5 Dariya News

ਪ੍ਰਸ਼ਾਸਨ ਵੱਲੋਂ ਸਮੇਂ ਸਿਰ ਕੀਤੀ ਮੱਦਦ ਨੇ ਗੁਲਮੋਹਰ ਐਕਸਟੈਨਸ਼ਨ ’ਚ ਵੱਡਾ ਨੁਕਸਾਨ ਹੋਣ ਤੋਂ ਬਚਾਇਆ

ਕੰਧ ਤੋੜ ਕੇ ਅੰਦਰ ਦਾਖਲ ਹੋਏ ਘੱਗਰ ਦਾ ਪਾਣੀ ਦੇ ਵਹਾਅ ਨੂੰ ਐਨ ਡੀ ਆਰ ਐਫ਼ ਦੀ ਮੱਦਦ ਨਾਲ ਮੋੜਿਆ

5 Dariya News

ਡੇਰਾਬੱਸੀ 09-Jul-2023

ਜ਼ਿਲ੍ਹਾ ਪ੍ਰਸ਼ਾਸਨ ਦੀ ਮੁਸਤੈਦੀ ਨੇ ਡੇਰਾਬੱਸੀ ਦੀ ਸਭ ਤੋਂ ਵੱਡੀ ਰਿਹਾਇਸ਼ੀ ਕਲੋਨੀ ਗੁਲਮੋਹਰ ਸਿਟੀ ਐਕਸਟੈਨਸ਼ਨ ਦੇ ਵਿੱਚ ਘੱਗਰ ਦਾ ਪਾਣੀ ਕੰਧ ਤੋੜ ਕੇ ਦਾਖਲ ਹੋਣ ਬਾਅਦ ਪੈਦਾ ਹੋਈ ਦਹਿਸ਼ਤ ਦੀ ਸਥਿਤੀ ਨੂੰ ਸਮੇਂ ਸਿਰ ਕਾਰਵਾਈ ਕਰਕੇ ਵੱਡੀ ਗਿਣਤੀ ’ਚ ਜਾਨੀ ਨੁਕਸਾਨ ਹੋ ਤੋਂ ਬਚਾਅ ਲਿਆ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਜੋ ਕਿ ਏ ਡੀ ਸੀ (ਸ਼ਹਿਰੀ ਵਿਕਾਸ) ਦਮਨਦੀਪ ਸਿੰਘ ਮਾਨ ਨਾਲ ਮੌਕੇ ’ਤੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਪੁੱਜੇ, ਨੇ ਦੱਸਿਆ ਕਿ ਕਰੀਬ 1000 ਫਲੈਟਸ ਵਾਲੀ ਲੰਬੀ ਇਸ ਰਿਹਾਇਸ਼ੀ ਕਲੋਨੀ ਦਾ ਪਿਛਲਾ ਪਾਸਾ ਘੱਗਰ ਦਰਿਆ ਨਾਲ ਲੱਗਦਾ ਹੈ ਅਤੇ ਭੂਗੋਲਿਕ ਤੌਰ ’ਤੇ ਨੀਵਾਂ ਹੈ। ਅੱਜ ਜਦੋਂ ਘੱਗਰ ’ਚ ਪਾਣੀ ਦਾ ਵਹਾਅ ਵਧ ਗਿਆ ਤਾਂ ਇਹ ਪਾਣੀ ਗੁਲਮੋਹਰ ਸਿਟੀ ਐਸਟੈਨਸ਼ਨ ਦੀ ਕੰਧ ਨੂੰ ਤੋੜਦਾ ਹੋਇਆ ਅੰਦਰ ਦਾਖਲ ਹੋ ਗਿਆ। 

