5 Dariya News

ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਵੀਡਿਓ ਕਾਨਫਰੰਸ ਰਾਹੀਂ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧੀਕਾਰੀਆਂ ਨਾਲ ਐਮਰਜੈਂਸੀ ਮੀਟਿੰਗ ਕੀਤੀ

ਲਗਾਤਾਰ ਤੇਜ਼ ਬਾਰਿਸ਼ ਕਾਰਨ ਜ਼ਿਲ੍ਹੇ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ

5 Dariya News

ਰੂਪਨਗਰ 09-Jul-2023

ਜ਼ਿਲ੍ਹੇ ਵਿੱਚ ਹੋ ਰਹੀ ਤੇਜ ਬਾਰਿਸ਼ ਕਾਰਨ ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਵੀਡਿਓ ਕਾਨਫਰੰਸ ਰਾਹੀਂ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹੇ ਵੱਖ- ਵੱਖ ਵਿਭਾਗਾਂ ਦੇ ਸੀਨੀਅਰ ਅਧੀਕਾਰੀਆਂ ਨਾਲ ਐਮਰਜੈਂਸੀ ਮੀਟਿੰਗ ਬੁਲਾਈ। ਮੀਟਿੰਗ ਦੀ ਅਗਵਾਈ ਕਰਦਿਆਂ ਸਿੱਖਿਆ ਮੰਤਰੀ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸਥਿਤੀ ਦੀ ਸਮੀਖਿਆ ਕੀਤੀ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੀਟਿੰਗ ਵੱਖ-ਵੱਖ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਤੇਜ ਵਰਖਾਂ ਨੂੰ ਦੇਖਦੇ ਹੋਏ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਕਿਸੇ ਵੀ ਅਧਿਕਾਰੀ ਨੂੰ ਸਟੇਸ਼ਨ ਛੱਡਣ ਦੀ ਪ੍ਰਵਾਨਗੀ ਨਹੀਂ ਹੈ। ਜੇਕਰ ਕੋਈ ਅਧਿਕਾਰੀ ਮੌਕੇ ਉਤੇ ਗੈਰਹਾਜ਼ਰ ਜਾਂ ਅਣਗਿਹਲੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਪਿਛਲੇ ਸਮੇਂ ਦੌਰਾਨ ਪ੍ਰਭਾਵਿਤ ਪਿੰਡਾਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ ਹੈ ਅਤੇ ਬੀ.ਬੀ.ਐੱਮ.ਬੀ ਨੂੰ ਪਾਣੀ ਛੱਡਣ ਬਾਰੇ ਸੂਚਨਾ ਬਿਨਾਂ ਕਿਸੇ ਦੇਰੀ ਨਾਲ ਸਾਂਝੀ ਕਰਨ ਲਈ ਕਿਹਾ। ਲੋਕ ਨਿਰਮਾਣ ਵਿਭਾਗ ਨੂੰ ਸੜਕਾਂ ਤੇ ਪੁਲਾਂ ਦੀ ਨਿਰੰਤਰ ਚੈਕਿੰਗ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਐਸ.ਡੀ.ਓ ਨੂੰ ਆਖਿਆ ਕਿ ਰੇਤੇ ਦੇ ਥੈਲੇ ਵੱਖ-ਵੱਖ ਥਾਵਾਂ ਤੇ ਭੇਜੇ ਜਾ ਰਹੇ ਹਨ ਜੇਕਰ ਕੋਈ ਪਾਣੀ ਦਾ ਚੋਇਆ ਜਾਂ ਨਦੀ ਨਹਿਰ ਟੁੱਟਦੀ ਹੈ ਤਾਂ ਤੁਰੰਤ ਉਸਨੂੰ ਬਨ ਲਾ ਕੇ ਕਵਰ ਕੀਤਾ ਜਾ ਸਕੇ।

