ਸਿਹਤਮੰਦ ਅਤੇ ਖੁਸ਼ਹਾਲ ਰਹਿਣ ਲਈ ਰੋਜ਼ਾਨਾ ਯੋਗ ਅਭਿਆਸ ਕਰੋ - ਡਿਪਟੀ ਕਮਿਸ਼ਨਰ ਅਮਿਤ ਤਲਵਾੜ
ਯੋਗ ਨਾਲ ਜੋੜਨ ਲਈ ਜਿਲ੍ਹਾ ਵਾਸੀ ਸੀ ਐਮ ਯੋਗਸ਼ਾਲਾ ਦੀ ਮਦਦ ਲੈਣ
5 Dariya News
ਅੰਮ੍ਰਿਤਸਰ 21-Jun-2023
ਆਯੂਸ਼ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪ੍ਰਸ਼ਾਸ਼ਨ ਅੰਮ੍ਰਿਤਸਰ ਦੀ ਅਗਵਾਈ ਹੇਠ ਜਿਲ੍ਹਾ ਆਯੂਰਵੈਦਿਕ ਵਿਭਾਗ ਅਤੇ ਭਾਰਤੀ ਯੋਗ ਸੰਸਥਾ ਵਲੋਂ ਕੰਪਨੀ ਬਾਗ ਵਿਖੇ ਨੌਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਇਸ ਯੋਗ ਦਿਵਸ ਦੀ ਅਗਵਾਈ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵਲੋਂ ਕੀਤੀ ਗਈ।
ਯੋਗ ਦਿਵਸ ਮੌਕੇ 1000 ਤੋਂ ਵੱਧ ਦੇ ਕਰੀਬ ਸ਼ਹਿਰੀਆਂ ਨੇ ਇਕੱਠੇ ਯੋਗ ਅਭਿਆਸ ਕੀਤਾ। ਇਸ ਸੈਸ਼ਨ ਵਿੱਚ ਸਰੀਰ ਨੂੰ ਚੁਸਤ ਅਤੇ ਤੰਦਰੁਸਤ ਰੱਖਣ ਲਈ ਕਈ ਆਸਨ ਜਿਵੇਂ ਤਾੜ ਆਸਨ, ਵਰਿਕਸ਼ ਆਸਨ, ਅਰਧ ਚੱਕਰ ਆਸਨ, ਵਕਰ ਆਸਨ, ਵਜਰ ਆਸਨ, ਊਸ਼ਟਰ ਆਸਨ, ਪਵਨ ਮੁਕਤ ਆਸਨ ਆਦਿ ਕਈ ਆਸਨ ਕਰਵਾਉਣ ਉਪਰੰਤ ਪ੍ਰਾਣਾਯਾਮ ਅਤੇ ਧਿਆਨ ਕਰਵਾਇਆ ਗਿਆ।
ਡਿਪਟੀ ਕਮਿਸ਼ਨਰ ਸ੍ਰੀ ਤਲਵਾੜ ਬਤੌਰ ਮੁੱਖ ਮਹਿਮਾਨ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਵਿਸੇਸ਼ ਮਹਿਮਾਨ ਵਜੋਂ ਸ਼ਾਮਲ ਹੋਏ, ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਨੂੰ ਸਿਹਤਮੰਦ ਅਤੇ ਖੁਸ਼ਹਾਲ ਬਣਾਉਣ ਲਈ ਰੋਜ਼ਾਨਾ ਯੋਗ ਅਭਿਆਸ ਕਰਨੇ ਚਾਹੀਦੇ ਹਨ ਤਾਂ ਜੋ ਤੰਦਰੁਸਤ ਸਰੀਰ ਅਤੇ ਮੰਨ ਨਾਲ ਜੀਵਨ ਬਤੀਤ ਕੀਤਾ ਜਾ ਸਕੇ।
ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਸੀ ਐਮ ਯੋਗਸ਼ਾਲਾ ਦੀ ਸ਼ੁਰੂਆਤ ਜਿਲ੍ਹੇ ਵਿੱਚ ਕੀਤੀ ਗਈ ਹੈ ਜਿਸ ਤਹਿਤ 37 ਥਾਵਾਂ ’ਤੇ ਮੁਫ਼ਤ ਵਿੱਚ ਯੋਗਾ ਦੀ ਸਿਖਲਾਈ ਮਾਹਰਾਂ ਵਲੋਂ ਦਿੱਤੀ ਜਾ ਰਹੀ ਹੈ ਅਤੇ ਅਸੀਂ ਸ਼ਹਿਰਵਾਸੀਆਂ ਦੇ ਸਹਿਯੋਗ ਨਾਲ ਛੇਤੀ ਹੀ 100 ਸਥਾਨਾਂ ’ਤੇ ਇਹ ਸਿਖਲਾਈ ਦੇਵਾਂਗੇ। ਉਨਾਂ ਕਿਹਾ ਕਿ ਜੋ ਵੀ ਵਿਅਕਤੀ ਯੋਗ ਸਿਖਣਾ ਚਾਹੁੰਦਾ ਹੈ ਉਹ ਜਿਲ੍ਹਾ ਆਯੂਸ਼ ਅਫ਼ਸਰ ਨਾਲ ਸੰਪਰਕ ਕਰ ਸਕਦਾ ਹੈ।
ਉਨਾਂ ਕਿਹਾ ਕਿ ਯੋਗਾ ਸਾਡੀ ਵਿਰਾਸਤ ਦਾ ਹਿੱਸਾ ਹੈ ਅਤੇ ਅਜੋਕੇ ਜੀਵਨ ਜਾਂਚ ਦੌਰਾਨ ਜਦੋਂ ਕਿ ਸਰੀਰਿਕ ਕੰਮ ਘੱਟ ਗਏ ਹਨ ਇਸ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਸ੍ਰੀ ਤਲਵਾੜ ਨੇ ਕਿਹਾ ਕਿ ਯੋਗਾ ਇਕ ਸੰਪੂਰਨ ਕਸਰਤ ਹੈ ਜੋ ਕਿ ਸਰੀਰ ਅਤੇ ਆਤਮਾ ਦੇ ਸੰਤੁਲਨ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੈ।
ਦੋਵਾਂ ਅਧਿਕਾਰੀਆਂ ਸਾਰੇ ਯੋਗਾ ਸੈਸ਼ਨ ਦੌਰਾਨ ਖੁਦ ਵੀ ਯੋਗ ਆਸਣ ਕੀਤੇ। ਇਸ ਮੌਕੇ ਭਾਰਤੀ ਯੋਗ ਸੰਸਥਾ ਦੇ ਪ੍ਰਤੀਨਿਧੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।