ਪੰਜਾਬ ਸਰਕਾਰ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਕੇ ਖੇਡ ਸੱਭਿਆਚਾਰ ਨੂੰ ਕਰੇਗੀ ਸੁਰਜੀਤ : ਅਜੇ ਸਿੰਘ ਲਿਬੜਾ
ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਜੇ ਸਿੰਘ ਲਿਬੜਾ ਨੇ ਪਿੰਡ ਅੰਨੀਆਂ ਵਿਖੇ ਕਰਵਾਏ ਕ੍ਰਿਕਟ ਟੂਰਨਾਮੈਂਟ ਦੇ ਜੇਤੂਆਂ ਨੂੰ ਵੰਡੇ ਇਨਾਮ
5 Dariya News
ਫ਼ਤਹਿਗੜ੍ਹ ਸਾਹਿਬ 20-Jun-2023
ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਸੰਜੀਦਗੀ ਨਾਲ ਕਦਮ ਚੁੱਕ ਰਹੀ ਹੈ ਅਤੇ ਸਰਕਾਰ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਕੇ ਮੁੜ ਤੋਂ ਖੇਡ ਸੱਭਿਆਚਾਰ ਨੂੰ ਸੁਰਜੀਤ ਕਰੇਗੀ ਤਾਂ ਜੋ ਪੰਜਾਬ ਇੱਕ ਵਾਰ ਮੁੜ ਤੋਂ ਹੱਸਦਾ, ਵੱਸਦਾ ਤੇ ਖੇਡਦਾ ਪੰਜਾਬ ਬਣ ਸਕੇ।
ਇਹ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਅਜੇ ਸਿੰਘ ਲਿਬੜਾ ਨੇ ਪਿੰਡ ਅੰਨੀਆਂ ਵਿਖੇ ਕਰਵਾਏ ਕ੍ਰਿਕਟ ਟੂਰਨਾਮੈਂਟ ਵਿੱਚ ਜੇਤੂਆਂ ਨੂੰ ਇਨਾਮ ਵੰਡਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਉਤਸਾਹਤ ਕਰਨ ਵਾਸਤੇ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ ਜਿਨ੍ਹਾਂ ਵਿੱਚ ਵੱਡੀ ਗਿਣਤੀ ਖਿਡਾਰੀਆਂ ਨੇ ਭਾਗ ਲਿਆ।
ਇਨ੍ਹਾਂ ਖੇਡਾਂ ਦੀ ਸਫਲਤਾ ਨੇ ਸਰਕਾਰ ਦੇ ਫੈਸਲਿਆਂ ਤੇ ਮੋਹਰ ਲਗਾਈ ਹੈ ਅਤੇ ਨੌਜਵਾਨਾਂ ਨੂੰ ਮੁੜ ਤੋਂ ਖੇਡ ਮੈਦਾਨਾਂ ਵਿੱਚ ਵਾਪਸ ਲਿਆਂਦਾ ਹੈ। ਸ. ਲਿਬੜਾ ਨੇ ਕਿਹਾ ਕਿ ਖੇਡਾਂ ਸਾਡੇ ਪੰਜਾਬੀਆਂ ਦੀ ਜਿੰਦ ਜਾਨ ਹਨ ਅਤੇ ਪੰਜਾਬੀ ਮੁੱਢ ਤੋਂ ਹੀ ਖੇਡਾਂ ਨਾਲ ਜੁੜ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ।
ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਸੱਦਾ ਦਿੱਤਾ ਕਿ ਸੂਬੇ ਨੂੰ ਮੁੜ ਤੋਂ ਖੁਸ਼ਹਾਲ ਬਣਾਉਣ ਲਈ ਵੱਧ ਤੋਂ ਵੱਧ ਖੇਡਾਂ ਨਾਲ ਜੁੜ ਕੇ ਸਮਾਜਿਕ ਲਾਹਣਤਾਂ ਦਾ ਖਾਤਮਾ ਕਰਨ ਲਈ ਅੱਗੇ ਆਉਣ ਤਾਂ ਜੋ ਸਮਾਜ ਵਿੱਚੋਂ ਲਾਹਣਤਾਂ ਦਾ ਖਾਤਮਾ ਕਰਕੇ ਸਿਹਤਮੰਦ ਪੰਜਾਬ ਦੀ ਸਿਰਜਣਾ ਵਿੱਚ ਯੋਗਦਾਨ ਪਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਜੇਤੂ ਟੀਮਾਂ ਨੂੰ ਇਨਾਮ ਵੀ ਵੰਡੇ।
ਵਰਨਣਯੋਗ ਹੈ ਕਿ ਇਸ ਕ੍ਰਿਕਟ ਟੂਰਨਾਮੈਂਟ ਵਿੱਚ ਇਸਮਾਇਲਪੁਰ ਦੀ ਟੀਮ ਪਹਿਲੇ ਅਤੇ ਸਲਾਣੇ ਦੀ ਟੀਮ ਦੂਜੇ ਨੰਬਰ ਤੇ ਰਹੀ। ਟੂਰਨਾਮੈਂਟ ਦੇ ਮੁਖੀ ਇਕਬਾਲ ਸਿੰਘ ਰਾਏ ਨੇ ਜੇਤੂ ਟੀਮਾਂ ਨੂੰ 31 ਹਜ਼ਾਰ ਤੇ 21 ਹਜ਼ਾਰ ਰੁਪਏ ਦਾ ਨਗਦ ਇਨਾਮ ਅਤੇ ਟਰਾਫੀਆਂ ਵੀ ਦਿੱਤੀਆਂ। ਇਸ ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਚਾਂਦੀ ਦੀਆਂ ਚੈਨਾਂ ਅਤੇ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਨਵਦੀਪ ਸਿੰਘ ਨਵੀ,ਰਾਜਵੰਤ ਸਿੰਘ ਰਾਜੂ,ਲਾਡੀ ਸ਼ਰਮਾ, ਸਾਹਿਲ,ਯਾਦਵਿੰਦਰ ਯਾਦੂ,ਕੁਲਵਿੰਦਰ ਸਿੰਘ ਰਿੰਗ ਸਿਉਣ,ਸਰਪੰਚ ਸਮਸ਼ੇਰ ਸਿੰਘ,ਗੁਰਮੀਤ ਸਿੰਘ,ਜੋਨੀ ਸ਼ਰਮਾ,ਗੁਰਦੀਪ ਸਿੰਘ,ਜਗਦੀਪ ਸਿੰਘ,ਭਵਨਦੀਪ ਸਿੰਘ,ਜੋਨੀ,ਕੁਲਬੀਰ ਸਿੰਘ ਆਦਿ ਹਾਜਰ ਸਨ।