ਉਨ੍ਹਾਂ ਰੇਲਵੇ ਵਿਭਾਗ ਨੂੰ ਅਲਰਟ ਜਾਰੀ ਕਰਦੇ ਹੋਏ ਰੇਲਵੇ ਟਰੈਕ ਚੈਕ ਕਰਨ ਦੇ ਹੁਕਮ ਜਾਰੀ ਕੀਤੇ ਅਤੇ ਮੌਜੂਦਾ ਸਮੇਂ ਸੇਵਾਵਾਂ ਬੰਦ ਕਰਨ ਲਈ ਆਦੇਸ਼ ਦਿੱਤੇ ਹਨ। ਡੀ.ਐਫ਼.ਐਸ ਸੀ ਨੂੰ ਫੂਡ ਪੈਕੇਟ ਦਾ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਹੈ ਜਿਨ੍ਹਾਂ ਨੂੰ ਲੋੜ ਪੈਣ ਉਤੇ ਪ੍ਰਭਾਵਿਤ ਇਲਾਕਿਆਂ ਵਿਖੇ ਭੇਜਿਆ ਜਾ ਸਕੇ।

ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਵਾਸੀਆਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਜਿੱਥੇ ਵੀ ਵੱਡੀ ਪੱਧਰ ਉੱਤੇ ਕੋਈ ਜਿਆਦਾ ਪਾਣੀ ਆਉਂਦਾ ਹੈ ਤਾਂ ਸਥਿਤੀ ਨੂੰ ਕਾਬੂ ਵਿਚ ਕਰਨ ਲਈ ਪ੍ਰਬੰਧ ਕੀਤੇ ਗਏ ਹਨ ਅਤੇ ਕਿਹਾ ਕਿ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਐਨ.ਡੀ.ਆਰ.ਆਫ ਅਤੇ ਐਸ.ਡੀ.ਐਫ਼ ਦੀਆਂ ਟੀਮਾਂ ਜਲਦ ਪਹੁੰਚ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਐਮਰਜੈਂਸੀ ਵਾਲੇ ਇਲਾਕਿਆਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਪੁਲਿਸ ਵਲੋਂ ਇਲਾਕਿਆਂ ਦਾ ਜ਼ਾਇਜਾ ਲੈਣ ਲਈ ਲਗਾਤਾਰ ਗਸ਼ਤ ਕੀਤੀ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਅਨੁਸਾਰ ਅੱਜ ਤੇ ਕੱਲ੍ਹ ਭਾਰੀ ਵਰਖਾ ਦੱਸੀ ਗਈ ਹੈ ਇਸ ਲਈ ਜ਼ਿਲ੍ਹਾ ਵਾਸੀਆਂ ਨੂੰ ਸੂਚਿਤ ਕੀਤਾ ਕਿ ਵਰਖਾ ਦੌਰਾਨ ਲੋੜ ਪੈਣ ਉਤੇ ਹੈਲਪ ਲਾਈਨ ਨੰਬਰ 112 ਉਤੇ ਸੰਪਰਕ ਕੀਤਾ ਜਾਵੇ।  

ਉਨ੍ਹਾਂ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹੇ ਦੇ ਸਕੂਲਾਂ ਨੂੰ ਬੰਦ ਰੱਖਣ ਦੀ ਹਦਾਇਤ ਕੀਤੀ ਅਤੇ ਉਨ੍ਹਾਂ ਕਿਹਾ 16 ਰੈਪਿਡ ਰਿਸਪੋਂਸ ਟੀਮਾਂ ਬਣਾਈਆਂ ਗਈ ਹਨ। ਉਨ੍ਹਾਂ ਸਿਹਤ ਵਿਭਾਗ ਨੂੰ ਹਰ ਖੇਤਰ ਵਿਚ ਮੈਡੀਕਲ ਟੀਮਾਂ ਅਤੇ ਕਿੱਟਾਂ ਦੇ ਵੇਰਵੇ ਸਾਂਝਾ ਕਰਨ ਲਈ ਕਿਹਾ ਤਾਂ ਜੋ ਲੋੜ ਪੈਣ ਉਤੇ ਦਵਾਈਆਂ ਦਾ ਪ੍ਰਬੰਧ ਕੀਤਾ ਜਾ ਸਕੇ।

ਇਸ ਮੌਕੇ ਐਸ ਐਸ ਪੀ ਸ਼੍ਰੀ ਵਿਵੇਕਸ਼ੀਲ ਸੋਨੀ, ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ, ਮੁੱਖ ਮੰਤਰੀ ਫੀਲਡ ਅਫ਼ਸਰ ਅਨਮਜੋਤ ਕੌਰ,ਐਸ ਡੀ ਐੱਮ ਹਰਬੰਸ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੀਨੀਅਰ ਅਧਿਕਾਰੀ ਮੌਜੂਦ ਸਨ।