੜ੍ਹਦਿਆਂ ਹੀ ਆਪਣੇ ਅਧਿਆਪਕ ਸ਼੍ਰੀ ਅਵਤਾਰ ਜੰਡਿਆਲਵੀ ਜੀ ਦੀ ਪ੍ਰੇਰਨਾ ਨਾਲ ਗੀਤਕਾਰੀ ਦਾ ਮਾਰਗ ਅਪਣਾਇਆ। ਉਹ ਦੋਆਬੇ ਦੇ ਮਸ਼ਹੂਰ  ਪਿੰਡ ਜੰਡਿਆਲਾ ਤੋਂ ਤੁਰ ਕੇ ਇੰਗਲੈਂਡ ਪੁੱਜ ਕੇ ਵੀ ਆਪਣਾ ਪੰਜਾਬ ਨਾਲੋ ਨਾਲ ਲਈ ਫਿਰਦੇ ਹਨ। 

ਪਾਕਿਸਤਾਨ ਦੇ ਸਵਰਗੀ ਲੋਕ ਗਾਇਕ ਜਨਾਬ ਸ਼ੌਕਤ ਅਲੀ ਤੇ ਸਃ ਮਲਕੀਤ ਸਿੰਘ ਗੋਲਡਨ ਸਟਾਰ ਨੇ ਹਿੰਦ ਪਾਕਿ ਦੋਸਤੀ ਲਈ ਮਹੱਤਵਪੂਰਨ ਗੀਤ”ਵਾਘੇ ਦੀਏ ਸਰਹੱਦੇ, ਤੈਨੂੰ ਤੱਤੀ ਵਾ ਨਾ ਲੱਗੇ, ਲੰਗਣ ਫੁੱਲ ਗੁਲਾਬ ਦੇ। ਤੇਰੇ ਦੋਹੀਂ ਪਾਸੇ ਵੱਸਦੇ ਅੜੀਏ, ਪੁੱਤ ਪੰਜਾਬ ਦੇ” ਗਾ ਕੇ ਵਿਸ਼ਵ ਅਮਨ ਲਹਿਰ ਵਿੱਚ ਇਤਿਹਾਸਕ ਯੋਗਦਾਨ ਪਾਇਆ।

ਪੰਜਾਬੀ ਗੀਤਕਾਰ ਸਭਾ ਦੇ ਬਾਨੀ ਪ੍ਰਧਾਨ ਸਰਬਜੀਤ ਵਿਰਦੀ ਨੇ ਲੇਖਕ ਤੇ ਕਿਤਾਬ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸੰਗ੍ਰਹਿ ਵਿੱਚ ਚੰਨ ਜੀ ਦੇ ਸਾਹਿੱਤਕ, ਸਮਾਜਿਕ ਅਤੇ ਧਾਰਮਿਕ ਗੀਤ ਅਤੇ ਕਵਿਤਾਵਾਂ ਸ਼ਾਮਿਲ ਹਨ।

ਇਸ ਮੌਕੇ ਉੱਘੇ ਰੰਗ ਕਰਮੀ ਨਵਦੀਪ ਸਿੰਘ ਜੌੜਾ(ਲੱਕੀ) ਤੇ ਪੰਜਾਬ ਕਲਚਰਲ ਸੋਸਾਇਟੀ ਦੇ ਪ੍ਰਧਾਨ ਰਵਿੰਦਰ ਰੰਗੂਵਾਲ ਵੀ ਹਾਜ਼ਰ ਸਨ। ਰਵਿੰਦਰ ਰੰਗੂਵਾਲ ਨੇ ਬੋਲਦਿਆਂ ਕਿਹਾ ਕਿ ਚੰਨ ਜੰਡਿਆਲਵੀ ਜੀ ਨੇ ਸਾਰੀ ਉਮਰ ਮਿਆਰ ਤੋਂ ਹੇਠਾਂ ਡਿੱਗ ਕੇ ਕਦੇ ਕੋਈ ਗੀਤ ਨਹੀਂ ਲਿਖਿਆ, ਇਹ ਮਿਸਾਲੀ ਗੱਲ ਹੈ।