5 Dariya News

ਜ਼ਿਲ੍ਹੇ ਵਿੱਚ ਬਚਾਅ ਕਾਰਜ ਜੰਗੀ ਪੱਧਰ ਉੱਤੇ ਜਾਰੀ : ਪਰਨੀਤ ਸ਼ੇਰਗਿੱਲ

ਫੌਜ ਦੇ 65 ਜਵਾਨ ਤੇ ਅਫਸਰ ਅਤੇ ਐਨ.ਡੀ. ਆਰ.ਐੱਫ. ਦੇ 25 ਟੀਮ ਮੈਂਬਰ ਰਾਹਤ ਕਾਰਜਾਂ ਵਿਚ ਡਟੇ

5 Dariya News

ਫ਼ਤਹਿਗੜ੍ਹ ਸਾਹਿਬ 10-Jul-2023

ਜ਼ਿਲ੍ਹੇ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹੇ ਵਿੱਚ ਹੜ੍ਹਾਂ ਸਬੰਧੀ ਹਾਲਾਤ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੰਦਿਆਂ ਸਾਂਝੀ ਕੀਤੀ। 

ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਰਾਹਤ ਕਾਰਜਾਂ ਲਈ ਫੌਜ ਦੇ 65 ਜਵਾਨ, ਜਿਨ੍ਹਾਂ ਵਿਚ 02 ਅਫਸਰ ਸ਼ਾਮਲ ਹਨ, ਪਟਿਆਲਾ ਤੋਂ ਇਥੇ ਪੁੱਜ ਚੁੱਕੇ ਹਨ। ਇਸ ਦੇ ਨਾਲ ਨਾਲ ਐਨ. ਡੀ.ਆਰ.ਐੱਫ. ਦੀ 25 ਮੈਂਬਰੀ ਟੀਮ ਬਠਿੰਡੇ ਤੋਂ ਆ ਕੇ ਰਾਹਤ ਕਾਰਜਾਂ ਵਿਚ ਲੱਗ ਗਈ ਹੈ। ਇਹਨਾਂ ਵਲੋਂ ਪਿੰਡ ਮਹੱਦੀਆਂ ਵਿਚੋਂ ਤਕਰੀਬਨ 30 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਜ਼ਿਲ੍ਹੇ ਵਿੱਚ ਕਰੀਬ 1500 ਵਿਅਕਤੀਆਂ ਨੂੰ ਖਾਣਾ ਵੀ ਮੁਹਈਆ ਕਰਵਾਇਆ ਗਿਆ ਹੈ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ 24 ਘੰਟੇ ਰਾਹਤ ਕਾਰਜਾਂ ਵਿਚ ਜੁਟੀਆਂ ਹੋਈਆਂ ਹਨ ਤੇ ਜਿਥੋਂ ਕਿਤੋਂ ਵੀ ਮਦਦ ਲਈ ਕਾਲ ਆ ਰਹੀ, ਉਸ ਸਬੰਧੀ ਫੌਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪੁੱਜਦਾ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਖਾਣਾ ਵੀ ਮੁਹਈਆ ਕਰਵਾਇਆ ਜਾ ਰਿਹਾ ਹੈ। ਇਸ ਬਾਬਤ ਹੋਰ ਜਾਣਕਾਰੀ ਸਾਂਝੀ ਕਰਦਿਆਂ ਐੱਸ.ਡੀ.ਐਮ. ਖਮਾਣੋਂ, ਸ਼੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਖਮਾਣੋਂ ਦੇ ਪਿੰਡ ਰਾਣਵਾਂ, ਫਰੌਰ ਸਮੇਤ ਵੱਖੋ ਵੱਖੋ ਪਿੰਡਾਂ ਵਿਚ ਕਰੀਬ 80 ਤਰਪਾਲਾਂ ਪੁੱਜਦੀਆਂ ਕੀਤੀਆਂ ਗਈਆਂ ਹਨ। 

ਸਰਹਿੰਦ- ਫ਼ਤਹਿਗੜ੍ਹ ਸਾਹਿਬ ਵਿਖੇ ਬਚਾਅ ਕਾਰਜਾਂ ਤਹਿਤ ਪਿੰਡ ਅੱਤੇਵਾਲੀ ਵਿਚੋਂ 40, ਬਾਬਾ ਬੰਦਾ ਸਿੰਘ ਬਹਾਦਰ ਕਾਲਜ ਵਿੱਚੋਂ 70 ਵਿਦਿਆਰਥੀਆਂ ਤੇ 13 ਪਰਿਵਾਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਇਸ ਦੇ ਨਾਲ ਨਾਲ ਹੋਰ ਵਿਅਕਤੀਆਂ ਨੂੰ ਵੀ ਸੁਰੱਖਿਅਤ ਥਾਵਾਂ ਉੱਤੇ ਪੁੱਜਦਾ ਕੀਤਾ ਗਿਆ ਹੈ। ਮਾਤਾ ਨੈਣਾ ਦੇਵੀ ਮੰਦਿਰ ਵਿਖੇ ਬਣੇ ਰਾਹਤ ਕੇਂਦਰ ਵਿਚ ਪੁੱਜੀ ਇਕ ਗਰਭਵਤੀ ਔਰਤ ਨੂੰ ਫੌਰੀ ਤੌਰ ਉੱਤੇ ਐਂਬੂਲੈਂਸ ਬੁਲਾ ਕੇ ਹਸਪਤਾਲ ਪਹੁੰਚਾਇਆ ਗਿਆ। 

ਸਬ ਡਵੀਜ਼ਨ ਬਸੀ ਪਠਾਣਾ ਵਿੱਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਵਾਸਤੇ ਪ੍ਰਸ਼ਾਸਨ ਵੱਲੋਂ ਹਾਲਾਤ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਲੱਮ ਬਸਤੀਆਂ ਵਿੱਚ ਰਹਿੰਦੇ ਲਗਭਗ 500 ਵਿਅਕਤੀਆਂ ਨੂੰ ਪ੍ਰਸ਼ਾਸਨ ਵੱਲੋਂ ਖਾਣਾ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਐੱਸ ਡੀ ਐੱਮ ਬਸੀ ਪਠਾਣਾ ਸ੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਘਰਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਵਾਸਤੇ ਜੰਗੀ ਪੱਧਰ 'ਤੇ ਰਾਹਤ ਕਾਰਜ ਕੀਤੇ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਵੱਲੋਂ ਵੀ ਪਿੰਡਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਬੀਤੇ ਦਿਨੀਂ ਸਬ ਡਵੀਜ਼ਨ ਦੇ ਕਈ ਪਿੰਡਾਂ ਦਾ ਦੌਰਾ ਕਰਕੇ ਸਬੰਧਤ ਅਧਿਕਾਰੀਆਂ ਨੂੰ ਮੌਕੇ 'ਤੇ ਲੋੜੀਂਦੇ ਆਦੇਸ਼ ਦਿੱਤੇ ਗਏ ਹਨ।ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ ਅਤੇ ਆਪਣੇ ਬੱਚਿਆਂ ਨੂੰ ਇਕੱਲੇ ਬਾਹਰ ਨਾ ਜਾਣ ਦੇਣ।ਇਹਨਾਂ ਸਾਰੇ ਰਾਹਤ ਕਾਰਜਾਂ ਵਿਚ ਤਹਿਸੀਲਦਾਰ ਫ਼ਤਹਿਗੜ੍ਹ ਸਾਹਿਬ ਸ਼੍ਰੀ ਬਾਦਲ ਦੀਨ ਅਤੇ ਜ਼ਿਲ੍ਹਾ ਮਾਲ ਅਫਸਰ ਸ਼੍ਰੀ ਸੰਦੀਪ ਵਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।