ਨਤੀਜੇ ਵਜੋਂ ਬੇਸਮੈਂਟ ਤਾਂ ਭਰੀਆਂ ਹੀ ਪਰ ਪਹਿਲੀ ਮੰਜ਼ਿਲ ਵੀ ਪਾਣੀ ਦੀ ਮਾਰ ’ਚ ਆ ਗਈ। ਕਰੀਬ 8 ਤੋਂ 10 ਫੁੱਟ ਪਾਣੀ ਦੇ ਪੱਧਰ ਨੇ ਕਲੌਨੀ ਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਅਤੇ ਪ੍ਰਸ਼ਾਸਨ ਨੂੰ ਤੁੁਰੰਤ ਬਚਾਅ ਦੀਆਂ ਕਾਲਾਂ ਧੜਾ-ਧੜ ਆਉਣ ਲੱਗੀਆਂ।ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਤੁਰੰਤ ਪ੍ਰਭਾਵ ਨਾਲ ਏ ਡੀ ਸੀ (ਜ) ਪਰਮਦੀਪ ਸਿੰਘ ਨੂੰ ਐਨ ਡੀ ਆਰ ਐਫ਼ ਦੀ ਟੀਮ ਭੇਜਣ ਲਈ ਆਖਿਆ ਗਿਆ ਅਤੇ ਏ ਡੀ ਸੀ (ਸ਼ਹਿਰੀ ਵਿਕਾਸ) ਦਮਨਦੀਪ ਸਿੰਘ ਮਾਨ ਨੂੰ ਮਿਊਂਸਪਲ ਕੌਂਸਲ ਦੀਆਂ ਟੀਮਾਂ ਰਾਹੀਂ ਜੇ ਸੀ ਬੀ ਅਤੇ ਪਾਣੀ ਦੀ ਨਿਕਾਸੀੀ ਦੇ ਪੰਪਾਂ ਦਾ ਪ੍ਰਬੰਧ ਕਰਵਾ ਕੇ ਮੌਕੇ ’ਤੇ ਭੇਜਣ ਲਈ ਆਖਿਆ ਗਿਆ।

ਡੀ ਸੀ ਆਸ਼ਿਕਾ ਜੈਨ ਅਨੁਸਾਰ ਜੇਕਰ ਇਸ ਬਚਾਅ ਅਪ੍ਰੇਸ਼ਨ ’ਚ ਥੋੜ੍ਹੀ ਦੇਰ ਹੋਰ ਹੋ ਜਾਂਦੀ ਅਤੇ ਕੰਧ ਨੂੰ ਲੱਗੇ ਪਾੜ ਨੂੰ ਮੌਕੇ ’ਤੇ ਨਾ ਸਾਂਭਿਆ ਜਾਂਦਾ ਤਾਂ ਇਸ ਥਾਂ ’ਤੇ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਅੰਦੇਸ਼ਾ ਬਣ ਗਿਆ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਟੀਮ ਵਰਕ ਅਤੇ ਕਲੋਨੀ ਦੇ ਵਸਨੀਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ’ਤੇ ਪ੍ਰਗਟਾਏ ਵਿਸ਼ਵਾਸ਼ ਅਤੇ ਰਾਹਤ ਤੇ ਬਚਾਅ ਕਾਰਜਾਂ ’ਚ ਦਿੱਤੇ ਸਹਿਯੋਗ ਸਦਕਾ ਅੱਜ ਡੇਰਾਬੱਸੀ ’ਚ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋੋ ਗਿਆ।

