5 Dariya News

ਪ੍ਰਸ਼ਾਸਨ ਵੱਲੋਂ ਘੱਗਰ ਦੇ ਟਿਵਾਣਾ ਬੰਨ੍ਹ ’ਤੇ ਵਰਤੀ ਚੌਕਸੀ ਨੇ ਪਾਣੀ ਦਾ ਪੱਧਰ ਵਧਣ ਦੇ ਬਾਵਜੂਦ ਪਾਣੀ ਨੂੰ ਟੁੱਟਣ ਤੋਂ ਬਚਾਇਆ

ਐਮ ਐਲ ਏ ਕੁਲਜੀਤ ਸਿੰਘ ਰੰਧਾਵਾ, ਪ੍ਰਮੁੱਖ ਸਕੱਤਰ ਜਲ ਸ੍ਰੋਤ ਕਿ੍ਰਸ਼ਨ ਕੁਮਾਰ ਅਤੇ ਡੀ ਸੀ ਆਸ਼ਿਕਾ ਜੈਨ ਨੇ ਲਿਆ ਜਾਇਜ਼ਾ

5 Dariya News

ਡੇਰਬੱਸੀ 09-Jul-2023

ਘੱਗਰ ’ਚ ਬਾਰਸ਼ਾਂ ਕਾਰਨ ਵਧੇ ਪਾਣੀ ਦੇ ਵਹਾਅ ਤੋਂ ਡੇਰਾਬੱਸੀ ਸਬ ਡਵੀਜ਼ਨ  ਦੇ ਨੀਵੇਂ ਪਿੰਡਾਂ ਟਿਵਾਣਾ, ਡੇਰਾ, ਆਲਮਗੀਰ ਤੇ ਖਜੂਰ ਮੰਡੀ ਨੂੰ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਪਿਛਲੇ ਦਿਨਾਂ ਤੋਂ ਕੀਤੇ ਜਾ ਰਹੇ ਸਿਰ ਤੋੜ ਯਤਨਾਂ ਸਦਕਾ ਟਿਵਾਣਾ ਵਿਖੇ ਮਜ਼ਬੂਤੀ ਅਤੇ ਚੌਕਸੀ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ।

ਐਮ ਐਲ ਏ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਜਿਨ੍ਹਾਂ ਅੱਜ ਵਰ੍ਹਦੇ ਮੀਂਹ ’ਚ ਟਿਵਾਣਾ ਬੰਨ੍ਹ ਦਾ ਦੌਰਾ ਕੀਤਾ, ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਰੇਨੇਜ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਇਸ ਕਮਜ਼ੋਰ ਬੰਨ੍ਹ ਨੂੰ ਮਜ਼ਬੂਤ ਨਾ ਕੀਤਾ ਜਾਂਦਾ ਤਾਂ ਇਸ ਸਮੇਤ ਚਾਰ ਪਿੰਡ ਘੱਗਰ ਦੀ ਸਿੱਧੀ ਮਾਰ ਹੇਠ ਆ ਜਾਂਦੇ। ਉਨ੍ਹਾਂ ਕਿਹਾ ਕਿ ਸਮੇਂ ਸਿਰ ਇਸ ਨੂੰ ਬਚਾਉਣ ਲਈ ਅਧਿਕਾਰੀਆਂ ਵੱਲੋਂ ਪਿਛਲੇ ਦਿਨਾਂ ’ਚ ਕੀਤੇ ਦੌਰੇ ਅਤੇ ਮਜ਼ਬੂਤੀ ਕਾਰਜ ਸਮੇਂ ਸਿਰ ਆਰੰਭਣ ਕਾਰਨ ਇਸ ਦਾ ਬਚਾਅ ਹੈ।

ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕਿ੍ਰਸ਼ਨ ਕੁਮਾਰ ਜਿਨ੍ਹਾਂ ਅੱਜ ਵਿਸ਼ੇਸ਼ ਤੌਰ ’ਤੇ ਇਸ ਥਾਂ ਦਾ ਦੌਰਾ ਕੀਤਾ, ਨੇ ਉੱਥੇ ਮੌਜੂਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਬੰਨ੍ਹ ਨੂੰ ਕਿਸੇ ਵੀ ਹਾਲਤ ’ਚ ਟੁੱਟਣ ਨਾ ਦਿੱਤਾ ਜਾਵੇ। ਉਨ੍ਹਾਂ ਨੇ ਬੰਨ੍ਹ ਦੀ ਮਜ਼ਬੂਤੀ ਦੇ ਕਾਰਜ ਦਾ ਜਾਇਜ਼ਾ ਲੈਂਦਿਆਂ ਇਸ ਬੰਨ੍ਹ ਨੂੰ ਹਰ ਹਾਲਤ ’ਚ ਮਜ਼ਬੂਤ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਬੰਨ੍ਹ ਦੇ ਕਮਜ਼ੋਰ ਪੈਣ ਨਾਲ, ਨਾਲ ਲੱਗਦੇ ਚਾਰ ਪਿੰਡ ਖਤਰੇ ’ਚ ਆ ਸਕਦੇ ਹਨ, ਇਸ ਲਈ ਪੂਰੀ ਚੌਕਸੀ ਵਰਤੀ ਜਾਵੇ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਬੰਨ੍ਹ ਦਾ ਜਾਇਜ਼ਾ ਲੈਣ ਮੌਕੇ ਦੱਸਿਆ ਕਿ ਇਸ ਬੰਨ੍ਹ ਦੇ ਸਾਹਮਣੇ ਪੈਂਦੇ ਪਿੰਡ ਟਿਵਾਣਾ ਦੇ ਬੱਚਿਆਂ ਅਤੇ ਮਹਿਲਾਵਾਂ ਨੂੰ ਇਹਤਿਆਤੀ ਤੌਰ ’ਤੇ ਲਾਲੜੂ ਨੇੜੇ ਜਸ਼ਨ ਪੈਲੇਸ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਘੱਗਰ ਦਾ ਤਿੱਖਾ ਮੋੜ ਹੋਣ ਕਾਰਨ ਪਾਣੀ ਦਾ ਵਹਾਅ ਬੰਨ੍ਹ ਨੂੰ ਕੱਟਦਾ ਹੈ, ਜਿਸ ਨੂੰ ਬਚਾਉਣ ਲਈ ਪਿਛਲੇ ਕਈ ਦਿਨਾਂ ਤੋਂ ਸਮੁੱਚਾ ਪ੍ਰਸ਼ਾਸਨ ਲੱਗਿਆ ਹੋਇਆ ਹੈ। 

ਅੱਜ ਪਿੰਡ ਦੇ ਲੋਕਾਂ ਨੇ ਵੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਉੱਥੇ ਪੁੱਜਣ ’ਤੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਬਚਾਅ ਕਾਰਜਾਂ ਲਈ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਡਿਪਟੀ ਕਮਿਸ਼ਨਰ ਦੇ ਨਾਲ ਇਸ ਮੌਕੇ ਏ ਡੀ ਸੀ (ਪੇਂਡੂ ਵਿਕਾਸ) ਅਮਿਤ ਬੈਂਬੀ ਅਤੇ ਐਸ ਡੀ ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਤੇ ਕਾਰਜਕਾਰੀ ਇੰਜੀਨੀਅਰ ਡਰੇਨੇਜ ਰਾਜੀਵ ਗਰੋਵਰ ਵੀ ਮੌਜੂਦ ਸਨ।

ਏ ਡੀ ਸੀ (ਪੇਂਡੂ ਵਿਕਾਸ) ਅਮਿਤ ਬੈਂਬੀ ਨੇ ਦੱਸਿਆ ਕਿ ਬੰਨ੍ਹ ਨੂੰ ਘੱਗਰ ਵੱਲੋਂ ਸਿੱਧੀ ਠੋਕਰ ਮਾਰੇ ਜਾਣ ਕਾਰਨ, ਇਸ ’ਤੇ ਠੀਕਰੀ ਪਹਿਰਾ ਵੀ ਲਗਾਤਾਰ ਚੱਲ ਰਿਹਾ ਹੈ। ਕਾਰਜਕਾਰੀ ਇੰਜੀਨੀਅਰ ਰਾਜੀਵ ਗਰੋਵਰ ਨੇ ਦੱਸਿਆ ਕਿ ਘੱਗਰ ’ਚ ਪਾਣੀ ਦਾ ਪੱਧਰ ਕੁੱਝ ਘਟਣ ਕਾਰਨ ਕੁੱਝ ਕੁ ਰਾਹਤ ਜਿਹੀ ਬਣੀ ਹੈ ਪਰੰਤੂ ਅਗਲੇ ਦੋ ਤਿੰਨ ਦਿਨ ਚੌਕਸੀ ਪੂਰੀ ਰੱਖਣੀ ਪਵੇਗੀ ਕਿਉਂਜੋ ਇਸ ਦੀ ਮਾਰ ਹੇਠ ਆਉਂਦੇ ਚਾਰੋ ਪਿੰਡ ਦਰਿਆ ਦੇ ਬੰਨ੍ਹ ਤੋਂ ਨੀਵੇਂ ਹਨ।