5 Dariya News

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਵੱਡੀ ਨਦੀ ਨਾਲ ਲੱਗਦੇ ਖੇਤਰਾਂ ਦਾ ਦੌਰਾ, ਸਥਿਤੀ ਦਾ ਲਿਆ ਜਾਇਜ਼ਾ

ਪਟਿਆਲਾ ਦੀ ਗੋਪਾਲ ਕਲੋਨੀ 'ਚ ਪਾਣੀ ਦਾਖਲ ਹੋਣ ਕਰਕੇ ਲੋਕਾਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ

5 Dariya News

ਪਟਿਆਲਾ 10-Jul-2023

ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ਜਿਥੇ 9 ਤੇ 10 ਜੁਲਾਈ ਦੀ ਦਰਮਿਆਨੀ ਰਾਤ ਰਾਜਪੁਰਾ ਖੇਤਰ 'ਚੋ ਲੰਘਦੀ ਐਸ.ਵਾਈ.ਐਲ. ਅਤੇ ਪੱਚੀਦਰਾ ਦੀ ਖੁਦ ਮੌਕੇ 'ਤੇ ਜਾਕੇ ਨਿਕਾਸੀ ਨੂੰ ਯਕੀਨੀ ਬਣਵਾਇਆ, ਉਥੇ ਹੀ ਸਵੇਰੇ 5 ਵਜੇ ਪਟਿਆਲਾ ਸ਼ਹਿਰ 'ਚ ਵਹਿੰਦੀ ਵੱਡੀ ਨਦੀ ਦੇ ਨਾਲ ਲੱਗਦੀ ਗੋਪਾਲ ਕਲੋਨੀ 'ਚ ਆਏ ਪਾਣੀ ਦਾ ਜਾਇਜ਼ਾ ਲੈਂਦਿਆਂ ਲੋਕਾਂ ਦੀ ਖੁਦ ਮਦਦ ਕੀਤੀ। 

ਜ਼ਿਕਰਯੋਗ ਹੈ ਪਟਿਆਲਾ ਦੀ ਗੋਪਾਲ ਕਲੋਨੀ ਵੱਡਾ ਅਰਾਈ ਮਾਜਰਾ, ਨੇੜੇ ਗਊਸ਼ਾਲਾ ਸਨੌਰ ਰੋਡ 'ਚ ਵੱਡੀ ਨਦੀ ਦਾ ਪਾਣੀ ਉਛਲਣ ਕਰਕੇ ਇਸ ਕਲੋਨੀ 'ਚ ਪਾਣੀ ਦਾਖਲ ਹੋ ਗਿਆ ਹੈ, ਜਿਸ ਕਰਕੇ ਇੱਥੇ ਦੇ ਕਰੀਬ 200 ਘਰ ਪ੍ਰਭਾਵਤ ਹੋਏ ਹਨ, ਜਿਥੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਣ ਦਾ ਕੰਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਚੱਲ ਰਹੇ ਬਚਾਅ ਕਾਰਜਾਂ ਦੀ ਖ਼ੁਦ ਨਿਗਰਾਨੀ ਕੀਤੀ ਅਤੇ ਪਟਿਆਲਾ ਦੇ ਐਸ.ਡੀ.ਐਮ. ਚਰਨਜੀਤ ਸਿੰਘ, ਜੋਕਿ ਪ੍ਰਭਾਵਤ ਇਲਾਕੇ 'ਚ ਮੌਜੂਦ ਸਨ, ਨੂੰ ਹਦਾਇਤ ਕੀਤੀ ਕਿ ਸਾਰੇ ਨਾਗਰਿਕਾਂ ਖਾਸ ਕਰਕੇ ਬੱਚਿਆਂ ਅਤੇ ਔਰਤਾਂ ਨੂੰ ਸੁਰੱਖਿਅਤ ਥਾਵਾਂ (ਪ੍ਰੇਮ ਬਾਗ ਪੈਲੇਸ) 'ਤੇ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਖਾਣ ਪੀਣ ਸਮੇਤ ਦਵਾਈਆਂ ਆਦਿ ਦੇ ਲੋੜੀਂਦੇ ਪ੍ਰਬੰਧਾਂ 'ਚ ਕੋਈ ਕਮੀ ਨਹੀਂ ਆਉਣੀ ਚਾਹੀਦੀ। 

ਉਨ੍ਹਾਂ ਕਿਹਾ ਕਿ ਪਸ਼ੂਆਂ ਲਈ ਗਊਸ਼ਾਲਾ ਵਿਖੇ ਪ੍ਰਬੰਧ ਕੀਤਾ ਗਿਆ ਹੈ, ਜਿਥੇ ਪਸ਼ੂਆਂ ਲਈ ਚਾਰੇ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਪੀ. ਸਰਫ਼ਰਾਜ਼ ਆਲਮ ਤੇ ਜੁਆਇੰਟ ਕਮਿਸ਼ਨਰ ਨਗਰ ਨਿਗਮ ਨਮਨ ਮਾਰਕੰਨ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।