ਉੁਨ੍ਹਾਂ ਦੱਸਿਆ ਕਿ ਪ੍ਰਭਾਵਿਤ 200 ਤੋਂ 300 ਫਲੈਟਸ ਦੇ ਵਸਨੀਕਾਂ ਨੂੰ ਜਿੱਥੇ ਸਵੇਰ ਦਾ ਨਾਸ਼ਤਾ ਕਿਸ਼ਤੀਆਂ ਰਾਹੀਂ ਪਹੁੰਚਾਇਆ ਗਿਆ ਉੱਥੇ ਉਨ੍ਹਾਂ ਨੂੰ ਉੱਥੋਂ ਸੁਰੱਖਿਅਤ ਕੱਢ ਕੇ ਅਗਲੇ ਪਾਸੇ ਸੁਰੱਖਿਅਤ ਫਲੈਟਸ ’ਚ ਪਹੁੰਚਾਉਣਾ ਵੀ ਵੱਡਾ ਕਾਰਜ ਸੀ ਜੋ ਕਿ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਿਆ ਗਿਆ। ਇਸ ਰਾਹਤ ਕਾਰਨ ਵਿੱਚ ਤਿੰਨ ਕਿਸ਼ਤੀਆਂ ਲਾਈਆਂ ਗਈਆਂ ਸਨ।

ਡੀ ਸੀ ਆਸ਼ਿਕਾ ਜੈਨ ਅਨੁਸਾਰ ਜਿੱਥੇ ਘੱਗਰ ਵੱਲੋਂ ਕਲੋਨੀ ਦੀ ਕੰਧ ’ਚ ਪਾਏ ਪਾੜ ਨੂੰ ਸਫ਼ਲਤਾਪੂਰਵਕ ਬੰਦ ਕਰ ਲਿਆ ਗਿਆ ਉੱਥੇ ਇੱਕ ਹੋਰ ਥਾਂ ਤੋਂ ਕੰਧ ਨੂੰ ਤੋੜ ਕੇ ਗੁਲਮੋਹਰ ਸਿਟੀ ’ਚ ਇਕੱਠੇ ਹੋਏ ਪਾਣੀ ਨੂੰ ਬਾਹਰ ਕੱਢਿਆ ਗਿਆ, ਜਿਸ ਨਾਲ ਪਾਣੀ ਦਾ ਪੱਧਰ ਨੀਵਾਂ ਲਿਆਉਣ ’ਚ ਵੱਡੀ ਸਹਾਇਤਾ ਮਿਲੀ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੀ ਟੀਮ ਵੱਲੋਂ ਪਾਣੀ ਦੀ ਨਿਕਾਸੀ ਲਈ ਚਲਾਏ ਪੰਪ ਵੀ ਪਾਣੀ ਨੂੰ ਕੱਢਣ ਵਿੱਚ ਸਹਾਇਕ ਸਿੱਧ ਹੋਏ।

ਉੁਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਇਸ ਅਪ੍ਰੇਸ਼ਨ ਨੂੰ ਬੜੇ ਚਣੌਤੀ ਪੂਰਣ ਕਾਰਜ ਵਜੋਂ ਲਿਆ ਗਿਆ ਅਤੇ ਅਖੀਰ ਨੂੰ ਪਾਣੀ ਦਾ ਪੱਧਰ ਨਾਰਮਲ ਹੋਣ ਬਾਅਦ ਅਤੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਖਤਮ ਹੋਣ ਬਾਅਦ ਇਸ ਅਪ੍ਰੇਸ਼ਨ ਦੀ ਸੰਪੂਰਨਤਾ ਸਫ਼ਲਤਾਪੂਰਵਕ ਹੋਈ।ਡਿਪਟੀ ਕਮਿਸ਼ਨਰ ਨੇ ਗੁਲਮੋਹਰ ਸਿਟੀ ਐਕਸਟੈਨਸ਼ਨ ’ਚ ਚਲਾਏ ਗਏ ਰਾਹਤ ਅਤੇ ਬਚਾਅ ਕਾਰਜ ’ਚ ਸਹਿਯੋਗ ਦੇਣ ਵਾਲੀਆਂ ਸਾਰੀਆਂ ਟੀਮਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸੰਕਟ ਦੇ ਸਮੇਂ ’ਚ ਆਪਸੀ ਤਾਲਮੇਲ ਸਭ ਤੋਂ ਕਾਮਯਾਬ ਸਿੱਧ ਹੁੰਦਾ ਹੈ।