5 Dariya News

ਲੋਕ ਸਭਾ ਹਲਕੇ ਦੇ ਸਰਬਪੱਖੀ ਵਿਕਾਸ ਦੇ ਵਾਅਦੇ ਨੂੰ ਪੂਰਾ ਕਰਦਿਆਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੱਖ-ਵੱਖ ਪਿੰਡਾਂ ਨੂੰ 37 ਲੱਖ ਰੁਪਏ ਦੇ ਚੈੱਕ ਵੰਡੇ

5 Dariya News

ਨਵਾਂਸ਼ਹਿਰ 02-Jul-2023

ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਲੋਕ ਸਭਾ ਹਲਕੇ ਦੇ ਸਰਬਪੱਖੀ ਵਿਕਾਸ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਪਿੰਡ ਛੋਕਰਾਂ ਅਤੇ ਭੰਗਲ ਕਲਾਂ ਵਿਖੇ ਕਰਵਾਏ ਸਮਾਗਮਾਂ ਦੌਰਾਨ ਸਥਨਕ ਲੋਕਾਂ ਨੂੰ ਕਰੀਬ 37 ਲੱਖ ਰੁਪਏ ਦੇ ਚੈੱਕ ਵੰਡੇ। ਇਸ ਮੌਕੇ ਆਯੋਜਿਤ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ ਲੋਕਾਂ ਦੀ ਮੰਗ ਦੇ ਆਧਾਰ 'ਤੇ ਵਿਕਾਸ ਲਈ ਗ੍ਰਾਂਟਾਂ ਜਾਰੀ ਕਰਕੇ ਆਪਣਾ ਵਾਅਦਾ ਪੂਰਾ ਕੀਤਾ ਹੈ।  

ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ ਅਤੇ ਵਿਕਾਸ ਦੀ ਦਿਸ਼ਾ ਵਿੱਚ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।  ਉਨ੍ਹਾਂ ਕਿਹਾ ਕਿ ਵਿਕਾਸ ਲਈ ਚੰਗੀ ਸੋਚ ਜ਼ਰੂਰੀ ਹੈ, ਫੰਡਾਂ ਦਾ ਪ੍ਰਬੰਧ ਆਪਣੇ ਆਪ ਹੋ ਜਾਂਦਾ ਹੈ। ਉਨ੍ਹਾਂ ਵੱਖ-ਵੱਖ ਪਿੰਡਾਂ ਸੋਇਤਾ, ਛੋਕਰਾਂ, ਭੰਗਲ ਕਲਾਂ, ਭੌਰਾ, ਮੰਗੂਵਾਲ, ਜਾਡਲਾ, ਬੜਵਾ, ਨੰਗਲ ਛਾਂਗਾ, ਚਾਰਨ, ਮਹਿਰਮਪੁਰ, ਬੁਰਜ ਟਹਿਲ ਦਾਸ, ਫਾਂਬੜਾ ਅਤੇ ਦੁਸਹਿਰਾ ਗਰਾਊਂਡ ਘੱਕੇਵਾਲ ਰੋਡ, ਰਾਹੋਂ ਲਈ ਵਿਕਾਸ ਕਾਰਜਾਂ ਦੇ ਚੈੱਕ ਵੰਡੇ।

ਇਸ ਦੌਰਾਨ ਉਹ ਝੂਠੇ ਵਾਅਦੇ ਕਰਕੇ ਸੱਤਾ 'ਚ ਆਈ ਆਮ ਆਦਮੀ ਪਾਰਟੀ 'ਤੇ ਵਰ੍ਹੇ, ਜੋ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਸਮੇਤ ਲੋਕਾਂ ਨਾਲ ਕੀਤੇ ਹੋਰ ਵਾਅਦਿਆਂ ਨੂੰ ਪੂਰਾ ਕਰਨ 'ਚ ਨਾਕਾਮ ਰਹੀ ਹੈ | 2024 ਦੀਆਂ ਲੋਕ ਸਭਾ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਚੋਣ ਦੇਸ਼ ਨੂੰ ਬਚਾਉਣ ਲਈ ਹਨ। 

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ 2005 ਵਿੱਚ ਮਨਰੇਗਾ ਸਕੀਮ ਲਿਆਂਦੀ ਸੀ ਤਾਂ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਇਸਦਾ ਵਿਰੋਧ ਕਰਦੀਆਂ ਸਨ।  ਪਾਰਟੀ ਨੇ ਫੈਸਲਾ ਕੀਤਾ ਹੈ ਕਿ ਕੇਂਦਰ ਵਿੱਚ ਉਨ੍ਹਾਂ ਦੀ ਸਰਕਾਰ ਬਣਨ ਨਾਲ ਮਨਰੇਗਾ ਤਹਿਤ ਰੁਜ਼ਗਾਰ ਦੀ ਗਰੰਟੀ 100 ਤੋਂ ਵਧਾ ਕੇ 365 ਦਿਨ ਕੀਤੀ ਜਾਵੇਗੀ ਅਤੇ ਦਿਹਾੜੀ ਵੀ ਦੁੱਗਣੀ ਕੀਤੀ ਜਾਵੇਗੀ। 

ਇਸ ਮੌਕੇ ਹੋਰਨਾਂ ਤੋਂ ਇਲਾਵਾ, ਸਾਬਕਾ ਵਿਧਾਇਕ ਅੰਗਦ ਸਿੰਘ, ਮਾਸਟਰ ਭੂਪਿੰਦਰ ਸਿੰਘ, ਸਰਪੰਚ ਅਜੀਤ ਸਿੰਘ, ਸਰਬਜੀਤ ਸਿੰਘ ਛੋਕਰਾਂ, ਜਸਵੰਤ ਕੌਰ ਮਹਿਰਮਪੁਰ, ਸੰਤੋਸ਼ ਕੌਰ ਛੋਕਰਾਂ, ਰਾਣਾ ਕੁਲਦੀਪ ਜਨਰਲ ਸਕੱਤਰ ਪੰਜਾਬ ਕਾਂਗਰਸ, ਸਰਪੰਚ ਸੰਦੀਪ ਸਿੰਘ, ਲਖਬੀਰ ਸਿੰਘ ਫਾਂਬੜਾ, ਰਣਜੀਤ ਸਿੰਘ ਭੌਰਾ, ਕੇਵਲ ਸਿੰਘ ਮੰਗੂਵਾਲ, ਗੁਰਮੇਲ ਸਿੰਘ ਸਰਪੰਚ ਬਡਵਾ, ਸਰਪੰਚ ਸੁਰਿੰਦਰ ਕੌਰ ਬੁਰਜ ਟਹਿਲ ਦਾਸ, ਦਿਲਬਾਗ ਸਿੰਘ ਸਰਪੰਚ, ਰਣਜੀਤ ਰਾਣਾ ਸਰਪੰਚ, ਰਜਿੰਦਰ ਸਿੰਘ ਸਰਪੰਚ ਆਦਿ ਹਾਜ਼ਰ ਸਨ |