ਸਾਕਸ਼ੀ ਸਾਹਨੀ ਨੇ ਇਸ ਮੌਕੇ ਕਿਹਾ ਕਿ ਸਮੁੱਚੇ ਜ਼ਿਲ੍ਹੇ ਅੰਦਰਲੀਆਂ ਨਦੀਆਂ-ਨਾਲਿਆਂ 'ਚ ਪਾਣੀ ਦੇ ਪੱਧਰ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਿਥੇ ਕਿਤੋਂ ਵੀ ਪਾਣੀ ਆਉਣ ਦੀ ਸੂਚਨਾ ਮਿਲਦੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਸੰਭਾਵਤ ਖ਼ਤਰੇ ਨਾਲ ਨਜਿੱਠਣ ਦੇ ਸਮਰੱਥ ਹੈ। 

ਉਨ੍ਹਾਂ ਦੱਸਿਆ ਕਿ ਹੜ੍ਹ ਕੰਟਰੋਲ ਰੂਮ ਦੇ ਨੰਬਰ 0175-2350550 'ਤੇ ਪਾਣੀ ਆਉਣ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੰਟਰੋਲ ਰੂਮ 'ਤੇ ਆਮ ਜਨਤਾ ਰਾਹੀ ਦਿੱਤੀ ਜਾ ਰਹੀ ਜਾਣਕਾਰੀ ਮੁਤਾਬਕ ਤੁਰੰਤ ਕਾਰਵਾਈ ਲਈ ਵੱਖਰੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜੋ ਤੁਰੰਤ ਹਰਕਤ ਵਿੱਚ ਆਕੇ ਲੋੜੀਂਦੇ ਕੰਮ ਯਕੀਨੀ ਬਣਾਉਂਦੀਆਂ ਹਨ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਖੁਦ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ ਅਤੇ ਉਨ੍ਹਾਂ ਵੱਲੋਂ ਲਗਾਤਾਰ ਹਾਲਾਤ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਮੈਰਿਜ ਪੈਲੇਸਾਂ ਅਤੇ ਹੋਰ ਸੁਰੱਖਿਅਤ ਥਾਵਾਂ ਵਿਖੇ ਪਾਣੀ ਵਾਲੇ ਖੇਤਰ ਵਿੱਚੋਂ ਬਾਹਰ ਕੱਢੇ ਨਾਗਰਿਕਾਂ ਦੇ ਰਹਿਣ, ਖਾਣ-ਪੀਣ ਤੇ ਦਵਾਈਆਂ ਆਦਿ ਦਾ ਸਮੁੱਚਾ ਪ੍ਰਬੰਧ ਕੀਤਾ ਹੋਇਆ ਹੈ ਜਦੋਂਕਿ ਕਿਸੇ ਨਾਗਰਿਕ ਦੇ ਪਾਣੀ 'ਚ ਘਿਰਨ ਦੀ ਸੂਰਤ 'ਚ ਉਸਨੂੰ ਸੁਰੱਖਿਅਤ ਬਾਹਰ ਕੱਢਣ ਲਈ ਗੋਤਾਖੋਰਾਂ ਸਮੇਤ ਹੋਰ ਲੋੜੀਂਦੇ ਵੀ ਪ੍ਰਬੰਧ ਕੀਤੇ ਹੋਏ ਹਨ।

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਥਾਨਕ ਵਸਨੀਕਾਂ ਨਾਲ ਮੁਲਾਕਾਤ ਕਰਕੇ ਗੱਲਬਾਤ ਵੀ ਕੀਤੀ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਲਗਾਤਾਰ ਬਰਸਾਤ ਪੈਣ ਕਰਕੇ ਅਤੇ ਪਿੱਛੋਂ ਪਾਣੀ ਆਉਣ ਕਰਕੇ ਵੱਡੀ ਨਦੀ ਵਿੱਚ ਪਾਣੀ ਆਇਆ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਘਨੌਰ ਨੇੜੇ ਕਪੂਰੀ ਹੈੱਡ ਭਾਖੜਾ ਮੇਨ ਲਾਈਨ ਨਰਵਾਣਾ ਬਰਾਂਚ ਸਮੇਤ ਹੋਰ ਵੱਖ ਵੱਖ ਸਥਾਨਾਂ ਦਾ ਦੌਰਾ ਕੀਤਾ।ਫੋਟੋ ਕੈਪਸ਼ਨ- ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਗੋਪਾਲ ਕਲੋਨੀ ਵਿਖੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ।