5 Dariya News

ਦੁਧਨਗੁੱਜਰਾਂ ਨੇੜੇ ਰਾਹਤ ਕਾਰਜਾਂ ”ਚ ਲੱਗੇ ਐਸ.ਪੀ. ਸਰਫ਼ਰਾਜ਼ ਆਲਮ ਸਮੇਤ ਐਨ.ਡੀ.ਆਰ.ਐਫ. ਦੀ ਕਿਸ਼ਤੀ ਸਵਾਰ ਜਵਾਨ ਹਾਦਸਾਗ੍ਰਸਤ

ਆਈ.ਜੀ., ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵੱਲੋਂ ਟੀਮ ਦੇ ਜਜਬੇ ਅਤੇ ਹੌਂਸਲੇ ਦੀ ਸ਼ਲਾਘਾ

5 Dariya News

ਦੂਧਨ ਸਾਧਾਂ/ਪਟਿਆਲਾ 13-Jul-2023

ਹਲਕਾ ਸਨੌਰ ਦੇ ਪਿੰਡਾਂ ਵਿੱਚ ਘੱਗਰ ਦਰ‌ਿਆ ਦੇ ਆਏ ਹੜ੍ਹ ਦੇ ਪਾਣੀ ਕਾਰਨ ਲੋਕਾਂ ਦੀਆਂ ਜਾਨਾਂ ਬਚਾਉਣ ਅਤੇ ਕਿਸ਼ਤੀਆਂ ਦਵਾਈਆਂ, ਰਾਸ਼ਨ, ਭੋਜਨ, ਪਾਣੀ ਅਤੇ ਹੋਰ ਜ਼ਰੂਰੀ ਵਸਤਾਂ ਭੇਜਣ ਵਿੱਚ ਲੱਗੇ ਐਸ.ਪੀ. ਸਿਟੀ ਸਰਫ਼ਰਾਜ ਆਲਮ ਦੀ ਅਗਵਾਈ ਹੇਠਲੀ ਐਨ.ਡੀ.ਆਰ.ਐਫ. ਦੀ ਸੱਤਵੀ ਬਟਾਲੀਅਨ ਬਠਿੰਡਾ ਦੀ ਟੀਮ ਅਤੇ ਪਟਿਆਲਾ ਪੁਲਿਸ ਦੀ ਟੀਮ ਕਿਸ਼ਤੀ ਹਾਦਸਾਗ੍ਰਸਤ ਹੋ ਗਈ। ਇਹ ਸਾਰੀ ਟੁਕੜੀ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਹੀ ਹੈ।

ਇਸ ਟੀਮ ਦੇ ਜਜਬੇ ਅਤੇ ਹੌਂਸਲੇ ਦੀ ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਐਨ.ਡੀ.ਆਰ.ਐਫ., ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਟੀਮਾਂ ਇਸੇ ਤਰ੍ਹਾਂ ਰਾਹਤ ਕਾਰਜਾਂ ਨੂੰ ਜਾਰੀ ਰਖਣਗੀਆਂ। ਐੱਨ ਡੀ ਆਰ ਐੱਫ ਦੀ ਸੱਤਵੀ ਬਟਾਲੀਅਨ ਅਤੇ ਪਟਿਆਲਾ ਪੁਲਿਸ ਦੀਆਂ ਟੀਮਾਂ ਪਾਣੀ ਦਾ ਪੱਧਰ ਕਾਫ਼ੀ ਉਚਾ ਹੋਣ ਕਰਕੇ ਲਗਾਤਾਰ ਰਾਹਤ ਅਤੇ ਬਚਾਅ ਕਾਰਜਾਂ ਲਈ ਕੰਮ ਕਰ ਰਹੀਆਂ ਹਨ। 

ਇਸੇ ਦੌਰਾਨ ਅੱਜ ਦੁਪਹਿਰ ਕਰੀਬ 1:30 ਵਜੇ ਰਾਹਤ ਸਮੱਗਰੀ ਅਤੇ ਜ਼ਰੂਰੀ ਦਵਾਈਆਂ ਲੈ ਕੇ ਜਾ ਰਹੀ ਐੱਨ.ਡੀ.ਆਰ.ਐੱਫ. ਦੀ ਸੱਤਵੀ ਬਟਾਲੀਅਨ ਦੀ ਟੁਕੜੀ ਅਤੇ ਪਟਿਆਲਾ ਪੁਲਿਸ ਦੀ ਟੀਮ ਦੀ ਇੱਕ ਕਿਸ਼ਤੀ ਥਾਣਾ ਜੁਲਕਾਂ ਦੇ ਪਿੰਡ ਦੂਧਨ ਗੁੱਜਰਾਂ ਨੇੜੇ ਇੱਕ ਟੁੱਟੇ ਹੋਏ ਪੁੱਲ ਨਾਲ ਟਕਰਾ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਪੀ. ਸਰਫ਼ਰਾਜ ਆਲਮ ਨੇ ਦੱਸਿਆ ਕਿ ਉਹ ਖ਼ੁਦ ਅਤੇ ਉਨ੍ਹਾਂ ਨਾਲ ਡੀਐਸਪੀ ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਅਤੇ ਐਸਐਚਓ ਜੁਲਕਾਂ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਐਸਆਈ ਮੋਹਨ, ਹੌਲਦਾਰ ਅਖਿਲੇਸ਼, ਸਿਪਾਹੀ ਕਪਿਲ, ਪ੍ਰਕਾਸ ਐਨਡੀਆਰਐਫ 7 ਬਟਾਲੀਅਨ ਬਠਿੰਡਾ ਦੀ ਟੀਮ  ਦੀ ਇਹ ਕਿਸ਼ਤੀ ਟੁੱਟੇ ਪੁਲ ਨਾਲ ਟਕਰਾਉਣ ਕਰਕੇ ਹਾਦਸਾਗ੍ਰਸਤ ਹੋ ਗਈ ਪਰੰਤੂ ਉਹ ਤੇਜੀ ਨਾਲ ਛਾਲਾਂ ਮਾਰਕੇ ਵਾਲ ਵਾਲ ਬਚ ਗਏ। 

ਉਨ੍ਹਾਂ ਦੱਸਿਆ ਕਿ ਉਨ੍ਹਾਂ ਸਮੇਤ 3-4 ਟੀਮ ਮੈਂਬਰਾਂ ਨੂੰ ਕੁਝ ਸੱਟਾਂ ਲੱਗੀਆਂ ਹਨ ਪਰ ਕਿਸ਼ਤੀ ਹਾਦਸਾਗ੍ਰਸਤ ਹੋਣ ਕਾਰਨ ਨੁਕਸਾਨੀ ਗਈ ਹੈ। ਐਸ.ਪੀ. ਨੇ ਦੱਸਿਆ ਕਿ ਉਨ੍ਹਾਂ ਅਤੇ ਐੱਨ.ਡੀ.ਆਰ.ਐੱਫ. ਦੇ ਜਵਾਨਾਂ ਨੇ ਆਪਣੇ ਜਜਬੇ ਨੂੰ ਘਟਣ ਨਹੀਂ ਦਿੱਤਾ ਸਗੋਂ ਹੋਰ ਵਧੇਰੇ ਜੋਸ਼ ਨਾਲ ਉਹ ਮੁੜ ਤੋਂ ਰਾਹਤ ਕਾਰਜਾਂ ਵਿੱਚ ਲੱਗ ਗਏ ਹਨ।