5 Dariya News

ਸਰਕਾਰੀ ਸਿਹਤ ਸੰਸਥਾਵਾਂ ਵਿਚ ਮਨਾਇਆ ਗਿਆ ਵਿਸ਼ਵ ਜ਼ੂਨੋਸਿਸ ਦਿਵਸ

ਜਾਨਵਰਾਂ ਨਾਲ ਲਾਡ ਕਰਦੇ ਸਮੇਂ ਸਾਵਧਾਨੀ ਵਰਤੋ : ਸਿਵਲ ਸਰਜਨ

5 Dariya News

ਸਾਹਿਬਜ਼ਾਦਾ ਅਜੀਤ ਸਿੰਘ ਨਗਰ 06-Jul-2023

ਜ਼ਿਲ੍ਹਾ ਐਸ.ਏ.ਐਸ. ਨਗਰ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਅੱਜ ਵਿਸ਼ਵ ਜ਼ੂਨੋਸਿਸ ਰੋਕਥਾਮ (ਜਾਨਵਰਾਂ ਤੋਂ ਪੈਦਾ ਹੋਣ ਵਾਲੇ ਰੋਗ) ਦਿਵਸ ਮਨਾਇਆ ਗਿਆ। ਸਿਵਲ ਸਰਜਨ ਡਾ. ਮਹੇਸ਼ ਕੁਮਾਰ ਨੇ ਪ੍ਰੈਸ ਨੋਟ ਰਾਹੀਂ ਦਸਿਆ ਕਿ ਹਰ ਸਾਲ 6 ਜੁਲਾਈ ਨੂੰ ਵਿਸ਼ਵ ਜ਼ੂਨੋਸਿਸ ਰੋਕਥਾਮ ਦਿਵਸ ਮਨਾਇਆ ਜਾਂਦਾ ਹੈ। 

ਇਹ ਦਿਨ ਮਨਾਉਣ ਦਾ ਮਕਸਦ ਜਾਨਵਰਾਂ ਤੋਂ ਪੈਦਾ ਹੋਣ ਵਾਲੇ ਰੋਗਾਂ ਦੇ ਕਾਰਨਾਂ, ਲੱਛਣਾਂ, ਬਚਾਅ ਅਤੇ ਇਲਾਜ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਜ਼ੂਨੋਸਿਸ ਜਾਨਵਰਾਂ ਤੋਂ ਮਨੁੱਖਾਂ ਵਿਚ ਜਾਣ ਵਾਲੀ ਬੀਮਾਰੀ ਹੈ ਜਿਸ ਦੀਆਂ ਪ੍ਰਮੁੱਖ ਮਿਸਾਲਾਂ ਕੋਵਿਡ-19, ਬਰਡ ਫ਼ਲੂ, ਪਲੇਗ, ਰੇਬੀਜ਼, ਇਬੋਲਾ ਆਦਿ ਹਨ। 

ਉਨ੍ਹਾਂ ਕਿਹਾ ਕਿ ਕਈ ਲੋਕ ਘਰਾਂ ਵਿਚ ਜਾਨਵਰ ਖ਼ਾਸਕਰ ਕੁੱਤੇ ਅਤੇ ਬਿੱਲੀਆਂ ਪਾਲਦੇ ਹਨ ਅਤੇ ਉਨ੍ਹਾਂ ਨਾਲ ਅਕਸਰ ਲਾਡ-ਪਿਆਰ ਕਰਦੇ ਰਹਿੰਦੇ ਹਨ। ਪਰ ਅਜਿਹਾ ਕਰਦੇ ਸਮੇਂ ਸਾਵਧਾਨੀ ਬਹੁਤ ਜ਼ਰੂਰੀ ਹੈ। ਘਰਾਂ ਵਿਚ ਰੱਖੇ ਜਾਣਵਾਲੇ ਜਾਨਵਰਾਂ ਦੀ ਲਗਾਤਾਰ ਜਾਂਚ ਅਤੇ ਟੀਕਾਕਰਨ ਵੀ ਕਰਵਾਇਆ ਜਾਣਾ ਚਾਹੀਦਾ ਹੈ ਕਿਉਂਕਿ ਅਜਿਹਾ ਨਾ ਕਰਨ ਦੀ ਹਾਲਤ ਵਿਚ ਮਨੁੱਖ ਖ਼ਤਰਨਾਕ ਬੀਮਾਰੀਆਂ ਦੀ ਲਪੇਟ ਵਿਚ ਆ ਸਕਦਾ ਹੈ। 

ਉਨ੍ਹਾਂ ਕਿਹਾ ਕਿ ਜ਼ੂਨੋਟਿਕ ਰੋਗ ਹਵਾ, ਪਾਣੀ, ਭੋਜਨ ਕਿਸੇ ਵੀ ਜ਼ਰੀਏ ਲੱਗ ਸਕਦਾ ਹੈ। ਇਸ ਲਈ ਪਾਲਤੂ ਜਾਨਵਰਾਂ ਨਾਲ ਮੇਲ-ਮਿਲਾਪ ਸਮੇਂ ਚੌਕਸ ਰਹਿਣ ਦੀ ਲੋੜ ਹੁੰਦੀ ਹੈ ਕਿਉਂਕਿ ਪਸ਼ੂਆਂ ਨਾਲ ਬਹੁਤੀ ਨੇੜਤਾ ਖ਼ਤਰਨਾਕ ਹੋ ਸਕਦੀ ਹੈ। ਸਿਵਲ ਸਰਜਨ ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਮੁਤਾਬਕ ਹਰ ਸਾਲ ਲੱਖਾਂ ਮੌਤਾਂ ਜ਼ੂਨੋਸਿਸ ਕਾਰਨ ਹੁੰਦੀਆਂ ਹਨ ਅਤੇ 60 ਫ਼ੀਸਦੀ ਉਭਰਦੀਆਂ ਬੀਮਾਰੀਆਂ ਜ਼ੂਨੋਟਿਕ ਰੋਗ ਹਨ।